ਮਿਹਨਤ ਤੇ ਪ੍ਰਤੀਬੱਧਤਾ ਨਾਲ ਕੋਈ ਵੀ ਬਣ ਸਕਦੈ ਆਈ. ਏ. ਐਸ ਅਫ਼ਸਰ
ਨਵਾਂਸ਼ਹਿਰ, 8 ਅਕਤੂਬਰ : ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਉਮੀਦਵਾਰਾਂ ਲਈ ਅੱਜ ਇਕ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ, ਜਿਸ ਦੌਰਾਨ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਅਤੇ 2021 ਬੈਚ ਦੀ ਆਈ. ਏ. ਐਸ ਅਫ਼ਸਰ ਮਿਸ ਕਿਰਨਦੀਪ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਉਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਸਫਲ ਹੋਣ ਦੇ ਗੁਰ ਦੱਸੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਕਿਹਾ ਕਿ ਕੋਈ ਵੀ ਕੰਮ ਔਖਾ ਨਹੀਂ ਹੈ ਅਤੇ ਕੇਵਲ ਇਸ ਲਈ ਮਿਹਨਤ, ਲਗਨ ਅਤੇ ਪ੍ਰਤੀਬੱਧਤਾ ਨਾਲ ਪੜਾਈ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਜਿਸ ਤਰਾਂ ਕਿਰਨਦੀਪ ਕੌਰ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਕੇ ਆਈ. ਏ. ਐਸ ਅਫ਼ਸਰ ਬਣੀ ਹੈ, ਉਸੇ ਤਰਾਂ ਉਹ ਵੀ ਆਪਣੇ ਮਾਤਾ-ਪਿਤਾ ਅਤੇ ਇਲਾਕੇ ਦਾ ਨਾਂਅ ਰੋਸ਼ਨ ਕਰ ਸਕਦੇ ਹਨ। ਉਨਾਂ ਕਿਰਨਦੀਪ ਕੌਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕਰਦਿਆਂ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਸ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਕਿਰਨਦੀਪ ਕੌਰ ਨੇ ਆਈ. ਏ. ਐਸ ਬਣਨ ਲਈ ਕੀਤੀ ਦਿਨ-ਰਾਤ ਮਿਹਨਤ ਸਬੰਧੀ ਆਪਣੇ ਤਜ਼ਰਬੇ ਨੌਜਵਾਨਾਂ ਨਾਲ ਸਾਂਝੇ ਕੀਤੇ। ਉਸ ਨੇ ਕਿਹਾ ਕਿ ਟੀਚਾ ਮਿੱਥ ਕੇ ਉਸ ਨੂੰ ਹਾਸਲ ਕਰਨ ਲਈ ਜੀਅ-ਜਾਨ ਨਾਲ ਕੀਤੀ ਮਿਹਨਤ ਨੂੰ ਸਦਾ ਫਲ ਲੱਗਦਾ ਹੈ। ਉਸ ਨੇ ਸਿਵਲ ਸੇਵਾਵਾਂ ਪ੍ਰੀਖਿਆ ਨੂੰ ਵਿਚ ਸਫਲ ਹੋਣ ਲਈ ਨੌਜਵਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਬਾਖੂਬੀ ਜਵਾਬ ਦਿੱਤੇ ਅਤੇ ਉਨਾਂ ਦੇ ਪ੍ਰੀਖਿਆ ਸਬੰਧੀ ਸਾਰੇ ਸ਼ੰਕਿਆਂ ਦਾ ਨਿਵਾਰਣ ਕੀਤਾ। ਇਸ ਦੌਰਾਨ ਕਿਰਨਦੀਪ ਕੌਰ ਨੇ ਬਿਊਰੋ ਵਿਖੇ ਸਥਾਪਿਤ ਲਾਇਬ੍ਰੇਰੀ ਦਾ ਵੀ ਦੌਰਾ ਕੀਤਾ। ਇਸ ਮੌਕੇ ਕਿਰਨਦੀਪ ਕੌਰ ਸਹੋਤਾ ਦੇ ਪਿਤਾ ਨਾਇਬ ਤਹਿਸੀਲਦਾਰ ਨਵਾਂਸ਼ਹਿਰ ਕੁਲਵਰਨ ਸਿੰਘ, ਜ਼ਿਲਾ ਰੋਜ਼ਗਾਰ ਅਫ਼ਸਰ ਸੰਜੀਵ ਕੁਮਾਰ, ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਕਰੀਅਰ ਕਾਊਂਸਲਰ ਹਰਮਨਦੀਪ ਸਿੰਘ, ਪਲੇਸਮੈਂਟ ਅਫ਼ਸਰ ਅਮਿਤ ਕੁਮਾਰ ਤੇ ਹੋਰ ਅਧਿਕਾਰੀ ਹਾਜ਼ਰ ਸਨ।