ਵਿਸ਼ੇਸ਼ ਸਾਰੰਗਲ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਨਵਾਂਸ਼ਹਿਰ, 4 ਅਕਤੂਬਰ : 2013 ਬੈਚ ਦੇ ਆਈ. ਏ. ਐਸ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਵਿਖੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਉਹ ਵਧੀਕ ਡਿਪਟੀ ਕਮਿਸ਼ਨਰ (ਜ) ਹੁਸ਼ਿਆਰਪੁਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਹ ਡਾ. ਸ਼ੇਨਾ ਅਗਰਵਾਲ ਦੀ ਥਾਂ ਇਥੇ ਆਏ ਹਨ, ਜਿਨਾਂ ਨੂੰ ਮਿਊਂਸਪਲ ਕਮਿਸ਼ਨਰ ਪਠਾਨਕੋਟ ਵਜੋਂ ਤਾਇਨਾਤ ਕੀਤਾ ਗਿਆ ਹੈ। ਵਿੱਦਿਅਕ ਯੋਗਤਾ ਪੱਖੋਂ ਥਾਪਰ ਯੂਨੀਵਰਸਿਟੀ ਤੋਂ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਉਨਾਂ ਆਈ. ਆਈ. ਟੀ ਬੰਬੇ ਤੋਂ ਐਮ. ਬੀ. ਏ ਕੀਤੀ ਹੋਈ ਹੈ। ਪ੍ਰਸ਼ਾਸਨਿਕ ਅਧਿਕਾਰੀ ਵਜੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਜੋਂ ਜਲੰਧਰ ਅਤੇ ਅੰਮਿ੍ਰਤਸਰ ਵਿਖੇ ਸੇਵਾਵਾਂ ਦੇਣ ਤੋਂ ਇਲਾਵਾ ਉਹ ਸਮਾਰਟ ਸਿਟੀ ਜਲੰਧਰ ਦੇ ਸੀ. ਈ. ਓ ਅਤੇ ਵਧੀਕ ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ ਜਲੰਧਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਅਹੁਦਾ ਸੰਭਾਲਣ ਤੋਂ ਬਾਅਦ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਉਨਾਂ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੀ ਪਵਿੱਤਰ ਧਰਤੀ ਤੋਂ ਆਪਣੇ ਡਿਪਟੀ ਕਮਿਸ਼ਨਰ ਕਰੀਅਰ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਹੈ। ਉਨਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨਾਲ ਜੁੜੇ ਇਸ ਜ਼ਿਲੇ ਵਿਚ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ, ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣਾ, ਸਰਕਾਰੀ ਸਕੀਮਾਂ ਦਾ ਲਾਭ ਉਨਾਂ ਤੱਕ ਪਹੁੰਚਾਉਣਾ ਅਤੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ ਕੇ ਜ਼ਿਲੇ ਨੂੰ ਬੁਲੰਦੀਆਂ 'ਤੇ ਪਹੁੰਚਾਉਣਾ ਉਨਾਂ ਦੀ ਮੁੱਖ ਤਰਜੀਹ ਹੋਵੇਗੀ। ਉਨਾਂ ਕਿਹਾ ਕਿ ਉਹ ਜ਼ਿਲਾ ਵਾਸੀਆਂ ਦੀ ਸੇਵਾ ਵਿਚ 24 ਘੰਟੇ ਹਾਜ਼ਰ ਰਹਿਣਗੇ। 
ਇਸ ਤੋਂ ਪਹਿਲਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚਣ 'ਤੇ ਪੁਲਿਸ ਦੀ ਟੁਕੜੀ ਨੇ ਉਨਾਂ ਨੂੰ ਸ਼ਾਨਦਾਰ 'ਗਾਰਡ ਆਫ਼ ਆਨਰ' ਦਿੱਤਾ ਗਿਆ। ਡਾ. ਸ਼ੇਨਾ ਅਗਰਵਾਲ ਨੇ ਇਸ ਮੌਕੇ ਉਨਾਂ ਨੂੰ ਵਧਾਈ ਦਿੰਦਿਆਂ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਉਨਾਂ ਦਾ ਸਵਾਗਤ ਕਰਨ ਵਾਲਿਆਂ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਐਸ. ਡੀ. ਐਮ ਬੰਗਾ ਵਿਰਾਜ ਤਿੜਕੇ, ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ. ਡੀ. ਐਮ ਬਲਾਚੌਰ ਦੀਪਕ ਰੁਹੇਲਾ, ਐਸ. ਪੀ ਪਿਰਥੀਪਾਲ ਸਿੰਘ, ਜ਼ਿਲਾ ਮਾਲ ਅਫ਼ਸਰ ਅਜੀਤ ਪਾਲ ਸਿੰਘ, ਤਹਿਸੀਲਦਾਰ ਨਵਾਂਸ਼ਹਿਰ ਬਲਜਿੰਦਰ ਸਿੰਘ, ਨਾਇਬ ਤਹਿਸੀਲਦਾਰ ਕੁਲਵਰਨ ਸਿੰਘ, ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ ਤੇ ਹੋਰ ਅਧਿਕਾਰੀ ਸ਼ਾਮਲ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੇ ਪਰਿਵਾਰਕ ਮੈਂਬਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।