ਪਾਰਦਰਸ਼ੀ ਤੇ ਨਿਰਪੱਖ ਚੋਣਾਂ ਲਈ ਅਧਿਕਾਰੀਆਂ ਨੂੰ ਹੁਣ ਤੋਂ ਹੀ ਕਮਰ ਕੱਸਣ ਦੀ ਕੀਤੀ ਹਦਾਇਤ
ਨਵਾਂਸ਼ਹਿਰ, 27 ਅਕਤੂਬਰ :- ਪੰਜਾਬ ਦੇ ਵਧੀਕ ਮੁੱਖ ਚੋਣ ਅਫ਼ਸਰ ਅਮਿਤ ਕੁਮਾਰ ਨੇ ਅੱਜ ਜ਼ਿਲੇ ਵਿਚ ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮੁੱਢਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਵਿਸ਼ੇਸ਼ ਸਾਰੰਗਲ ਅਤੇ ਐਸ. ਐਸ. ਪੀ ਕੰਵਰਦੀਪ ਕੌਰ ਦੀ ਮੌਜੂਦਗੀ ਵਿਚ ਇਸ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਉਨਾਂ ਵੱਖ-ਵੱਖ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨਾਂ ਅਧਿਕਾਰੀਆਂ ਨੂੰ ਚੋਣਾਂ ਲਈ ਹੁਣ ਤੋਂ ਹੀ ਕਮਰ ਕੱਸਣ ਦੀ ਹਦਾਇਤ ਕਰਦਿਆਂ ਕਿਹਾ ਕਿ ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਲਈ ਕੋਈ ਵੀ ਕਸਰ ਬਾਕੀ ਨਾ ਛੱਡੀ ਜਾਵੇ। ਇਸ ਦੌਰਾਨ ਉਨਾਂ ਪੋਲਿੰਗ ਸਟੇਸ਼ਨਾਂ, ਵੋਟਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਚੋਣ ਅਮਲੇ, ਵੋਟਿੰਗ ਮਸ਼ੀਨਾਂ, ਸੁਰੱਖਿਆ ਇੰਤਜਾਮਾਂ, ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਬੂਥਾਂ, ਵੋਟਰ ਰਜਿਸਟ੍ਰੇਸ਼ਨ, ਵੋਟਰ ਹੈਲਪ ਲਾਈਨ, ਲਾਇਸੰਸੀ ਹਥਿਆਰਾਂ ਦੀ ਸਥਿਤੀ, ਸਵੀਪ, ਐਫ. ਆਈ. ਆਰਜ਼ ਅਤੇ ਚੋਣਾਂ ਨਾਲ ਸਬੰਧਤ ਵੱਖ-ਵੱਖ ਰਿਪੋਰਟਾਂ ਆਦਿ ਦੀ ਸਮੀਖਿਆ ਕੀਤੀ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨਾਂ ਹਦਾਇਤ ਕੀਤੀ ਕਿ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਨਵੇਂ ਨੌਜਵਾਨ ਵੋਟਰਾਂ ਨੂੰ ਵੱਧ ਤੋਂ ਵੱਧ ਰਜਿਸਟਰਡ ਕੀਤਾ ਜਾਵੇ ਤਾਂ ਜੋ ਚੋਣਾਂ ਵਿਚ ਨੌਜਵਾਨ ਵੋਟਰ ਆਪਣੀ ਜਿੰਮੇਵਾਰੀ ਸਹੀ ਢੰਗ ਨਾਲ ਨਿਭਾਅ ਸਕਣ। ਟ੍ਰੇਨਿੰਗ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਨਾਂ ਕਿਹਾ ਕਿ ਬੂਥ ਲੈਵਲ ਅਫ਼ਸਰਾਂ ਨੂੰ ਸਮਾਂਬੱਧ ਸੀਮਾਂ ਵਿਚ ਚੋਣਾਂ ਨਾਲ ਸਬੰਧਤ ਮੁਕੰਮਲ ਸਿਖਿਲਾਈ ਦਿੱਤੀ ਜਾਵੇ ਅਤੇ ਸਾਰੇ ਪੋਲਿੰਗ ਬੂਥਾਂ 'ਤੇ ਸਬੰਧਤ ਆਰ. ਓਜ਼ ਆਪ ਨਿੱਜੀ ਤੌਰ 'ਤੇ ਦੌਰਾ ਕਰਕੇ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਹੋਣੇ ਯਕੀਨੀ ਬਣਾਉਣ। ਉਨਾਂ ਕਿਹਾ ਕਿ ਲੋਕਾਂ ਨੂੰ ਵੋਟ ਬਣਵਾਉਣ, ਵੋਟ ਪਾਉਣ ਅਤੇ ਨਤੀਜੇ ਤੱਕ ਦੀ ਸਾਰੀ ਪ੍ਰਕਿਰਿਆ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨਾਂ ਇਹ ਵੀ ਹਦਾਇਤ ਕੀਤੀ ਕਿ ਸਮੂਹ ਬੀ. ਐਲ. ਓਜ਼ ਦੁਆਰਾ ਭਾਰਤੀ ਚੋਣ ਕਮਿਸ਼ਨ ਨਾਲ ਸਬੰਧਤ ਜ਼ਰੂਰੀ ਐਪਲੀਕੇਸ਼ਨਜ਼ ਮੋਬਾਇਲ ਫੋਨ 'ਤੇ ਡਾਊਨਲੋਡ ਕੀਤੀਆਂ ਜਾਣ, ਤਾਂ ਜੋ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਕਿਸੇ ਵੀ ਤਰਾਂ ਦੀ ਸੂਚਨਾ ਤੁਰੰਤ ਮਿਲ ਸਕੇ। ਉਨਾਂ ਸਮੂਹ ਆਰ. ਓਜ਼ ਨੂੰ ਕਿਹਾ ਕਿ ਉਹ ਭਾਰਤੀ ਚੋਣ ਕਮਿਸ਼ਨ ਦੀ ਹੈਂਡ ਬੁੱਕ ਨੂੰ ਚੰਗੀ ਤਰਾਂ ਪੜ ਕੇ ਇਸ ਵਿਚ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨ। ਇਸ ਦੌਰਾਨ ਉਨਾਂ ਚੋਣਾਂ ਨੂੰ ਹੋਰ ਬਿਹਤਰ ਢੰਗ ਨਾਲ ਕਰਵਾਉਣ ਲਈ ਅਧਿਕਾਰੀਆਂ ਕੋਲੋਂ ਸੁਝਾਅ ਵੀ ਲਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਐਸ. ਡੀ. ਐਮ ਬੰਗਾ ਵਿਰਾਜ ਤਿੜਕੇ, ਐਸ. ਡੀ. ਐਮ ਬਲਾਚੌਰ ਦੀਪਕ ਰੁਹੇਲਾ, ਐਸ. ਪੀ (ਸਥਾਨਿਕ) ਮਨਵਿੰਦਰ ਬੀਰ ਸਿੰਘ, ਤਹਿਸੀਲਦਾਰ ਨਵਾਂਸ਼ਹਿਰ ਬਲਜਿੰਦਰ ਸਿੰਘ, ਤਹਿਸੀਲਦਾਰ ਬੰਗਾ ਕੁਲਵੰਤ ਸਿੰਘ ਸਿੱਧੂ, ਚੋਣ ਕਾਨੂੰਗੋ ਦਲਜੀਤ ਸਿੰਘ ਅਤੇ ਪਲਵਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।