ਨਵਾਂਸ਼ਹਿਰ, 20 ਮਈ :- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਲੋਕ ਸਭਾ ਚੋਣਾਂ 2024 ਨੂੰ ਗਰੀਨ ਚੋਣਾਂ ਵਜੋਂ ਮਨਾਉਣ ਲਈ ਜਾਗਰੂਕ ਕਰਨ ਲਈ ਜੰਗਲਾਤ ਵਿਭਾਗ ਅਤੇ ਸਿੰਚਾਈ ਵਿਭਾਗ ਦੇ ਸਬੰਧਤ ਸਟਾਫ਼ ਵੱਲੋਂ ਪੌਦੇ ਲਗਾਏ ਗਏ। ਇਸ ਬਾਰ ਹੋ ਰਹੀਆਂ ਲੋਕ ਸਭਾ ਚੋਣਾਂ ਨੂੰ ਗਰੀਨ ਚੋਣਾਂ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਵੱਧ ਤੋਂ ਵੱਧ ਪੌਦੇ ਲਗਾਏ ਜਾ ਰਹੇ ਹਨ। ਵੱਖ-ਵੱਖ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਵੋਟ ਪਾਉਣ ਅਤੇ ਪੌਦੇ ਲਗਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਚੋਣਾਂ ਦੌਰਾਨ ਵੋਟਰਾਂ ਨੂੰ ਜੰਗਲਾਤ ਵਿਭਾਗ ਵੱਲੋਂ ਮੁਫ਼ਤ ਵਿੱਚ ਪੌਦੇ ਵੰਡੇ ਜਾਣਗੇ ਤਾਂ ਜੋ ਵੋਟਰ, ਵੋਟ ਪਾਉਣ ਦੇ ਨਾਲ-ਨਾਲ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪੌਦਾ ਵੀ ਲਗਾਉਣ। ਇਸ ਮੌਕੇ 'ਤੇ ਹਾਜ਼ਰ ਸਟਾਫ਼ ਨੇ ਗਰੀਨ ਚੋਣਾਂ-2024 ਸੰਬੰਧੀ ਸਹੁੰ ਚੁੱਕੀ ਅਤੇ ਲਗਾਏ ਗਏ ਬੂਟਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਦਾ ਪ੍ਰਣ ਵੀ ਲਿਆ।