*ਸ਼ਹੀਦ ਭਗਤ ਸਿੰਘ ਨਗਰ ਬੱਸ ਸਟੈਂਡ ਦੀ ਸਾਫ਼-ਸਫ਼ਾਈ ਲਈ ਕੀਤੇ ਜਾ ਰਹੇ ਹਨ ਵਿਸ਼ੇਸ਼ ਉਪਰਾਲੇ
ਨਵਾਂਸ਼ਹਿਰ, 1 ਅਕਤੂਬਰ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਬੱਸ ਸੇਵਾ ਦੀ ਸਹੂਲਤ ਦੇਣ ਅਤੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇਣ ਲਈ ਸਟੇਜ ਕੈਰਿਜ ਬੱਸਾਂ ਦੇ ਰੂਟ ਪਰਮਿਟ ਜਾਰੀ ਕਰਨ ਦਾ ਫ਼ੈਸਲਾ ਲਿਆ ਗਿਆ ਸੀ, ਜਿਸ ਤਹਿਤ ਟ੍ਰਾਂਸਪੋਰਟ ਮੰਤਰੀ ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੀਤੇ ਦਿਨ ਟ੍ਰਾਂਸਪੋਰਟ ਵਿਭਾਗ ਦੇ ਸਮੂਹ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਇਹ ਆਦੇਸ਼ ਦਿੱਤੇ ਗਏ ਕਿ ਇਸ ਸਕੀਮ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ। ਇਹ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਦੇ ਜਨਰਲ ਮੈਨੇਜਰ ਰਾਜੀਵ ਦੱਤਾ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ 248 ਵੱਖ-ਵੱਖ ਰੂਟਾਂ 'ਤੇ 864 ਸਟੇਜ ਕੈਰਿਜ ਬੱਸਾਂ ਦੇ ਰੂਟ ਪਰਮਿਟ ਜਾਰੀ ਕੀਤੇ ਜਾ ਰਹੇ ਹਨ, ਜਿਨਾਂ ਵਿਚੋਂ 502 ਰੂਟ ਪਰਮਿਟ ਨੈਸ਼ਨਲ ਹਾਈਵੇਜ਼ ਦੇ ਹਨ ਅਤੇ 362 ਰੂਟ ਪਰਮਿਟ ਸਟੇਟ ਹਾਈਵੇਜ਼ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਅਤੇ ਆਮ ਲੋਕਾਂ ਨੂੰ ਬੱਸ ਸੇਵਾ ਮੁਹੱਈਆ ਕਰਵਾਉਣ ਲਈ ਦੇ ਮਕਸਦ ਨਾਲ ਕਾਫੀ ਗਿਣਤੀ ਵਿਚ ਮਿੰਨੀ ਬੱਸਾਂ ਦੇ ਰੂਟ ਪਰਮਿਟ ਵੀ ਜਾਰੀ ਕੀਤੇ ਜਾ ਰਹੇ ਹਨ। ਇਹ ਰੂਟ ਪਰਮਿਟ ਰਿਜਨਲ ਟ੍ਰਾਂਸਪੋਰਟ ਅਥਾਰਟੀ ਅੰਮਿ੍ਰਤਸਰ, ਬਠਿੰਡਾ, ਜਲੰਧਰ, ਫ਼ਰੀਦਕੋਟ ਅਤੇ ਹੁਸ਼ਿਆਰਪੁਰ ਦੇ ਦਫ਼ਤਰ ਵੱਲੋਂ ਜਾਰੀ ਕੀਤੇ ਜਾਣੇ ਹਨ ਅਤੇ ਇਨਾਂ ਰੂਟ ਪਰਮਿਟਾਂ ਦੀਆਂ ਲਿਸਟਾਂ ਇਨਾਂ ਆਰ. ਟੀ. ਏ ਦਫ਼ਤਰਾਂ ਅਤੇ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਪੰਜਾਬ, ਚੰਡੀਗੜ ਦੇ ਦਫ਼ਤਰ ਵਿਚ ਮੌਜੂਦ ਹਨ। ਨਵੇਂ ਰੂਟ ਪਰਮਿਟਾਂ ਦੀ ਜਾਣਕਾਰੀ ਉਪਰੋਕਤ ਆਰ. ਟੀ. ਏ ਦਫ਼ਤਰਾਂ ਅਤੇ ਸਟੇਟ ਟ੍ਰਾਂਸਪੁਰਟ ਕਮਿਸ਼ਨਰ ਪੰਜਾਬ ਦੇ ਦਫ਼ਤਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਰੂਟ ਪਰਮਿਟ ਲੈਣ ਲਈ 7 ਅਕਤੂਬਰ 2021 ਤੱਕ ਉਪਰੋਕਤ ਆਰ. ਟੀ. ਏ ਦਫ਼ਤਰ/ਐਸ. ਟੀ. ਸੀ ਦਫ਼ਤਰ ਵਿਚ ਅਪਲਾਈ ਕੀਤਾ ਜਾ ਸਕਦਾ ਹੈ। ਜਨਰਲ ਮੈਨੇਜਰ ਰਾਜੀਵ ਦੱਤਾ ਨੇ ਇਹ ਵੀ ਦੱਸਿਆ ਕਿ ਟ੍ਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਸਮੂਹ ਜਨਰਲ ਮੈਨੇਜਰਾਂ ਨੂੰ ਬੱਸ ਸਟੈਂਡਾਂ ਅਤੇ ਬੱਸਾਂ ਦੀ ਸਾਫ਼-ਸਫ਼ਾਈ ਰੱਖਣ ਸਬੰਧੀ ਵੀ ਆਦੇਸ਼ ਦਿੱਤੇ ਗਏ। ਉਨਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਬੱਸ ਸਟੈਂਡ ਦੀ ਸਾਫ਼-ਸਫ਼ਾਈ ਸਬੰਧੀ ਡਿਪੂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਬੱਸ ਸਟੈਂਡ ਦੀ ਸਾਫ਼-ਸਫ਼ਾਈ ਸਬੰਧੀ ਰੋਜ਼ਾਨਾ ਪੱਧਰ 'ਤੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਬੱਸਾਂ ਨੂੰ ਰੂਟ 'ਤੇ ਭੇਜਣ ਤੋਂ ਪਹਿਲਾਂ ਅੰਦਰੋਂ ਅਤੇ ਬਾਹਰੋਂ ਸਾਫ਼ ਰੱਖਣ ਲਈ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਮੌਕੇ ਸਟੇਸ਼ਨ ਸੁਪਰਵਾਈਜ਼ਰ ਗੁਰਨਾਮ ਸਿੰਘ, ਵਰਕਸ ਮੈਨੇਜਰ ਜਸਮੀਤ ਸਿੰਘ, ਸਹਾਇਕ ਮਕੈਨੀਕਲ ਅਫ਼ਸਰ ਗੁਰਤੇਜ ਸਿੰਘ, ਸੁਪਰਡੈਂਟ ਮਨਜੀਤ ਸਿੰਘ, ਸੀਨੀਅਰ ਸਹਾਇਕ ਸਤਪਾਲ ਤੇ ਹੋਰ ਹਾਜ਼ਰ ਸਨ।
ਕੈਪਸ਼ਨ :-ਬੱਸ ਸਟੈਂਡ ਵਿਖੇ ਗੱਲਬਾਤ ਕਰਦੇ ਹੋਏ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਰਾਜੀਵ ਦੱਤਾ ਅਤੇ ਹੋਰ ਅਧਿਕਾਰੀ।