ਦਿਵਿਆਂਗਾਂ ਨੂੰ ਪਹਿਲ ਦੇ ਆਧਾਰ 'ਤੇ ਦਿੱਤਾ ਜਾਵੇਗਾ ਸਰਕਾਰੀ ਸਕੀਮਾਂ ਦਾ ਲਾਭ : ਡਾ. ਗੀਤਾਂਜਲੀ ਸਿੰਘ

ਕਮਿਊਨਿਟੀ ਸਿਹਤ ਕੇਂਦਰ ਰਾਹੋਂ ਵਿਖੇ ਦਿਵਿਆਂਗਤਾ ਸਰਟੀਫਿਕੇਟ ਬਣਾਉਣ ਲਈ ਲਗਾਇਆ ਵਿਸ਼ੇਸ਼ ਕੈਂਪ
ਨਵਾਂਸ਼ਹਿਰ, 6 ਅਕਤੂਬਰ 2021:-  ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨੇ ਦਿਵਿਆਂਗ ਵਿਅਕਤੀਆਂ ਦੇ ਦਿਵਿਆਂਗਤਾ ਸਰਟੀਫਿਕੇਟ ਅਤੇ ਵਿਲੱਖਣ ਪਹਿਚਾਣ ਪੱਤਰ (ਯੂ.ਡੀ.ਆਈ.ਡੀ.) ਬਣਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ ਤਾਂ ਜੋ ਉਹ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਭਰਪੂਰ ਲਾਹਾ ਲੈ ਸਕਣ। ਇਸੇ ਕੜੀ ਤਹਿਤ ਅੱਜ ਕਮਿਊਨਿਟੀ ਸਿਹਤ ਕੇਂਦਰ ਰਾਹੋਂ ਵਿਖੇ ਦਿਵਿਆਂਗਤਾ ਸਰਟੀਫਿਕੇਟ ਬਣਾਉਣ ਲਈ ਇਕ ਵਿਸ਼ੇਸ਼ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਨੇ 12 ਦਿਵਿਆਂਗ ਵਿਅਕਤੀਆਂ ਦੀ ਮੌਕੇ 'ਤੇ ਹੀ ਦਿਵਿਆਂਗਤਾ ਦੀ ਫੀਸਦੀ ਚੈੱਕ ਕਰਕੇ ਦਿਵਿਆਂਗਤਾ ਸਰਟੀਫਿਕੇਟ ਬਣਾਉਣ ਲਈ ਪ੍ਰਕਿਰਿਆ ਆਰੰਭ ਕੀਤੀ, ਜਦੋਂਕਿ ਬਾਕੀਆਂ ਨੂੰ ਅਗਲੇਰੀ ਜਾਂਚ ਲਈ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਨੇ ਕਮਿਊਨਿਟੀ ਹੈਲਥ ਸੈਂਟਰ ਰਾਹੋਂ ਵਿਖੇ ਲਗਾਏ ਗਏ ਕੈਂਪ ਵਿੱਚ ਪਹੁੰਚ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਨ੍ਹਾਂ ਨੂੰ ਆਪਣਾ ਦਿਵਿਆਂਗਤਾ ਸਰਟੀਫਿਕੇਟ ਬਣਾ ਕੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਭਰਪੂਰ ਲਾਹਾ ਲੈਣਾ ਚਾਹੀਦਾ ਹੈ। ਇਸ ਮੁਹਿੰਮ ਦੀ ਵਿਸਤ੍ਰਤ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਨੇ ਦੱਸਿਆ ਕਿ ਦਿਵਿਆਂਗਤਾ ਸਰਟੀਫਿਕੇਟ ਨਾਲ ਇੱਕ ਪਾਸੇ ਦਿਵਿਆਂਗ ਵਿਅਕਤੀ ਸਾਰੀਆਂ ਸਰਕਾਰੀ ਸਹੂਲਤਾਂ ਪ੍ਰਾਪਤ ਕਰ ਸਕਣਗੇ, ਜਦੋਂਕਿ ਦੂਜੇ ਪਾਸੇ ਉਨ੍ਹਾਂ ਨੂੰ ਪਿੰਡ, ਬਲਾਕ, ਜ਼ਿਲ੍ਹਾ, ਸੂਬਾ ਅਤੇ ਰਾਸ਼ਟਰੀ ਪੱਧਰ 'ਤੇ ਮੁੱਖਧਾਰਾ ਵਿੱਚ ਲਿਆਂਦਾ ਜਾ ਸਕੇਗਾ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਦਿਵਿਆਂਗ ਵਿਅਕਤੀਆਂ ਕੋਲ ਸਿਹਤ ਵਿਭਾਗ ਦੁਆਰਾ ਜਾਰੀ ਆਫ਼ਲਾਈਨ ਸਰਟੀਫਿਕੇਟ ਹਨ, ਉਹ ਵੀ ਇਹ ਵਿਲੱਖਣ ਪਹਿਚਾਣ ਪੱਤਰ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਨਵਾਂ ਦਿਵਿਆਂਗਤਾ ਸਰਟੀਫਿਕੇਟ ਬਣਾਉਣਾ ਚਾਹੁੰਦੇ ਹਨ, ਉਹ ਨੇੜੇ ਦੇ ਸੀਨੀਅਰ ਮੈਡੀਕਲ ਅਫਸਰ ਦੇ ਦਫਤਰ ਜਾਂ ਦਫਤਰ ਸਿਵਲ ਸਰਜਨ ਨਵਾਂਸ਼ਹਿਰ ਵਿਖੇ ਸੰਪਰਕ ਕਰ ਸਕਦੇ ਹਨ। ਸਿਹਤ ਵਿਭਾਗ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਕਰਕੇ ਉਨ੍ਹਾਂ ਦੀ ਅਸਮਰੱਥਾ ਮੁਤਾਬਿਕ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ, ਜਿਸ ਦੇ ਲਈ ਵਿਅਕਤੀ ਨੂੰ ਸਬੰਧਿਤ ਮਾਹਰ ਡਾਕਟਰ ਤੋਂ ਆਪਣਾ ਚੈਕਅੱਪ ਕਰਵਾ ਕੇ ਟੈਸਟ ਰਿਪੋਰਟ ਲਈ ਜਾਂਦੀ ਹੈ। ਇਸ ਰਿਪੋਰਟ ਦੇ ਅਧਾਰ 'ਤੇ ਉਸ ਦਾ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਰਾਹੀ ਸਰਟੀਫਿਕੇਟ ਬਣਾਇਆ ਜਾਂਦਾ ਹੈ, ਜੋ ਉਸ ਦੇ ਦਿਵਿਆਂਗ ਹੋਣ ਨੂੰ ਤਸਦੀਕ ਕਰਦਾ ਹੈ ਅਤੇ ਦਿਵਿਆਂਗ ਵਿਅਕਤੀ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਲੈ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂਰਲ ਮੈਡੀਕਲ ਅਫਸਰ ਡਾ ਰਣਜੀਤ ਹਰੀਸ਼, ਡਾ ਗੁਰਪਿੰਦਰ ਕੌਰ, ਬਲਾਕ ਐਜੂਕੇਟਰ ਮਨਿੰਦਰ ਸਿੰਘ, ਐੱਚ ਆਈ ਰਵੀਇੰਦਰ ਸਿੰਘ, ਸੀ ਐੱਚ ਓ ਮਨਪ੍ਰੀਤ ਕੌਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।