10 ਹਜ਼ਾਰ ਤੋਂ ਵੱਧ ਚੈਕ ਰਾਹੀਂ ਹੀ ਕੀਤੀ ਜਾਵੇ ਅਦਾਇਗੀ
ਕਿਸੇ ਵੀ ਸਮੱਸਿਆ ਲਈ ਅਬਜ਼ਰਵਰਾਂ ਨਾਲ ਕਰ ਸਕਦੇ ਹੋ ਸੰਪਰਕ
ਅੰਮ੍ਰਿਤਸਰ 20 ਮਈ — ਲੋਕਸਭਾ ਚੋਣਾ ਲੜ੍ਹ ਰਹੇ ਉਮੀਦਵਾਰਾਂ ਅਤੇ ਉਨਾਂ ਦੇ ਨੁਮਾਇੰਦਿਆਂ, ਸਮੂਹ ਰਿਟਰਨਿੰਗ ਅਫਸਰਾਂ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ ਕਿਹਾ ਕਿ ਜਿਲ੍ਹੇ ਅੰਦਰ ਪੂਰੇ ਸ਼ਾਂਤੀਮਈ ਢੰਗ ਨਾਲ ਚੋਣਾ ਕਰਵਾਈਆਂ ਜਾਣਗੀਆਂ ਅਤੇ ਕਿਸੇ ਨੂੰ ਵੀ ਚੋਣਾਂ ਦੌਰਾਨ ਹੁਲੜਬਾਜੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਚੋਣਾਂ ਲੜ ਰਹੇ ਉਮੀਦਵਾਰਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਆਮ ਤੌਰ ਤੇ ਵੱਖ-ਵੱਖ ਮੰਜੂਰੀਆਂ ਲੈਣ ਲਈ ਉਮੀਦਵਾਰਾਂ ਨੂੰ ਸਮੱਸਿਆ ਆ ਰਹੀ ਹੈ। ਉਨਾਂ ਦੱਸਿਆ ਕਿ ਇਸ ਮੁਸ਼ਕਿਲ ਦੇ ਹੱਲ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੁਵਿੱਧਾ ਕੇਂਦਰ ਦੇ 20 ਨੰਬਰ ਕਾਉਂਟਰ ਤੇ ਸਮੂਹ ਰਿਟਰਨਿੰਗ ਅਫਸ਼ਰਾਂ ਦੇ ਨੁਮਾਇੰਦੇ ਬੈਠੇ ਹੋਏ ਹਨ, ਜੋ ਕਿ ਉਮੀਦਵਾਰਾਂ ਨੂੰ ਕੋਈ ਵੀ ਮੰਜੂਰੀ ਲੈਣ ਲਈ ਮਦਦ ਕਰਨਗੇ ਅਤੇ ਉਨਾਂ ਦੀ ਮੰਜੂਰੀ ਨੂੰ ਆਨਲਾਈਨ ਵੀ ਕਰਨਗੇ।
ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਇਹ ਮੀਟਿੰਗ ਚੋਣਾਂ ਲੜ ਰਹੇ ਉਮੀਦਵਾਰਾਂ ਦੀ ਮੰਗ ਉੱਤੇ ਸਹਾਇਕ ਰਿਟਨਿੰਗ ਅਫ਼ਸਰਾਂ ਅਤੇ ਪੁਲਿਸ ਅਧਿਕਾਰੀਆਂ ਨਾਲ ਰੱਖੀ ਗਈ ਹੈ ਤਾਂ ਜੋ ਚੋਣ ਲੜ ਰਹੇ ਉਮੀਦਵਾਰ ਸਾਰੇ ਹਲਕਿਆਂ ਦੇ ਰਿਟਰਨਿੰਗ ਅਫ਼ਸਰਾਂ ਅਤੇ ਪੁਲਿਸ ਅਫਸਰਾਂ ਤੋਂ ਜਾਣੂੰ ਹੋ ਸਕਣ ਅਤੇ ਕਿਸੇ ਤਰ੍ਹਾਂ ਦੀ ਕੋਈ ਵੀ ਸੂਚਨਾ ਲੈਣ ਲਈ ਸੰਪਰਕ ਕਰ ਸਕਣ। ਉਨਾਂ ਦੱਸਿਆ ਕਿ ਕੋਈ ਵੀ ਉਮੀਦਵਾਰ 10 ਹਜ਼ਾਰ ਤੋਂ ਵੱਧ ਖਰਚੇ ਦੀ ਅਦਾਇਗੀ ਕੇਵਲ ਚੈਕ ਰਾਹੀਂ ਹੀ ਕਰ ਸਕਦਾ ਹੈ ਅਤੇ ਜੇਕਰ ਉਸਨੂੰ ਕੋਈ ਚੰਦਾ ਆਦਿ ਵੀ ਮਿਲਦਾ ਹੈ ਤਾਂ ਉਸਦੀ ਪੂਰੀ ਜਾਣਕਾਰੀ ਖਰਚਾ ਰਜਿਸਟਰ ਵਿੱਚ ਮੇਨਟੇਨ ਕਰਨੀ ਜ਼ਰੂਰੀ ਹੈ। ਉਨਾਂ ਦੱਸਿਆ ਕਿ 21 ਮਈ ਨੂੰ ਚੋਣ ਲੜ ਰਹੇ ਉਮੀਦਵਾਰਾਂ ਦੇ ਖਰਚਾ ਰਜਿਸਟਰ ਦੇ ਨਿਰੀਖਣ ਲਈ ਮੀਟਿੰਗ ਹੋਵੇਗੀ। ਜਿਸ ਵਿੱਚ ਉਨਾਂ ਦਾ ਖਰਚਾ ਰਜਿਸਟਰ ਨੂੰ ਜਾਂਚਿਆ ਜਾਵੇਗਾ।
ਸ੍ਰੀ ਥੋਰੀ ਨੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਦੱਸਿਆ ਕਿ ਮੁੱਖ ਚੋਣ ਕਮਿਸ਼ਨ ਵਲੋਂ ਜਿਲ੍ਹੇ ਵਿੱਚ ਸਹੀ ਢੰਗ ਨਾਲ ਚੋਣਾਂ ਕਰਵਾਉਣ ਲਈ 3 ਅਬਜ਼ਰਵਰ ਲਗਾਏ ਗਏ ਹਨ। ਉਨਾਂ ਦੱਸਿਆ ਕਿ ਜਨਰਲ ਅਬਜ਼ਰਵਰ ਦੇ ਤੌਰ ਤੇ ਏ ਰਾਧਾ ਬਿਨੋਦ ਸ਼ਰਮਾ ਮੋਬਾਇਲ ਨੰਬਰ 7009238776, ਖਰਚਾ ਅਬਜ਼ਰਵਰ ਸ੍ਰੀ ਬਾਰੇ ਗਨੇਸ਼ ਸੁਧਾਕਰ ਮੋਬਾਇਲ ਨੰਬਰ 7973309177 ਅਤੇ ਪੁਲਿਸ ਅਬਜਰਵਰ ਮਿਸ ਸ਼ਵੇਤਾ ਸ੍ਰੀਮਲੀ ਮੋਬਾਇਲ ਨੰਬਰ 7986335168 ਤੇ ਕਿਸੇ ਵੀ ਮੁਸ਼ਿਕਲ ਹੋਣ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਵੱਖ-ਵੱਖ ਰਿਟਰਨਿੰਗ ਅਫ਼ਸਰਾਂ ਵਲੋਂ ਉਮੀਦਵਾਰਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਯਕੀਨ ਦਿਵਾਇਆ ਕਿ ਉਨਾਂ ਨੂੰ ਕਿਸੇ ਵੀ ਤਰ੍ਹਾਂ ਕੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਵੱਖ-ਵੱਖ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਕਿਸੇ ਵੀ ਮੁਸ਼ਕਿਲ ਸਮੇਂ ਉਨਾਂ ਨੂੰ ਸੰਪਰਕ ਕਰ ਸਕਦੇ ਹਨ ਅਤੇ ਪੁਲਿਸ ਹਮੇਸ਼ਾਂ ਉਨਾਂ ਦੀ ਸਹਾਇਤਾ ਲਈ ਤਿਆਰ ਹੈ।
ਇਸ ਮੀਟਿੰਗ ਵਿੱਚ ਏ ਰਾਧਾ ਬਿਨੋਦ ਸ਼ਰਮਾ, ਖਰਚਾ ਅਬਜ਼ਰਵਰ ਸ੍ਰੀ ਬਾਰੇ ਗਨੇਸ਼ ਸੁਧਾਕਰ ਅਤੇ ਪੁਲਿਸ ਅਬਜਰਵਰ ਮਿਸ ਸ਼ਵੇਤਾ ਸ੍ਰੀਮਲੀ, ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ ਤੋਂ ਇਲਾਵਾ ਸਾਰੇ ਹਲਕਿਆਂ ਦੇ ਰਿਟਰਨਿੰਗ ਅਫ਼ਸਰ, ਚੋਣ ਲੜ ਰਹੇ ਉਮੀਦਵਾਰ ਅਤੇ ਉਨਾਂ ਦੇ ਨੁਮਾਇੰਦੇ ਹਾਜ਼ਰ ਸਨ।