ਸਬ-ਡਵੀਜ਼ਨ ਨਵਾਂਸ਼ਹਿਰ ਦੇ 7045 ਬਿਜਲੀ ਖਪਤਕਾਰਾਂ ਦੇ ਪਿਛਲੇ ਬਕਾਏ ਹੋਣਗੇ ਮੁਆਫ਼-ਵਿਧਾਇਕ ਅੰਗਦ ਸਿੰਘ

ਸਲੋਹ ਵਿਖੇ 2 ਕਿਲੋਵਾਟ ਤੱਕ ਦੀ ਬਕਾਇਆ ਰਾਸ਼ੀ ਮੁਆਫ਼ ਕਰਨ ਸਬੰਧੀ ਵਿਸ਼ੇਸ਼ ਸੁਵਿਧਾ ਕੈਂਪ 
ਨਵਾਂਸ਼ਹਿਰ, 27 ਅਕਤੂਬਰ :- ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਵੱਲੋਂ 2 ਕਿਲੋਵਾਟ ਲੋਡ ਵਾਲੇ ਸਾਰੇ ਘਰੇਲੂ ਬਿਜਲੀ ਖਪਤਕਾਰਾਂ ਦੇ ਪਿਛਲੇ ਸਮੁੱਚੇ ਬਕਾਏ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਤਹਿਤ ਸਬ-ਡਵੀਜ਼ਨ ਨਵਾਂਸ਼ਹਿਰ ਵਿਚ 7045 ਲਾਭਪਾਤਰੀਆਂ ਦੇ ਪਿਛਲੇ ਬਕਾਏ ਮੁਆਫ਼ ਹੋਣਗੇ। ਇਹ ਪ੍ਰਗਟਾਵਾ ਅੱਜ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਨੇ ਸਲੋਹ ਵਿਖੇ 2 ਕਿਲੋਵਾਟ ਤੱਕ ਦੇ ਘਰੇਲੂ ਖਪਤਕਾਰਾਂ ਦੀ ਬਕਾਇਆ ਰਾਸ਼ੀ ਮੁਆਫ਼ ਕਰਨ ਲਈ ਲਗਾਏ ਗਏ ਵਿਸ਼ੇਸ਼ ਸੁਵਿਧਾ ਕੈਂਪ ਦੌਰਾਨ ਕੀਤਾ। ਇਸ ਮੌਕੇ ਪਿੰਡ ਸਲੋਹ ਦੇ 163 ਖਪਤਕਾਰਾਂ 200769 ਅਤੇ ਪਿੰਡ ਪੁਨੂੰਮਜਾਰਾ ਦੇ 60 ਖਪਤਕਾਰਾਂ ਦੇ 47075 ਰੁਪਏ ਦੇ ਪਿਛਲੇ ਸਾਰੇ ਬਕਾਏ ਮੁਆਫ਼ ਕੀਤੇ ਗਏ। ਵਿਧਾਇਕ ਅੰਗਦ ਸਿੰਘ ਨੇ ਇਸ ਮੌਕੇ ਕਿਹਾ ਕਿ ਬਿੱਲਾਂ ਦੀ ਅਦਾਇਗੀ ਨਾ ਕਰਨ ਕਰਕੇ ਜਿਨਾਂ ਲੋਕਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਸਨ, ਉਨਾਂ ਦੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਜੋ ਇਹ ਗ਼ਰੀਬ ਪੱਖੀ ਫ਼ੈਸਲਾ ਲਿਆ ਸੀ, ਉਸ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜਿਹੇ ਡਿਫਾਲਟਰ ਖਪਤਕਾਰਾਂ ਦੇ ਬਕਾਏ ਦੀ ਅਦਾਇਗੀ ਖ਼ੁਦ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਪੰਜਾਬ ਭਰ ਵਿਚ ਅਜਿਹੇ ਖਪਤਕਾਰਾਂ ਦਾ 11 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਮੁਆਫ਼ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਸਬੰਧੀ ਲੋਕਾਂ ਦੀ ਸਹੂਲਤ ਲਈ ਸਬ-ਡਵੀਜ਼ਨ ਨਵਾਂਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਰੋਜ਼ਾਨਾ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ, ਜਿਸ ਦੌਰਾਨ ਲਾਭਪਾਤਰੀਆਂ ਦੇ ਫਾਰਮ ਭਰ ਕੇ ਉਨਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸਬੰਧਤ ਖਪਤਕਾਰ ਆਪਣੇ ਬਿਜਲੀ ਦਫ਼ਤਰਾਂ ਵਿਚ ਜਾ ਕੇ ਵੀ ਇਸ ਸਬੰਧੀ ਫਾਰਮ ਭਰ ਸਕਦੇ ਹਨ। ਉਨਾਂ ਹਲਕੇ ਦੇ ਸਮੂਹ ਲਾਭਪਾਤਰੀਆਂ ਨੂੰ ਕਿਹਾ ਕਿ ਉਹ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨਾਂ ਇਸ ਵੱਡੇ ਫ਼ੈਸਲੇ ਲਈ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਡਾ. ਕਮਲਜੀਤ ਲਾਲ, ਐਕਸੀਅਨ ਵਿਨੈਦੀਪ ਸਿੰਘ, ਐਸ. ਡੀ. ਓ ਗੁਰਮੇਲ ਸਿੰਘ, ਵਧੀਕ ਐਸ. ਡੀ. ਓ ਚਮਨ ਲਾਲ, ਜੇ. ਈ ਮੋਹਣ ਸਿੰਘ ਤੇ ਗਗਨਦੀਪ ਸਿੰਘ, ਸਰਪੰਚ ਅਵਤਾਰ ਸਿੰਘ, ਬੰਟੀ ਸਰਪੰਚ, ਗੁਰਮੇਲ ਸਿੰਘ, ਨੰਬਰਦਾਰ ਬਿੱਟੂ ਬਜਾਜ, ਨੰਬਰਦਾਰ ਸੁਰਜੀਤ, ਸੋਮਪਾਲ, ਅਮਿਤ ਮਨਚੰਦਾ, ਗੁਰਪ੍ਰੀਤ ਲਾਲੀ, ਸੰਦੀਪ ਕੁਮਾਰ, ਰਾਜਾ, ਦੀਪੀ, ਹਰੀਸ਼ ਕੁਮਾਰ ਤੇ ਹੋਰ ਹਾਜ਼ਰ ਸਨ।