ਕਿਸਾਨ ਜਥੇਬੰਦੀਆਂ ਵਲੋਂ ਰੇਲਵੇ ਸਟੇਸ਼ਨ ਨਵਾਸ਼ਹਿਰ ਤੇ ਧਰਨਾ

ਮੋਦੀ ਸਰਕਾਰ ਕਾਰਪੋਰੇਟਰਾਂ ਦੇ ਰਾਜਸੀ ਕਰਿੰਦਿਆਂ ਵਾਂਗੂੰ ਵਿਚਰ ਰਹੀ ਹੈ-ਕਿਸਾਨ ਆਗੂ
ਨਵਾਂਸ਼ਹਿਰ 18 ਅਕਤੂਬਰ (ਵਿਸ਼ੇਸ਼ ਪ੍ਰਤੀਨਿਧੀ) ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ  ਰੇਲਾਂ ਰੋਕਣ ਦੇ   ਸੱਦੇ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਨਵਾਸ਼ਹਿਰ ਵਿਖੇ ਧਰਨਾ ਦਿੱਤਾ ਜੋ ਸਵੇਰੇ 10 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਚੱਲਿਆ।ਇਸ ਦੌਰਾਨ ਕੋਈ ਵੀ ਰੇਲ ਗੱਡੀ ਨਹੀਂ ਆ ਜਾ ਸਕੀ। ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਬਜੀਦਪੁਰ, ਕੁਲਦੀਪ ਸਿੰਘ ਦਿਆਲਾਂ, ਅਮਰਜੀਤ ਸਿੰਘ ਬੁਰਜ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਮੁਕੰਦ ਲਾਲ, ਜਮਹੂਰੀ ਕਿਸਾਨ ਸਭਾ ਦੇ ਆਗੂ ਸਤਨਾਮ ਸਿੰਘ ਗੁਲਾਟੀ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਦੇ ਜਿਲਾ ਪ੍ਰਧਾਨ ਸੁਰਜੀਤ ਕੌਰ ਉਟਾਲ, ਰੇਹੜੀ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰੇ ਰਾਮ ਸਿੰਘ ਨੇ ਕਿਹਾ ਕਿ ਲਖੀਮਪੁਰ ਖੇਰੀ ਦੀ ਘਟਨਾ ਲਈ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਦੇ ਪਿਤਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਵੀ ਘੱਟ ਦੋਸ਼ੀ ਨਹੀਂ ਪਰ ਮੋਦੀ ਸਰਕਾਰ ਉਸਨੂੰ ਮੰਤਰੀ ਮੰਡਲ ਵਿਚੋਂ ਬਰਖਾਸਤ ਨਹੀਂ ਕਰ ਰਹੀ ਜੋ ਆਪਣੇ ਅਹੁਦੇ ਤੇ ਰਹਿ ਕੇ ਦੋਸ਼ੀਆਂ ਨੂੰ ਬਚਾਅ ਸਕਦਾ ਹੈ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਘੋਲ ਤੋਂ ਬੁਰੀ ਤਰ੍ਹਾਂ ਬੁਖਲਾਹਟ ਵਿਚ ਹੈ ਜੋ ਇਸ ਘੋਲ ਨੂੰ ਲੀਹੋਂ ਲਾਹੁਣ ਲਈ ਕੁਚਾਲਾਂ ਚੱਲ ਰਹੀ।ਉਹਨਾਂ ਕਿਹਾ ਕਿ ਇਹ ਖੇਤੀ ਕਾਨੂੰਨ ਨਾ ਸਿਰਫ ਕਿਸਾਨਾਂ ਦੀ ਤਬਾਹੀ ਲਈ ਹਨ ਸਗੋਂ ਇਹ ਸਮੁੱਚੇ ਦੇਸ਼ ਦੇ ਲੋਕਾਂ ਨੂੰ ਤਬਾਹ ਕਰਕੇ ਰੱਖ ਦੇਣਗੇ । ਇਹ ਕਾਰਪੋਰੇਟਰਾਂ ਦੀਆਂ ਤਿਜੌਰੀਆਂ ਭਰਨ ਦਾ ਸਾਧਨ ਹਨ। ਮੋਦੀ ਸਰਕਾਰ ਦੇਸੀ ਵਿਦੇਸ਼ੀ ਕਾਰਪੋਰੇਟਰਾਂ ਦੇ ਰਾਜਸੀ ਕਰਿੰਦਿਆਂ ਵਾਂਗੂੰ ਕੰਮ ਕਰ ਰਹੀ ਹੈ।ਜਨਤਕ ਅਦਾਰਿਆਂ ਨੂੰ ਇਹਨਾਂ ਕਾਰਪੋਰੇਟਰਾਂ ਕੋਲ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ ਚਾਹੇ ਉਹ ਏਅਰ ਇੰਡੀਆ ਹੋਵੇ, ਰੇਲਵੇ ਹੋਵੇ ਚਾਹੇ ਬੰਦਗਾਹਾਂ ਆਦਿ ਹੋਣ।  ਕਿਸਾਨ ਆਗੂਆਂ ਨੇ ਕਿਹਾ ਕਿ ਇਹ ਘੋਲ ਹੁਣ ਦੇਸ਼ ਵਿਆਪੀ ਅਤੇ ਜਨਤਕ ਘੋਲ ਬਣ ਚੁੱਕਾ ਹੈ। ਇਸਨੂੰ ਕਿਸੇ ਵਿਸ਼ੇਸ਼ ਧਰਮ ,ਜਾਤੀ, ਜਾਂ ਖਿੱਤੇ ਨਾਲ ਜੋੜਨ ਦੀਆਂ ਸਰਕਾਰੀ ਕੋਸ਼ਿਸ਼ਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇਹ ਘੋਲ ਹਰ ਹਾਲਤ ਜੇਤੂ ਹੋਕੇ ਨਿਕਲੇਗਾ। ਇਸ ਮੌਕੇ ਬਚਿੱਤਰ ਸਿੰਘ ਮਹਿਮੂਦਪੁਰ, ਸੁਰਿੰਦਰ ਸਿੰਘ ਮਹਿਰਮਪੁਰ, ਮਨਜੀਤ ਕੌਰ ਅਲਾਚੌਰ, ਮੱਖਣ ਸਿੰਘ ਭਾਨਮਜਾਰਾ ,ਸਤਨਾਮ ਸਿੰਘ ਸੁੱਜੋਂ, ਬਲਜਿੰਦਰ ਸਿੰਘ ਭੰਗਲ ਆਗੂ ਵੀ ਮੌਜੂਦ ਸਨ।