ਨਵਾਂਸ਼ਹਿਰ, 29 ਅਕਤੂਬਰ : - ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਇਲਾਜ ਲਈ ਆਉਣ ਵਾਲੇ ਲੋੜਵੰਦ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮੁਫ਼ਤ ਖਾਣੇ ਦੀ ਸਹੂਲਤ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੇ ਯਤਨਾਂ ਸਦਕਾ ਮੁੜ ਸ਼ੁਰੂ ਕੀਤੀ ਗਈ ਹੈ। ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ, ਪੁਰ ਹੀਰਾਂ (ਹੁਸ਼ਿਆਰਪੁਰ) ਦੇ ਉੱਦਮ ਨਾਲ ਸ਼ੁਰੂ ਕੀਤੀ ਗਈ ਇਸ ਸਹੂਲਤ ਦਾ ਸ਼ੁੱਭ ਆਰੰਭ ਅੱਜ ਜ਼ਿਲਾ ਮਾਲ ਅਫ਼ਸਰ ਅਜੀਤ ਪਾਲ ਸਿੰਘ ਅਤੇ ਐਸ. ਐਮ. ਓ ਨਵਾਂਸ਼ਹਿਰ ਡਾ. ਮਨਦੀਪ ਕਮਲ ਵੱਲੋਂ ਸੰਸਥਾ ਦੇ ਨੁੰਮਾਇੰਦਿਆਂ ਮਨਜੀਤ ਸਿੰਘ ਯੂ. ਐਸ. ਏ, ਮੱਖਣ ਸਿੰਘ ਯੂ. ਐਸ. ਏ ਅਤੇ ਬੂਟਾ ਸਿੰਘ ਦੀ ਮੌਜੂਦਗੀ ਵਿਚ ਕੀਤਾ ਗਿਆ। ਇਸ ਮੌਕੇ ਉਨਾਂ ਕਿਹਾ ਕਿ ਇਹ ਸਹੂਲਤ, ਜਿਹੜੀ ਕਿ ਪਹਿਲਾਂ ਕਿਸੇ ਕਾਰਨ ਬੰਦ ਹੋ ਗਈ ਸੀ, ਕੇਵਲ ਮਰੀਜ਼ਾਂ ਲਈ ਹੀ ਨਹੀਂ ਬਲਕਿ ਹਸਪਤਾਲ ਆਉਣ ਵਾਲੇ ਸਾਰੇ ਲੋਕਾਂ ਲਈ ਬਿਲਕੁਲ ਮੁਫ਼ਤ ਹੋਵੇਗੀ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਇਸ ਪੁੰਨ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ ਹਰੇਕ ਤਰਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸੰਸਥਾ ਦੇ ਨੁਮਾਇੰਦੇ ਬੂਟਾ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਇਸ ਤੋਂ ਪਹਿਲਾਂ ਹੋਰਨਾਂ ਜ਼ਿਲਿਆਂ ਦੇ ਸਿਵਲ ਹਸਪਤਾਲਾਂ ਅਤੇ ਪੀ. ਜੀ. ਆਈ ਚੰਡੀਗੜ ਵਿਚ ਇਹ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਉਨਾਂ ਦਾ ਮਕਸਦ ਸਾਰੇ ਪੰਜਾਬ ਵਿਚ ਇਹ ਸੇਵਾ ਮੁਹੱਈਆ ਕਰਵਾਉਣ ਦਾ ਹੈ। ਉਨਾਂ ਦੱਸਿਆ ਕਿ ਐਤਵਾਰ ਨੂੰ ਛੱਡ ਕੇ ਇਹ ਸੇਵਾ ਰੋਜ਼ਾਨਾ ਮੁਹੱਈਆ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਇਹ ਸੇਵਾ ਸਾਰਿਆਂ ਲਈ ਬਿਲਕੁਲ ਮੁਫ਼ਤ ਹੈ ਅਤੇ ਕੋਈ ਵੀ ਪ੍ਰਾਣੀ ਇਥੇ ਖਾਣਾ ਖਾ ਸਕਦਾ ਹੈ। ਇਸ ਮੌਕੇ ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਜ਼ਿਲਾ ਨਾਜਰ ਹਰਪਾਲ ਸਿੰਘ, ਡਿਪਟੀ ਨਾਜਰ ਮਨਿੰਦਰ ਤੋਂ ਇਲਾਵਾ ਹਸਪਤਾਲ ਦੇ ਹੋਰ ਡਾਕਟਰ ਸਾਹਿਬਾਨ ਅਤੇ ਸਟਾਫ ਹਾਜ਼ਰ ਮੌਜੂਦ ਸੀ।