ਐਮ. ਪੀ ਮਨੀਸ਼ ਤਿਵਾੜੀ ਅਤੇ ਵਿਧਾਇਕ ਅੰਗਦ ਸਿੰਘ ਵੱਲੋਂ ਦੋ ਅਹਿਮ ਸੜਕਾਂ ਦੇ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ

ਨਵਾਂਸ਼ਹਿਰ, 9 ਅਕਤੂਬਰ :- ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਅਤੇ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਨੇ ਅੱਜ ਹਲਕਾ ਨਵਾਂਸ਼ਹਿਰ ਦੀਆਂ 7.22 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਦੋ ਅਹਿਮ ਸੜਕਾਂ ਦੇ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ ਕੀਤਾ। ਇਨਾਂ ਵਿਚ 3.75 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ 5.06 ਕਿਲੋਮੀਟਰ ਲੰਬੀ ਰਾਹੋਂ-ਔੜ ਰੋਡ ਤੋਂ ਸਤਲੁਜ ਬੰਨ ਵਾਇਆ ਕੰਗ, ਭਾਰਟਾ ਕਲਾਂ, ਲਾਲੇਵਾਲ, ਤਲਵੰਡੀ ਸਿੱਬੂ ਸੜਕ ਅਤੇ 3.47 ਕਰੋੜ ਦੀ ਲਾਗਤ ਨਾਲ ਬਣਨ ਵਾਲੀ 4.63 ਕਿਲੋਮੀਟਰ ਲੰਬੀ ਰਾਹੋਂ-ਔੜ ਰੋਡ ਤੋਂ ਦੁਧਾਲਾ, ਵਜ਼ੀਦਪੁਰ ਮੰਡੀ ਸੜਕ ਸ਼ਾਮਲ ਹੈ। ਇਸ ਮੌਕੇ ਐਮ. ਪੀ ਮਨੀਸ਼ ਤਿਵਾੜੀ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਉਸਾਰੀਆਂ ਜਾ ਰਹੀਆਂ ਇਨਾਂ ਸੜਕਾਂ ਦਾ ਕੰਮ ਇਕ ਸਾਲ ਅੰਦਰ ਮੁਕੰਮਲ ਕਰ ਲਿਆ ਜਾਵੇਗਾ ਅਤੇ ਪੰਜ ਸਾਲ ਤੱਕ ਸੜਕ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਸਬੰਧਤ ਏਜੰਸੀ ਦੀ ਹੋਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬਾ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਨੁਹਾਰ ਬਦਲਣ ਅਤੇ ਲੋਕਾਂ ਨੂੰ ਹਰੇਕ ਸਹੂਲਤ ਮੁਹੱਈਆ ਕਰਵਾਉਣ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਇਸ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸੂਬੇ ਦੀਆਂ ਸਾਰੀਆਂ ਮੁੱਖ ਅਤੇ ਸੰਪਰਕ ਸੜਕਾਂ ਦੇ ਨਵੀਨੀਕਰਨ ਅਤੇ ਮਜ਼ਬੂਤੀਕਰਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਉਨਾਂ ਅਧਿਕਾਰੀਆਂ ਨੂੰ ਸੜਕ ਲਈ ਵਰਤੇ ਜਾਣ ਵਾਲੇ ਮਟੀਰੀਅਲ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕਰਨ ਕਰਨ ਦੀ ਹਦਾਇਤ ਕੀਤੀ।
ਹਲਕਾ ਵਿਧਾਇਕ ਅੰਗਦ ਸਿੰਘ ਨੇ ਇਸ ਮੌਕੇ ਕਿਹਾ ਕਿ ਨਵਾਂਸ਼ਹਿਰ ਹਲਕੇ ਦੀਆਂ ਸਾਰੀਆਂ ਮੁੱਖ ਸੜਕਾਂ ਤੋਂ ਇਲਾਵਾ ਪਿੰਡਾਂ ਦੀਆਂ ਸੜਕਾਂ ਦਾ ਵੀ ਕਾਇਆ ਕਲਪ ਕੀਤਾ ਗਿਆ ਹੈ। ਉਨਾਂ ਕਿਹਾ ਕਿ ਉਹ ਬਹੁਤ ਮਾਣ ਨਾਲ ਕਹਿ ਸਕਦੇ ਹਨ ਕਿ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਵਿਚ ਲੋਕ ਨਿਰਮਾਣ ਵਿਭਾਗ ਦੀ ਕੋਈ ਵੀ ਸੜਕ ਮੁਰੰਮਤ ਤੋਂ ਵਾਂਝੀ ਨਹੀਂ ਰਹੀ। ਉਨਾਂ ਕਿਹਾ ਕਿ ਨਵਾਂਸ਼ਹਿਰ ਹਲਕੇ ਦੇ ਸਰਬਪੱਖੀ ਵਿਕਾਸ ਲਈ ਸ੍ਰੀ ਤਿਵਾੜੀ ਵੱਲੋਂ ਦਿੱਤੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਹਲਕਾ ਵਾਸੀ ਸਦਾ ਉਨਾਂ ਦੇ ਰਿਣੀ ਰਹਿਣਗੇ।
ਇਸ ਮੌਕੇ ਪੰਜਾਬ ਲਾਰਜ ਇੰਡਸਟ੍ਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਇੰਪਰੂਵਮੈਂਟ ਟਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਡਾ. ਕਮਲਜੀਤ ਲਾਲ, ਸਰੰਪਚ ਹਰਭਜਨ ਸਿੰਘ, ਸਾਬਕਾ ਸਰਪੰਚ ਸੰਤੋਖ ਸਿੰਘ, ਪੰਚ ਹਰਪਾਲ ਸਿੰਘ, ਸਕੱਤਰ ਜਸਵਿੰਦਰ ਸਿੰਘ, ਡਾ. ਗੁਰਨਾਮ ਸੈਣੀ ਰਾਹੋਂ, ਪ੍ਰੇਮ ਸਿੰਘ ਦਰੀਆਪੁਰ, ਅਜੀਤ ਸਿੰਘ ਸਰਪੰਚ ਸੋਇਤਾ, ਗੋਪਾਲ ਸਿੰਘ, ਪਿੰਕਾ, ਸੁਰਜੀਤ ਸਿੰਘ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਕੈਪਸ਼ਨ : -ਸੜਕਾਂ ਦੇ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ ਕਰਦੇ ਹੋਏ ਐਮ. ਪੀ ਮਨੀਸ਼ ਤਿਵਾੜੀ ਅਤੇ ਵਿਧਾਇਕ ਅੰਗਦ ਸਿੰਘ।