ਨਵਾਂਸ਼ਹਿਰ, 30 ਅਕਤੂਬਰ :-ਜ਼ਿਲਾ ਪੁਲਿਸ ਵੱਲੋਂ ਪੁਲਿਸ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਹੀਦੀ ਸਪਤਾਹ ਦੀਆਂ ਗਤੀਵਿਧੀਆਂ ਤਹਿਤ ਬੀਤੀ ਸ਼ਾਮ ਅਤੇ ਅੱਜ ਵੱਖ-ਵੱਖ ਸਥਾਨਾਂ 'ਤੇ ਸ਼ਹੀਦਾਂ ਦੀ ਯਾਦ ਤਾਜ਼ਾ ਕੀਤੀ ਗਈ। ਇਸ ਦੌਰਾਨ ਜਿਥੇ ਪੁਲਿਸ ਬੈਂਡ ਵੱਲੋਂ ਮਾਤਮੀ ਧੁਨਾਂ ਵਜਾ ਕੇ ਸ਼ਰਧਾਂਜਲੀ ਦਿੱਤੀ ਗਈ, ਉਥੇ ਇਨਾਂ ਸ਼ਹੀਦਾਂ ਨੂੰ ਸਥਾਨਕ ਪੁਲਿਸ ਕਰਮਚਾਰੀਆਂ ਵੱਲੋਂ ਸ਼ਰਧਾਂਜਲੀ ਦੇ ਕੇ ਉਨਾਂ ਦੀ ਸ਼ਹੀਦੀ ਤੋਂ ਪ੍ਰੇਰਨਾ ਲੈਣ ਦਾ ਅਹਿਦ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਪੀ ਹੈੱਡਕੁਆਰਟਰ ਮਨਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਜ਼ਿਲਾ ਪੁਲਿਸ ਮੁਖੀ ਕੰਵਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਈਆਂ ਜਾ ਰਹੀਆਂ ਇਨਾਂ ਗਤੀਵਿਧੀਆਂ ਤਹਿਤ ਸਮੂਹ ਸਬ-ਡਵੀਜ਼ਨਾਂ ਵਿਚ ਸ਼ਹੀਦਾਂ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ ਗਏ। ਉਨਾਂ ਦੱਸਿਆ ਕਿ ਇਹ ਰਸਮ ਹਰੇਕ ਥਾਣਾ ਪੱਧਰ 'ਤੇ ਕੀਤੀ ਜਾ ਰਹੀ ਹੈ, ਤਾਂ ਜੋ ਪੰਜਾਬ ਨੂੰ ਕਾਲੇ ਦਿਨਾਂ ਤੋਂ ਬਚਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਇਨਾਂ ਸ਼ਹੀਦਾਂ 'ਤੇ ਹਰ ਕੋਈ ਮਾਣ ਮਹਿਸੂਸ ਕਰ ਸਕੇ। ਉਨਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ 28 ਬਹਾਦਰ ਪੁਲਿਸ ਤੇ ਹੋਮਗਾਰਡ ਜਵਾਨਾਂ ਨੇ ਪੰਜਾਬ ਦੇ ਮਾੜੇ ਦਿਨਾਂ ਦੌਰਾਨ ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਨੂੰ ਅਸਫ਼ਲ ਕਰਨ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਉਨਾਂ ਦੱਸਿਆ ਕਿ ਇਨਾਂ ਸ਼ਹੀਦਾਂ ਵਿਚ ਨਵਾਂਸ਼ਹਿਰ ਸਬ ਡਵੀਜ਼ਨ ਦੇ 8, ਬੰਗਾ ਸਬ ਡਵੀਜ਼ਨ ਦੇ 6 ਅਤੇ ਬਲਾਚੌਰ ਸਬ ਡਵੀਜ਼ਨ ਦੇ 14 ਪੁਲਿਸ ਤੇ ਹੋਮਗਾਰਡ ਜਵਾਨ ਸ਼ਾਮਿਲ ਹਨ।