ਕਿਸਾਨਾਂ ਦੀ ਹੱਤਿਆ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵਲੋਂ ਡੀ ਸੀ ਦਫਤਰ ਅੱਗੇ ਧਰਨਾ

 ਨਵਾਂਸ਼ਹਿਰ 4 ਅਕਤੂਬਰ :-  ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਲੜਕੇ ਵਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਉੱਤੇ ਗੱਡੀ ਚੜ੍ਹਾਕੇ  ਕਿਸਾਨਾਂ ਦੀ ਹੱਤਿਆ ਕਰਨ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਦਿੱਤਾ ਗਿਆ ਜੋ ਬਾਅਦ ਦੁਪਹਿਰ 1 ਵਜੇ ਤੱਕ ਜਾਰੀ ਰਿਹਾ।ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਮੋਰਚੇ ਦੇ ਆਗੂਆਂ ਭੁਪਿੰਦਰ ਸਿੰਘ ਵੜੈਚ,ਸੁਰਿੰਦਰ ਸਿੰਘ ਬੈਂਸ, ਕੁਲਦੀਪ ਸਿੰਘ ਦਿਆਲ,ਸੋਹਣ ਸਿੰਘ ਸਲੇਮਪੁਰੀ,ਕੁਲਦੀਪ ਸਿੰਘ ਸੁੱਜੋਂ,ਤਰਸੇਮ ਸਿੰਘ ਬੈਂਸ, ਰਣਜੀਤ ਸਿੰਘ ਰਟੈਂਡਾ, ਸੁਤੰਤਰ ਕੁਮਾਰ ,ਸੁਰਜੀਤ ਕੌਰ ਉਟਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਤੇ ਇਸਦੇ ਗੁੰਡੇ ਅੰਨਦਾਤੇ ਦੀਆਂ ਹੱਤਿਆਵਾਂ ਕਰਨ ਉੱਤੇ ਉਤਰ ਆਈ ਹੈ।ਉਹਨਾਂ ਕਿਹਾ ਕਿ ਜਿਲਾ ਲਖੀਮਪੁਰ ਖੇੜੀ ਉੱਤਰ ਪ੍ਰਦੇਸ਼ ਵਿਖੇ ਸੰਘਰਸ਼ਸ਼ੀਲ ਕਿਸਾਨਾਂ ਦਾ ਡੁੱਲਿਆ ਲਹੂ ਅਜਾਂਈ ਨਹੀਂ ਜਾਵੇਗਾ।ਕਿਸਾਨਾਂ ਦੇ ਇਹਨਾਂ ਕਤਲਾਂ ਕਾਰਨ ਕੇਂਦਰ ਸਰਕਾਰ ਅਤੇ ਯੂ.ਪੀ ਸਰਕਾਰ ਵਿਰੁੱਧ ਦੇਸ਼ ਭਰ ਦੇ ਲੋਕਾਂ ਦਾ ਗੁੱਸਾ ਵਿਆਪਕ ਪੱਧਰ ਉੱਤੇ ਹੈ ਲੋਕ ਇਸਦਾ ਹਿਸਾਬ ਲੈਕੇ ਹੀ ਦੰਮ ਲੈਣਗੇ।ਆਗੂਆਂ ਨੇ ਕਿਹਾ ਕਿ ਇਸ ਘਟਨਾ ਨੇ ਭਾਰਤੀ ਜਨਤਾ ਪਾਰਟੀ ਦਾ ਫਾਸ਼ੀਵਾਦੀ ਚਿਹਰਾ ਨੰਗਾ ਕਰ ਦਿੱਤਾ ਹੈ।ਇਸਤੋਂ ਪਹਿਲਾਂ 700 ਦੇ ਕਰੀਬ ਸੰਘਰਸ਼ਮਈ ਕਿਸਾਨ ਆਪਣੀਆਂ ਜਾਨਾਂ ਕੁਰਬਾਨ ਕਰ ਚੁੱਕੇ ਹਨ।ਇਸ ਮੌਕੇ ਗੁਰਬਖਸ਼ ਕੌਰ ਸੰਘਾ, ਮਾਸਟਰ ਕਰਨੈਲ ਸਿੰਘ, ਮਲਕੀਤ ਸਿੰਘ, ਮਹਾ ਸਿੰਘ ਰੌੜੀ, ਬੂਟਾ ਸਿੰਘ ਮਹਿਮੂਦ ਪੁਰ, ,ਪਰਦੀਪ ਸਿੰਘ ਗਿੱਲ, ਮਨਦੀਪ ਸਿੰਘ ਨੇ ਵੀ ਵਿਚਾਰ ਪ੍ਰਗਟ ਕੀਤੇ।
     ਬਾਅਦ ਵਿਚ ਡੀ ਸੀ ਨੂੰ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਦੇਕੇ 3 ਅਕਤੂਬਰ 2021 ਨੂੰ ਉੱਤਰ ਪ੍ਰਦੇਸ਼ ਦੇ ਜਿਲਾ ਲਖੀਮਪੁਰ ਖੇਰੀ ਵਿਚ  ਪ੍ਰਦਰਸ਼ਨਕਾਰੀ ਕਿਸਾਨਾਂ ਉੱਤੇ ਗੱਡੀ ਚਾੜ੍ਹਕੇ 8 ਕਿਸਾਨਾਂ ਦੀ ਹੱਤਿਆ ਕਰਨ ਦੇ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਅਧੀਨ ਅਤੇ ਯੂ.ਪੀ ਤੋਂ ਬਾਹਰ ਕਰਵਾਉਣ, ਦੋਸ਼ੀਆਂ ਖਿਲਾਫ ਆਈ ਪੀ ਸੀ ਦੀ ਧਾਰਾ 302 ਤਹਿਤ ਕਤਲ ਦਾ ਮਾਮਲਾ ਦਰਜ ਕਰਨ,ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਫੌਰਨ ਬਰਖਾਸਤ ਕਰਨ,ਤਿੰਨ ਖੇਤੀ ਕਾਨੂੰਨ ਰੱਦ ਕਰਨ ਅਤੇ ਫਸਲਾਂ ਤੇ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਦੇਣ ਦੀ ਮੰਗ ਕੀਤੀ।