ਡੀ.ਸੀ. ਦਫ਼ਤਰ ਦੇ ਸਟਾਫ਼ ਵੱਲੋਂ ਨਵੇਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਤੇ ਤਬਦੀਲ ਹੋਏ ਕੁਮਾਰ ਅਮਿਤ ਦੇ ਮਾਣ 'ਚ ਸਨਮਾਨ ਸਮਾਗਮ

ਪਟਿਆਲਾ, 5 ਅਕਤੂਬਰ: ਡਿਪਟੀ ਕਮਿਸ਼ਨਰ ਦਫ਼ਤਰ ਦੇ ਸਮੂਹ ਸਟਾਫ਼ ਵੱਲੋਂ ਅੱਜ ਪਟਿਆਲਾ ਦੇ ਨਵੇਂ ਆਏ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੂੰ ਜੀ ਆਇਆਂ ਆਖਿਆ ਗਿਆ ਅਤੇ ਤਬਦੀਲ ਹੋਏ ਸ੍ਰੀ ਕੁਮਾਰ ਅਮਿਤ ਨੂੰ ਰਸਮੀ ਤੌਰ 'ਤੇ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸਮੂਹ ਸਟਾਫ਼ ਨੇ ਦੋਵਾਂ ਅਧਿਕਾਰੀਆਂ ਦਾ ਸਨਮਾਨ ਕੀਤਾ। ਸਮੂਹ ਸਟਾਫ਼ ਦੀ ਤਰਫ਼ੋਂ ਸੁਪਰਡੈਂਟ (ਮਾਲ) ਹਮੀਰ ਸਿੰਘ ਨੇ ਜਿੱਥੇ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਵਿੱਚ ਸਾਢੇ ਚਾਰ ਸਾਲ ਤੋਂ ਵਧੇਰੇ ਸਮੇਂ ਦੌਰਾਨ ਕੀਤੇ ਕੰਮਾਂ ਦਾ ਜਿਕਰ ਕੀਤਾ ਉਥੇ ਨਾਲ ਹੀ ਨਵੇਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਨੂੰ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਕੰਮਾਂ 'ਚ ਮੋਹਰੀ ਬਣਾਈ ਰੱਖਣ ਲਈ ਡੀ.ਸੀ. ਦਫ਼ਤਰ ਦਾ ਸਮੂਹ ਸਟਾਫ਼ ਪੂਰੀ ਤਨਦੇਹੀ ਨਾਲ ਕੰਮ ਕਰੇਗਾ। ਸ੍ਰੀ ਕੁਮਾਰ ਅਮਿਤ ਨੇ ਆਪਣੇ ਕਾਰਜਕਾਲ 'ਚ ਡੀ.ਸੀ. ਦਫ਼ਤਰ ਤੇ ਸਟਾਫ਼ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਪ੍ਰਗਟਾਉਂਦਿਆਂ ਕੋਵਿਡ-19 ਦੇ ਚੁਣੌਤੀ ਭਰੇ ਦਿਨਾਂ ਦੌਰਾਨ ਤੁਰਤ-ਫ਼ੁਰਤ ਪ੍ਰਬੰਧਾਂ ਲਈ ਕੀਤੇ ਯਤਨਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ 'ਚ ਨਿਭਾਇਆ ਸਮਾਂ ਉਨ੍ਹਾਂ ਨੂੰ ਸਦਾ ਯਾਦ ਰਹੇਗਾ। ਸ੍ਰੀ ਸੰਦੀਪ ਹੰਸ ਨੇ ਆਸ ਪ੍ਰਗਟਾਈ ਕਿ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਨੂੰ ਵਿਕਾਸ ਅਤੇ ਲੋਕ ਭਲਾਈ ਕੰਮਾਂ 'ਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਉਣ ਦੇਣ ਲਈ ਉਨ੍ਹਾਂ ਦੀ ਵਚਨਬੱਧਤਾ 'ਚ ਡੀ.ਸੀ. ਦਫ਼ਤਰ ਦਾ ਸਟਾਫ਼ ਪੂਰਨ ਸਹਿਯੋਗ ਦੇਵੇਗਾ। ਉਨ੍ਹਾਂ ਕਿਹਾ ਕਿ ਉਹ ਸਖ਼ਤ ਮਿਹਨਤ ਅਤੇ ਕੰਮ ਸਭਿਆਚਾਰ 'ਚ ਵਿਸ਼ਵਾਸ਼ ਰੱਖਦੇ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਦਾ ਸਟਾਫ਼ ਵੀ ਉਨ੍ਹਾਂ ਦੀ ਇਸ ਭਾਵਨਾ ਦੇ ਅਨੁਕੂਲ ਕੰਮ ਕਰੇਗਾ। ਇਸ ਮੌਕੇ ਏ.ਡੀ.ਸੀ. (ਸ਼ਹਿਰੀ ਵਿਕਾਸ) ਗੌਤਮ ਜੈਨ, ਐਸ.ਡੀ.ਐਮ. ਪਾਤੜਾਂ ਅੰਕੁਰਜੀਤ ਸਿੰਘ, ਐਸ.ਪੀ. (ਐਚ) ਹਰਕਮਲ ਕੌਰ, ਸਹਾਇਕ ਕਮਿਸ਼ਨਰ (ਯੂ.ਟੀ.) ਚੰਦਰ ਜੋਤੀ ਸਿੰਘ, ਐਸ.ਡੀ.ਐਮ. ਪਟਿਆਲਾ ਚਰਨਜੀਤ ਸਿੰਘ, ਐਸ.ਡੀ.ਐਮ. ਨਾਭਾ ਕੰਨੂ ਗਰਗ, ਸਹਾਇਕ ਕਮਿਸ਼ਨਰ (ਜ) ਜਸਲੀਨ ਕੌਰ ਭੁੱਲਰ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਕਿਰਨ ਸ਼ਰਮਾ, ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਕੁਮਾਰ, ਡੀ.ਡੀ.ਪੀ.ਓ. ਸੁਰਿੰਦਰ ਸਿੰਘ, ਤਹਿਸੀਲਦਾਰ ਤੇ ਸਬ ਰਜਿਸਟਰਾਰ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਦੇ ਸੁਪਰਡੈਂਟ ਹਮੀਰ ਸਿੰਘ ਤੇ ਹਰਜੀਤ ਸਿੰਘ ਤੋਂ ਇਲਾਵਾ ਸਮੂਹ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਸਨ।