ਪੰਜਾਬ ਦਿਵਸ ਨੂੰ ਸਮਰਪਿਤ ਪੰਜਾਬੀ ਸਪਤਾਹ ਦੀ ਥਾਂ ਇਸ ਵਾਰ ਮਨਾਇਆ ਜਾਵੇਗਾ ਪੰਜਾਬੀ ਮਾਹ, ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਪਰਗਟ ਸਿੰਘ ਉਦਘਾਟਨ ਕਰਨਗੇ

1 ਨਵੰਬਰ ਨੂੰ ਭਾਸ਼ਾ ਵਿਭਾਗ ਤੇ ਉਘੇ ਸਾਹਿਤਕਾਰ ਕੱਢਣਗੇ ਪੰਜਾਬੀ ਵਿਕਾਸ ਯਾਤਰਾ-ਕਰਮਜੀਤ ਕੌਰ
ਪਟਿਆਲਾ, 30 ਅਕਤੂਬਰ: ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਕਰਮਜੀਤ ਕੌਰ ਨੇ ਦੱਸਿਆ ਹੈ ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਦੁਆਰਾ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹਰ ਸਾਲ ਪੰਜਾਬ ਦਿਵਸ ਦੇ ਮੌਕੇ 1 ਨਵੰਬਰ ਤੋਂ ਸਮਾਗਮਾਂ ਦਾ ਆਗਾਜ਼ ਕੀਤਾ ਜਾਂਦਾ ਹੈ, ਇਸ ਤਹਿਤ ਇਸ ਵਾਰ ਨਿਵੇਕਲੀ ਪਹਿਲਕਦਮੀ ਕਰਦਿਆਂ ਪੰਜਾਬੀ ਸਪਤਾਹ ਦੀ ਥਾਂ ਪੰਜਾਬੀ ਮਾਹ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਪਰਗਟ ਸਿੰਘ ਦੀ ਸਰਪ੍ਰਸਤੀ ਤੇ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਖਿੱਤਿਆਂ, ਮਾਝਾ, ਮਾਲਵਾ, ਦੁਆਬਾ ਅਤੇ ਪੁਆਧ ਵਿਚ ਵੱਖ-ਵੱਖ ਸਮਾਗਮ ਕਰਵਾਏ ਜਾਣਗੇ।
ਡਾਇਰੈਕਟਰ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੀ ਲੜੀ ਵਿਚ ਉਦਘਾਟਨੀ ਸਮਾਗਮ 1 ਨਵੰਬਰ ਨੂੰ ਭਾਸ਼ਾ ਭਵਨ, ਪਟਿਆਲਾ ਵਿਖੇ, 8 ਨਵੰਬਰ ਨੂੰ ਰਾਜ ਪੱਧਰੀ ਪੰਜਾਬੀ ਕੁਇਜ਼ ਮੁਕਾਬਲਾ ਮਾਤਾ ਗੁਜਰੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ, 11 ਨਵੰਬਰ ਨੂੰ ਰਾਜ ਪੱਧਰੀ ਪੰਜਾਬੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲਾ ਐਸ.ਐਸ.ਡੀ. ਗਰਲਜ਼ ਕਾਲਜ, ਬਠਿੰਡਾ ਵਿਖੇ, 15 ਨਵੰਬਰ ਨੂੰ ਕਵੀ ਦਰਬਾਰ, ਲਾਇਲਪੁਰ ਖ਼ਾਲਸਾ ਕਾਲਜ (ਲੜਕੀਆਂ), ਜਲੰਧਰ ਵਿਖੇ, 22 ਨਵੰਬਰ ਨੂੰ ਨਾਟਕ ਮੇਲਾ, ਓਪਨ ਏਅਰ ਥੀਏਟਰ, ਸਰਕਾਰੀ ਕਾਲਜ, ਰੂਪਨਗਰ ਵਿਖੇ, 26 ਨਵੰਬਰ ਨੂੰ ਉਘੇ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਜਨਮ ਸਤਾਬਦੀ ਨੂੰ ਸਮਰਪਿਤ ਗੋਸ਼ਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਅਤੇ ਵਿਦਾਇਗੀ ਸਮਾਗਮ 30 ਨਵੰਬਰ, 2021 ਨੂੰ ਭਾਸ਼ਾ ਭਵਨ, ਪਟਿਆਲਾ ਵਿਖੇ ਹੋ ਰਿਹਾ ਹੈ।ਇਨ੍ਹਾਂ ਪ੍ਰਮੁੱਖ ਸਮਾਗਮਾਂ ਤੋਂ ਇਲਾਵਾ ਜ਼ਿਲ੍ਹਾ ਪੱਧਰ 'ਤੇ 23 ਸਮਾਗਮ ਸਮੁੱਚੇ ਪੰਜਾਬ ਵਿਚ ਵੱਖ ਥਾਵਾਂ 'ਤੇ ਕੀਤਾ ਜਾ ਰਿਹਾ ਹੈ, ਜਿਨ੍ਹਾਂ 'ਚ 2 ਨਵੰਬਰ ਨੂੰ ਲੇਖਕ ਮਿਲਣੀ, ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਹੋ ਰਹੀ ਹੈ।
ਕਰਮਜੀਤ ਕੌਰ ਨੇ ਉਦਘਾਟਨੀ ਸਮਾਗਮ ਬਾਰੇ ਦੱਸਿਆ ਕਿ ਇਸ ਸਮਾਗਮ ਵਿਚ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਪਰਗਟ ਸਿੰਘ ਮੁੱਖ ਮਹਿਮਾਨ ਵਜੋਂ ਸਿਰਕਤ ਕਰਨਗੇ ਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਸਮਾਗਮ ਦੀ ਪ੍ਰਧਾਨਗੀ ਕਰਨਗੇ।ਇਸ ਤੋਂ ਇਲਾਵਾ ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਅਤੇ ਪੰਜਾਬੀ ਸਾਹਿਤ ਰਤਨ ਡਾ. ਰਤਨ ਸਿੰਘ ਜੱਗੀ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕਰਨਗੇ।
ਉਨ੍ਹਾਂ ਅੱਗੇ ਦੱਸਿਆ ਕਿ ਉਘੇ ਚਿੰਤਕ ਅਤੇ ਸ੍ਰੋਮਣੀ ਪੰਜਾਬੀ ਆਲਚੋਕ ਡਾ. ਸੁਰਜੀਤ ਸਿੰਘ ਭੱਟੀ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਸਬੰਧੀ ਆਪਣਾ ਕੁੰਜੀਵਤ ਭਾਸ਼ਣ ਪੇਸ਼ ਕਰਨਗੇ। ਜਦਕਿ ਸਮਾਗਮ ਵਿਚ ਉਘੇ ਸੂਫ਼ੀ ਗਾਇਕ ਇਰਸ਼ਾਦ ਮੁਹੰਮਦ ਆਪਣਾ ਕਲਾਮ ਪੇਸ਼ ਕਰਨਗੇ। ਉਨ੍ਹਾਂ ਦੱਸਿਆ ਕਿ 1 ਨਵੰਬਰ ਨੂੰ ਭਾਸ਼ਾ ਵਿਭਾਗ ਅਤੇ ਉਘੇ ਸਾਹਿਤਕਾਰਾਂ ਵੱਲੋਂ ਪੰਜਾਬੀ ਵਿਕਾਸ ਯਾਤਰਾ ਕੱਢੀ ਜਾਵੇਗੀ, ਜਿਸ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਪਟਿਆਲਾ ਤੋਂ ਸਵੇਰੇ ਸਵਾ 9 ਵਜੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਝੰਡੀ ਵਿਖਾ ਕੇ ਰਵਾਨਾ ਕਰਨਗੇ ਜੋਕਿ ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ ਹੁੰਦੇ ਹੋਏ ਭਾਸ਼ਾ ਭਵਨ, ਪਟਿਆਲਾ ਵਿਖੇ ਸੰਪੂਰਨ ਹੋਵੇਗੀ।
ਡਾਇਰੈਕਟਰ ਨੇ ਸਮੂਹ ਪੰਜਾਬੀਆਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਰਚਾਏ ਜਾ ਰਹੇ ਇਸ ਸਮਾਗਮ ਵਿਚ ਸਮੁੱਚੇ ਪੰਜਾਬ ਤੋਂ ਉਘੀਆ ਸ਼ਖ਼ਸੀਅਤਾਂ ਪਹੁੰਚ ਰਹੀਆਂ ਹਨ।