ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਕੌਮਾਂਤਰੀ ਨਰਸਿੰਗ ਦਿਵਸ ਮਨਾਇਆ ਗਿਆ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਕੌਮਾਂਤਰੀ ਨਰਸਿੰਗ ਦਿਵਸ ਮਨਾਇਆ ਗਿਆ
ਮਰੀਜ਼ਾਂ ਨੂੰ ਤੰਦਰੁਸਤ ਕਰਨ ਦੇ ਵਿੱਚ  ਨਰਸਾਂ ਦਾ ਯੋਗਦਾਨ ਅਹਿਮ : ਸ. ਕੁਲਵਿੰਦਰ ਸਿੰਘ ਢਾਹਾਂ

ਬੰਗਾ, 14 ਮਈ : () ਪੰਜਾਬ ਦੇ ਪ੍ਰਸਿੱਧ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਨਰਸਿੰਗ ਦੀ ਜਨਮ ਦਾਤਾ  ਫਲੋਰੈਂਸ ਨਾਇਟਿੰਗੇਲ ਦੇ ਜਨਮ ਦਿਨ ਮੌਕੇ ਕੌਮਾਂਤਰੀ ਨਰਸਿੰਗ ਦਿਵਸ ਮਨਾਇਆ ਗਿਆ । ਇਸ  ਸਮਾਗਮ ਦੇ ਮੁੱਖ ਮਹਿਮਾਨ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਨੇ ਨਰਸਿੰਗ ਸੇਵਾ ਦੀ ਸ਼ੁਰੂਆਤ ਕਰਨ ਵਾਲੀ ਨਰਸ ਫਲੋਰੇਂਸ ਨਾਈਟਿੰਗੇਲ ਨੂੰ ਯਾਦ ਕੀਤਾ ਅਤੇ ਕੌਮਾਂਤਰੀ ਨਰਸਿੰਗ ਦਿਵਸ ਦੀ ਵਧਾਈਆਂ ਦਿੱਤੀਆਂ । ਉਹਨਾਂ ਨੇ ਸਾਲ 2024 ਦੇ ਥੀਮ ''ਸਾਡੀਆਂ ਨਰਸਾਂ, ਸਾਡਾ ਭਵਿੱਖ, ਦੇਖਭਾਲ ਦੀ ਆਰਥਿਕ ਸ਼ਕਤੀ'' ਸਬੰਧੀ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਕਿਹਾ ਕਿ ਇਸ ਦਾ ਮੁੱਖ ਉਦੇਸ਼  ਨਰਸਿੰਗ ਕਿੱਤੇ ਸਬੰਧੀ ਅਤੇ ਇਸ ਦੀ ਮਹਾਨਤਾ ਬਾਰੇ ਲੋਕਾਂ ਜਾਗਰੁਕ ਕਰਨਾ ਹੈ । ਉਹਨਾਂ ਨੇ ਨਰਸਿੰਗ ਕਿੱਤੇ ਦੀ ਮਹਾਨਤਾ ਬਾਰੇ ਦੱਸਦੇ ਕਿਹਾ ਕਿ ਮਰੀਜ਼ਾਂ ਨੂੰ ਤੰਦਰੁਸਤ ਕਰਨ ਦੇ ਵਿੱਚ  ਨਰਸਾਂ ਦਾ ਯੋਗਦਾਨ ਅਹਿਮ ਹੁੰਦਾ ਹੈ ।
         ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਨਰਸਿੰਗ ਦਿਹਾੜੇ ਨੂੰ ਸਮਰਪਿਤ  ਸਮਾਗਮ ਦਾ ਆਰੰਭ ਗੁਰਬਾਣੀ ਸ਼ਬਦ ਉਪਰੰਤ ਹੋਇਆ । ਇਸ ਉਪਰੰਤ ਇੰਟਰਨੈਸ਼ਨਲ ਨਰਸਿੰਗ ਦਿਹਾੜੇ ਨੂੰ ਸਮਰਪਿਤ ਸ਼ਮਾਂ ਰੋਸ਼ਨ ਕੀਤੀ ਗਈ ਅਤੇ ਸਾਲ 2024 ਦੇ ਥੀਮ ਨੂੰ  ਸਰੋਤਿਆ ਦੇ ਸਨਮੁੱਖ ਰੱਖਿਆ ।
           ਇਸ ਮੌਕੇ  ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਕੌਮਾਂਤਰੀ ਨਰਸਿੰਗ ਦਿਵਸ ਮੌਕੇ ਦੀ ਵਧਾਈ ਦਿੱਤੀ ਅਤੇ ਨਰਸਿੰਗ ਦੀ ਜਨਮ ਦਾਤਾ ਫਲੋਰੈਂਸ ਨਾਇਟਿੰਗੇਲ ਦੇ ਜੀਵਨ ਅਤੇ ਉਪਲਬਧੀਆਂ ਬਾਰੇ ਜਾਣਕਾਰੀ ਦਿੱਤੀ ਦਿੰਦੇ ਮੁੱਖ ਮਹਿਮਾਨ ਅਤੇ ਸਮੂਹ ਪਤਵੰਤਿਆਂ ਨੂੰ ਜੀ ਆਇਆਂ ਕਿਹਾ ।  ਸਮਾਗਮ ਦੌਰਾਨ ਨਰਸਿੰਗ ਦਿਹਾੜੇ ਨੂੰ ਸਮਰਪਿਤ ਵੱਖ ਵੱਖ ਪ੍ਰਤੀਯੋਗਤਾਵਾਂ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ  ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਸਮਾਗਮ ਦੇ ਅੰਤ ਵਿਚ ਕਾਲਜ ਦੇ ਬੀ ਐਸ ਸੀ ਨਰਸਿੰਗ ਪਹਿਲਾ ਸਾਲ ਅਤੇ ਜੀ ਐਨ ਐਮ ਪਹਿਲਾ ਸਾਲ ਦੇ ਨਵੇਂ ਵਿਦਿਆਰਥੀਆਂ ਵੱਲੋਂ ਨਰਸਿੰਗ ਦੀ ਸਹੁੰ ਵੀ ਚੁੱਕੀ ਗਈ ।  
            ਕੌਮਾਂਤਰੀ ਨਰਸਿੰਗ ਦਿਵਸ ਮੌਕੇ ਹੋਏ  ਸਮਾਗਮ  ਵਿਚ   ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ ਟਰੱਸਟ,  ਮੈਡਮ ਰਮਨਦੀਪ ਕੌਰ, ਮੈਡਮ ਰਾਬੀਆ ਹਾਟਾ, ਵੰਦਨਾ ਬਸਰਾ, ਸ਼ਿਵਾਨੀ ਭਰਦਵਾਜ, ਸਰਬਜੀਤ ਕੌਰ ਤੋਂ ਇਲਾਵਾ ਸਮੂਹ ਨਰਸਿੰਗ ਅਧਿਆਪਕ ਅਤੇ ਨਰਸਿੰਗ ਵਿਦਿਆਰਥੀ ਹਾਜ਼ਰ ਸਨ । ਸਮਾਗਮ ਵਿਚ ਮੈਡਮ ਨਵਜੋਤ ਕੌਰ ਸਹੋਤਾ ਨੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਕੌਮਾਂਤਰੀ ਨਰਸਿੰਗ ਦਿਵਸ ਮਨਾਉਣ ਮੌਕੇ ਦੀਆਂ ਤਸਵੀਰਾਂ