ਮਾਨਸਿਕ ਰੋਗਾਂ ਦੀ ਬਿਮਾਰੀ ਤੋਂ ਪੀੜਤ 65 ਫੀਸਦੀ ਲੋਕ ਆਪਣੀ ਇਸ ਬਿਮਾਰੀ ਤੋਂ ਅਣਜਾਣ
ਨਵਾਂਸ਼ਹਿਰ, 11 ਅਕਤੂਬਰ:- ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਅੱਜ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਨਵਾਂਸ਼ਹਿਰ ਦਾ ਦੌਰਾ ਕਰਕੇ ਮਰੀਜ਼ਾਂ ਦਾ ਹਾਲਚਾਲ ਪੁੱਛਿਆ। ਇਸ ਮੌਕੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਮਰੀਜ਼ਾਂ ਦੀ ਕੌਂਸਲਿੰਗ ਕਰਦੇ ਹੋਏ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਕੋਵਿਡ ਮਹਾਂਮਾਰੀ ਕਰਕੇ ਮਾਨਸਿਕ ਰੋਗਾਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਅੱਜ ਹਰ ਚਾਰ ਵਿਚੋਂ ਇੱਕ ਵਿਅਕਤੀ ਕਿਸੇ ਨਾ ਕਿਸੇ ਮਾਨਸਿਕ ਰੋਗ ਤੋਂ ਪੀੜਤ ਹੈ। ਮਾਨਸਿਕ ਰੋਗਾਂ ਦੀ ਬਿਮਾਰੀ ਤੋਂ ਪੀੜਤ 65 ਫੀਸਦੀ ਲੋਕ ਆਪਣੀ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਨਾਲ ਅਣਜਾਣ ਹਨ। ਮਾਨਸਿਕ ਸਿਹਤ ਅੱਜ ਸਭ ਤੋਂ ਵੱਡੀ ਸਮੱਸਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਨਸਿਕ ਥਕਾਨ ਸਾਨੂੰ ਮਾਨਸਿਕ ਤੌਰ 'ਤੇ ਬਿਮਾਰ ਕਰ ਰਹੀ ਹੈ, ਜਿਸ ਵੱਲ ਸਾਡਾ ਬਿਲਕੁੱਲ ਧਿਆਨ ਨਹੀਂ ਜਾਂਦਾ। ਕਈ ਵਾਰੀ ਪੜ੍ਹਾਈ ਜਾਂ ਕੰਮ ਦੇ ਬੋਝ, ਰਿਸ਼ਤਿਆਂ ਵਿੱਚ ਦਰਾਰ, ਕੈਰੀਅਰ ਨੂੰ ਲੈ ਕੇ ਚਿੰਤਾ ਸਾਨੂੰ ਤਣਾਅ ਤਾਂ ਦਿੰਦੀ ਹੈ ਅਤੇ ਜੇਕਰ ਇਹ ਤਣਾਅ ਲੰਬੇ ਸਮੇਂ ਤੱਕ ਰਹੇ ਤਾਂ ਇਹ ਡਿਪਰੈਸ਼ਨ ਵਿੱਚ ਤਬਦੀਲ ਹੋ ਜਾਂਦਾ ਹੈ। ਕਈ ਵਾਰੀ ਡਿਪਰੈਸ਼ਨ ਜ਼ਿਆਦਾ ਹੋਣ ਨਾਲ ਵਿਅਕਤੀ ਦੇ ਮਨ ਵਿੱਚ ਬੁਰੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਮਾਨਸਿਕ ਰੋਗਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਸਿਵਲ ਸਰਜਨ ਨੇ ਮਾਨਸਿਕ ਰੋਗਾਂ ਅਤੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਬੇਚੈਨੀ, ਨੀਂਦ ਘੱਟ ਜਾਂ ਵੱਧ ਆਉਣਾ, ਸਿਰ ਦਰਦ ਰਹਿਣਾ, ਕੰਨਾਂ ਵਿਚ ਅਵਾਜ਼ਾਂ ਪੈਣੀਆਂ, ਦੰਦਲ ਪੈਣਾ, ਯਾਦ ਸ਼ਕਤੀ ਘੱਟਣਾ, ਵਾਰ-ਵਾਰ ਹੱਥ ਧੋਣਾ, ਚੀਜ਼ਾਂ ਦੀ ਵਰਤੋਂ ਸਮੇਂ ਵਹਿਮ ਭਰਮ ਰੱਖਣਾ, ਗੁੱਸੇ ਦਾ ਵੱਧਣਾ, ਚਿੜਚੜਾਪਣ, ਗੱਲਾਂ ਭੁੱਲਣੀਆਂ, ਖੁਦਕੁਸ਼ੀ ਦੀ ਕੋਸ਼ਿਸ਼ ਜਾਂ ਧਮਕੀ ਦੇਣਾ ਆਦਿ ਮਾਨਸਿਕ ਰੋਗ ਦੀਆਂ ਨਿਸ਼ਾਨੀਆਂ ਹਨ ਅਤੇ ਜੇਕਰ ਅਜਿਹੇ ਮਰੀਜ਼ ਸਮੇਂ ਸਿਰ ਆਪਣਾ ਇਲਾਜ ਕਰਵਾ ਲੈਣ ਤਾਂ ਜਲਦੀ ਠੀਕ ਹੋ ਕੇ ਉਹ ਇੱਕ ਆਮ ਵਿਅਕਤੀ ਵਾਂਗ ਸਿਹਤਮੰਦ ਜਿੰਦਗੀ ਬਤੀਤ ਕਰ ਸਕਦੇ ਹਨ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਪ੍ਰੀਤ ਸਿੰਘ, ਸਹਾਇਕ ਸਿਵਲ ਸਰਜਨ ਡਾ ਜਸਦੇਵ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਰਾਕੇਸ਼ ਚੰਦਰ, ਜ਼ਿਲ੍ਹਾ ਸਿਹਤ ਅਫ਼ਸਰ ਡਾ ਕੁਲਦੀਪ ਰਾਏ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਬਲਵਿੰਦਰ ਕੁਮਾਰ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਜਗਤ ਰਾਮ ਅਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।