ਨਵਾਂਸ਼ਹਿਰ, 17 ਅਕਤੂਬਰ : ਵਿਧਾਇਕ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਅੱਜ ਨਵਾਂਸ਼ਹਿਰ ਵਿਚੋਂ ਲੰਘਦੀ 9 ਕਿਲੋਮੀਟਰ ਲੰਬੀ ਚੰਡੀਗੜ ਰੋਡ ਦੇ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ ਕੀਤਾ ਗਿਆ। ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਬਣਾਈ ਜਾਣ ਵਾਲੀ ਕਰੀਬ 5 ਕਰੋੜ ਰੁਪਏ ਦੀ ਲਾਗਤ ਵਾਲੀ ਇਸ ਅਹਿਮ ਸੜਕ ਦੇ ਬਣਨ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਲੰਗੜੋਆ ਬਾਈਪਾਸ ਤੋਂ ਇਸ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਇਸ ਕੰਮ ਨੂੰ ਡੇਢ ਮਹੀਨੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਨਾਂ ਕਿਹਾ ਕਿ ਨਵਾਂਸ਼ਹਿਰ ਬਾਈਪਾਸ ਬਣਨ ਨਾਲ ਜਿਥੇ ਅੱਧੇ ਪੰਜਾਬ ਨੂੰ ਵੱਡੀ ਸਹੂਲਤ ਮਿਲੀ ਹੈ, ਉਥੇ ਇਸ ਪੁਰਾਣੇ ਰਸਤੇ ਦੇ ਬਣਨ ਨਾਲ ਇਲਾਕਾ ਵਾਸੀਆਂ ਦੇ ਨਾਲ-ਨਾਲ ਲੁਧਿਆਣਾ ਅਤੇ ਖੰਨਾ ਤੋਂ ਨਵਾਂਸ਼ਹਿਰ ਆਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨਾਂ ਦੱਸਿਆ ਕਿ ਉਨਾਂ ਵੱਲੋਂ ਇਸ ਸਬੰਧੀ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਕਈ ਚਿੱਠੀਆਂ ਲਿਖੀਆਂ ਗਈਆਂ, ਜਿਸ ਤੋਂ ਬਾਅਦ ਇਸ ਸੜਕ ਦੇ ਕਾਇਆ ਕਲਪ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਉਨਾਂ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਦੇ ਪਹਿਲੇ ਪ੍ਰਾਜੈਕਟ ਡਾਇਰੈਕਟਰ ਯਸ਼ਪਾਲ ਯਾਦਵ ਅਤੇ ਹੁਣ ਵਾਲੇ ਪ੍ਰਾਜੈਕਟ ਡਾਇਰੈਕਟਰ ਸ੍ਰੀ ਮਿੱਤਲ ਵੱਲੋਂ ਇਸ ਪ੍ਰਕਿਰਿਆ ਨੂੰ ਤੇਜ਼ੀ ਨਾਲ ਅਮਲੀ ਜਾਮਾ ਪਹਿਨਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ ਗਿਆ ਹੈ। ਇਸ ਦੇ ਨਾਲ ਹੀ ਉਨਾਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਨਾਂ ਵੱਲੋਂ ਆਪਣੀ ਤੇਜ਼-ਤਰਾਰ ਕਾਰਜਸ਼ੈਲੀ ਸਦਕਾ ਆਉਂਦਿਆਂ ਹੀ ਇਸ ਕੰਮ ਨੂੰ ਪਹਿਲ ਦੇ ਆਧਾਰ 'ਤੇ ਕਰਵਾਉਣ ਦਾ ਬੀੜਾ ਚੁੱਕਿਆ ਗਿਆ ਹੈ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਇਸ ਮੌਕੇ ਕਿਹਾ ਕਿ ਕਾਫੀ ਸਮੇਂ ਤੋਂ ਇਸ ਸੜਕ ਦੀ ਹਾਲਤ ਕਾਫੀ ਖਸਤਾ ਚੱਲ ਰਹੀ ਸੀ ਅਤੇ ਪੈਚ ਲਗਾ ਕੇ ਕੰਮ ਚਲਾਇਆ ਜਾ ਰਿਹਾ ਸੀ, ਪਰੰਤੂ ਹੁਣ ਇਸ ਸੜਕ ਨੂੰ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਨਵਾਂਸ਼ਹਿਰ ਲਈ ਬੇਹੱਦ ਅਹਿਮ ਇਸ ਸੜਕ ਦੇ ਕਾਇਆ ਕਲਪ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ, ਕਿਉਂਕਿ ਇਹੀ ਸੜਕ ਸ਼ਹਿਰ ਨੂੰ ਦੋਵਾਂ ਪਾਸਿਆਂ ਤੋਂ ਫਗਵਾੜਾ-ਚੰਡੀਗੜ ਨੈਸ਼ਨਲ ਹਾਈਵੇਅ ਨਾਲ ਜੋੜਦੀ ਹੈ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨ ਮਾਜਰਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਡਾ. ਕਮਲਜੀਤ ਲਾਲ, ਕੌਂਸਲਰ ਚੇਤ ਰਾਮ ਰਤਨ, ਕੌਂਸਲਰ ਪਰਵੀਨ ਭਾਟੀਆ, ਕੌਂਸਲਰ ਜਸਵੀਰ ਕੌਰ ਬਡਵਾਲ, ਗੁਰਮਿੰਦਰ ਸਿੰਘ ਬਡਵਾਲ, ਸ਼ਹਿਰੀ ਪ੍ਰਧਾਨ ਜੈਦੀਪ ਜਾਂਗੜਾ, ਬਲਾਕ ਸੰਮਤੀ ਮੈਂਬਰ ਰਾਜਾ ਤੇ ਟੋਨੀ, ਸਰਪੰਚ ਪ੍ਰੀਤਮ ਭਗਤ, ਸਰਪੰਚ ਬੀਰਾ, ਸਰਪੰਚ ਭਗਤ ਰਾਮ, ਸਰਪੰਚ ਗਿਆਨ ਸਿੰਘ, ਸਾਬਕਾ ਸਰਪੰਚ ਪ੍ਰੇਮ, ਪੰਚ ਬਲਬੀਰ, ਗੁਰਨੇਕ ਪਟਵਾਰੀ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।