ਨਵਾਂਸ਼ਹਿਰ, 6 ਅਕਤੂਬਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਦੂਜੇ ਰਾਜਾਂ ਤੋਂ ਅਣ-ਅਧਿਕਾਰਤ ਆਉਣ ਵਾਲੇ ਝੋਨੇ/ਚਾਵਲ ਦੀ ਚੈਕਿੰਗ ਕਰਨ ਲਈ ਮਾਰਕੀਟ ਕਮੇਟੀ ਪੱਧਰ 'ਤੇ ਉਡਣ ਦਸਤਿਆਂ (ਫਲਾਇੰਗ ਸਕੁਐਡ) ਦਾ ਗਠਨ ਕੀਤਾ ਹੈ। ਇਸਦੇ ਅਨੁਸਾਰ ਮਾਰਕੀਟ ਕਮੇਟੀ ਨਵਾਂਸ਼ਹਿਰ ਲਈ ਗਠਿਤ ਉਡਣ ਦਸਤੇ ਵਿਚ ਡੀ. ਐਸ. ਪੀ ਸਬ-ਡਵੀਜ਼ਨ ਨਵਾਂਸ਼ਹਿਰ ਦਵਿੰਦਰ ਸਿੰਘ, ਤਹਿਸੀਲਦਾਰ ਨਵਾਂਸ਼ਹਿਰ ਬਲਜਿੰਦਰ ਸਿੰਘ, ਸਕੱਤਰ ਮਾਰਕੀਟ ਕਮੇਟੀ ਨਵਾਂਸ਼ਹਿਰ ਪਰਮਜੀਤ ਸਿੰਘ, ਏ. ਐਫ. ਐਸ. ਓ ਔੜ ਰਵਿੰਦਰ ਕੁਮਾਰ ਅਤੇ ਆਬਕਾਰੀ ਤੇ ਕਰ ਇੰਸਪੈਕਟਰ ਨਵਾਂਸ਼ਹਿਰ ਹਰਜਿੰਦਰ ਸਿੰਘ ਸ਼ਾਮਲ ਹਨ। ਇਸੇ ਤਰਾਂ ਮਾਰਕੀਟ ਕਮੇਟੀ ਬੰਗਾ ਲਈ ਗਠਿਤ ਉਡਣ ਦਸਤੇ ਵਿਚ ਡੀ. ਐਸ. ਪੀ ਬੰਗਾ ਹੰਸ ਰਾਜ, ਤਹਿਸੀਲਦਾਰ ਬੰਗਾ ਕੁਲਵੰਤ ਸਿੰਘ, ਸਕੱਤਰ ਮਾਰਕੀਟ ਕਮੇਟੀ ਬੰਗਾ ਵਰਿੰਦਰ ਕੁਮਾਰ, ਏ. ਐਫ. ਐਸ. ਓ ਬੰਗਾ ਵਿਜੇ ਸ਼ਰਮਾ ਅਤੇ ਆਬਕਾਰੀ ਤੇ ਕਰ ਇੰਸਪੈਕਟਰ ਬੰਗਾ ਸ਼ੇਖਰ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਾਰਕੀਟ ਕਮੇਟੀ ਬਲਾਚੌਰ ਲਈ ਗਠਿਤ ਕੀਤੇ ਉਡਣ ਦਸਤੇ ਵਿਚ ਡੀ. ਐਸ. ਪੀ ਬਲਾਚੌਰ ਤਰਲੋਚਨ ਸਿੰਘ, ਤਹਿਸੀਲਦਾਰ ਬਲਾਚੌਰ ਲਖਵਿੰਦਰ ਸਿੰਘ, ਸਕੱਤਰ ਮਾਰਕੀਟ ਕਮੇਟੀ ਬਲਾਚੌਰ ਸੁਰਿੰਦਰ ਪਾਲ, ਏ. ਐਫ. ਐਸ. ਓ ਬਲਾਚੌਰ ਮਨਜੀਤ ਸਿੰਘ ਅਤੇ ਆਬਕਾਰੀ ਤੇ ਕਰ ਇੰਸਪੈਕਟਰ ਬਲਾਚੌਰ ਸੁਖਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਦਸਤੇ ਆਪਣੇ ਨਾਲ ਸਬੰਧਤ ਮੰਡੀਆਂ ਵਿਚ ਖਾਸ ਤੌਰ 'ਤੇ ਸ਼ਾਮ/ਰਾਤ ਦੇ ਸਮੇਂ ਚੈਕਿੰਗ ਕਰਨਗੇ ਅਤੇ ਗੈਰ-ਕਾਨੂੰਨੀ ਝੋਨਾ/ਚਾਵਲ ਵਾਲੇ ਟਰੱਕ/ਗੋਦਾਮ ਜ਼ਬਤ ਕਰਦੇ ਹੋਏ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣਗੇ। ਇਹ ਦਸਤੇ ਕੀਤੀ ਗਈ ਕਾਰਵਾਈ ਬਾਰੇ ਰੋਜ਼ਾਨਾ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਸਬੰਧਤ ਐਸ. ਡੀ. ਐਮ ਰਾਹੀਂ ਭੇਜਣਗੇ। ਜ਼ਿਕਰਯੋਗ ਹੈ ਕਿ ਡਾਇਰੈਕਟਰ, ਖ਼ੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਕਿ ਰਾਜ ਦੀਆਂ ਮੰਡੀਆਂ ਵਿਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਰੀਸਾਈਕਲਿੰਗ/ਬੋਗਸ ਬਿਲਿੰਗ ਦੀ ਮਨਸ਼ਾ ਨਾਲ ਝੋਨਾ/ਚਾਵਲ ਲਿਆਉਣਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ 'ਤੇ ਪੰਜਾਬ ਸਰਕਾਰ ਵੱਲੋਂ ਹਰੇਕ ਜ਼ਿਲੇ ਵਿਚ ਮਾਰਕੀਟ ਕਮੇਟੀ ਪੱਧਰ 'ਤੇ ਦੂਜੇ ਰਾਜਾਂ ਤੋਂ ਅਣ-ਅਧਿਕਾਰਤ ਆਉਣ ਵਾਲੇ ਝੋਨੇ/ਚਾਵਲ ਦੀ ਚੈਕਿੰਗ ਲਈ ਉਡਣ ਦਸਤਿਆਂ ਦੇ ਗਠਨ ਦਾ ਫ਼ੈਸਲਾ ਕੀਤਾ ਗਿਆ ਹੈ।