ਨਵਾਂਸ਼ਹਿਰ, 01 ਅਕਤੂਬਰ : ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਅੱਜ ਜ਼ਿਲ੍ਹੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾ ਰਿਹਾ ਹੈ, ਜਿਸ ਦਾ ਮੁੱਖ ਮਕਸਦ ਬਜ਼ੁਰਗਾਂ ਵਿਰੁੱਧ ਹੋ ਰਹੇ ਦੁਰਵਿਵਹਾਰ ਅਤੇ ਅਨਿਆਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸੇ ਦੌਰਾਨ ਬਾਈ ਜੀ ਦੀ ਕੁਟੀਆ,ਪੰਡੋਰਾ ਮੁਹੱਲਾ ਨਵਾਂਸ਼ਹਿਰ ਵਿਖੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਉਮਰ ਦੇ ਇਸ ਪੜਾਅ ਵਿਚ ਬਜ਼ੁਰਗਾਂ ਨੂੰ ਆਪਣਿਆਂ ਦੇ ਪਿਆਰ, ਸਨਮਾਨ ਅਤੇ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਇਸ ਨੂੰ ਅਣਗੌਲਿਆਂ ਨਹੀਂ ਕਰਨਾ ਚਾਹੀਦਾ। ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਕਿਹਾ ਕਿ ਇਕ ਦਿਨ ਹਰ ਕਿਸੇ ਨੇ ਬਿਰਧ ਅਵਸਥਾ ਵਿਚੋਂ ਲੰਘਣਾ ਹੈ, ਇਸ ਲਈ ਸਮਾਜ ਵਿਚ ਅਜਿਹੀਆਂ ਪਿਰਤਾਂ ਕਾਇਮ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜਿਸ ਨਾਲ ਹਰ ਵਿਅਕਤੀ ਨੂੰ ਆਪਣੀ ਬਿਰਧ ਅਵਸਥਾ ਦੌਰਾਨ ਸਮਾਜ ਵਿਚ ਬਣਦਾ ਸਤਿਕਾਰ ਮਿਲੇ। ਡਾ ਗੁਰਿੰਦਰਬੀਰ ਕੌਰ ਨੇ ਕਿਹਾ ਕਿ ਸਾਡੇ ਬਜ਼ੁਰਗ ਸਾਡੇ ਦੇਸ਼ ਦਾ ਵਡਮੁੱਲਾ ਸਰਮਾਇਆ ਹਨ, ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਦੇ ਤਜ਼ਰਬੇ ਅਪਣਾ ਕੇ ਹੀ ਸਾਡੀ ਅਗਲੀ ਪੀੜ੍ਹੀ ਅੱਗੇ ਵਧਦੀ ਹੈ। ਡਾ ਕੌਰ ਨੇ ਕਿਹਾ ਕਿ ਸਮਾਜ ਵਿਚ ਬਜ਼ੁਰਗਾਂ ਦਾ ਪੂਰਾ ਮਾਣ ਸਤਿਕਾਰ ਹੀ ਸਾਨੂੰ ਇਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਦਰਜਾ ਪ੍ਰਦਾਨ ਕਰਦਾ ਹੈ। ਸਾਨੂੰ ਬਜ਼ੁਰਗਾਂ ਦੀ ਸੇਵਾ ਕਰਕੇ ਆਪਣੇ ਖੁਦ ਦੇ ਭਵਿੱਖ ਨੂੰ ਵੀ ਸੁਰੱਖਿਅਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਬਜ਼ੁਰਗਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਬਜ਼ੁਰਗਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਜੇਕਰ ਕੋਈ ਬਜ਼ੁਰਗ ਵਿਅਕਤੀ ਇਲਾਜ ਲਈ ਹਸਪਤਾਲ ਜਾਂਦਾ ਹੈ ਤਾਂ ਡਾਕਟਰਾਂ ਵੱਲੋਂ ਪਹਿਲ ਦੇ ਆਧਾਰ ਉੱਤੇ ਉਸ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਬਜ਼ੁਰਗਾਂ ਵਿਰੁੱਧ ਹੋ ਰਹੇ ਦੁਰਵਿਵਹਾਰ ਅਤੇ ਅਨਿਆਂ ਨੂੰ ਰੋਕਣ ਲਈ ਨੈਸ਼ਨਲ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੋਇਆ ਹੈ। ਕੋਈ ਵੀ ਬਿਰਧ ਨਾਗਰਿਕ ਲੋੜ ਪੈਣ ਉੱਤੇ ਆਪਣੀ ਸ਼ਿਕਾਇਤ ਇਸ ਨੰਬਰ ਉਤੇ ਦਰਜ ਕਰਵਾ ਸਕਦਾ ਹੈ।
ਅੰਤ ਵਿਚ ਸਿਵਲ ਸਰਜਨ ਨੇ ਬਿਰਧ ਵਿਅਕਤੀਆਂ ਨੂੰ ਕੋਰੋਨਾ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਕੋਵਿਡ-19 ਮਹਾਂਮਾਰੀ ਵਿਰੁੱਧ ਲੜਾਈ ਵਿਚ ਘਰਾਂ ਅੰਦਰ ਰਹਿ ਕੇ ਹੀ ਦੂਰ ਸੰਚਾਰ ਮਾਧਿਅਮਾਂ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕਰਕੇ ਆਪਣੀ ਅਹਿਮ ਭੂਮਿਕਾ ਨਿਭਾ ਸਕਦੇ ਹਨ।