-ਜਿਲ੍ਹਾ ਚੋਣ ਅਧਿਕਾਰੀ ਵੱਲੋਂ ਐਮ ਸੀ ਐਮ ਸੀ ਕੇਂਦਰ ਦਾ ਦੌਰਾ
ਅੰਮ੍ਰਿਤਸਰ, 21 ਮਈ (-ਚੋਣ ਲੜ ਰਹੇ ਉਮੀਦਵਾਰਾਂ ਦੀ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਰੂਪ ਵਿੱਚ ਛਾਪੀਆਂ ਗਈਆਂ ਖਬਰਾਂ, ਜਿਸ ਵਿਚ ਇਕ ਪਾਸੜ ਕਵਰੇਜ਼ ਕੀਤੀ ਗਈ ਹੋਵੇ, ਪੇਡ ਨਿਊਜ਼ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ ਜਿਸ ਦੀ ਪ੍ਰੈਸ ਕੌਂਸਲ ਆਫ ਇੰਡੀਆ ਵੱਲੋਂ ਕੀਤੀ ਗਈ ਵਿਆਖਿਆ ਨੂੰ ਮੰਨਦੇ ਹੋਏ ਚੋਣ ਕਮਿਸ਼ਨ ਨੇ ਇਸ ਦਾ ਖਰਚਾ ਉਮੀਦਵਾਰ ਦੇ ਖਾਤੇ ਵਿੱਚ ਪਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ । ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਰਿਟਰਨਿੰਗ ਅਫ਼ਸਰ ਅਤੇ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਸੈਂਟਰ ਦਾ ਦੌਰਾ ਕਰਨ ਮੌਕੇ ਕੀਤਾ। ਉਨਾਂ ਨੇ ਦੱਸਿਆ ਕਿ ਜਿਨ੍ਹਾਂ ਅਖਬਾਰਾਂ ਵਿੱਚ ਕੁਝ ਚੁਣੀਂਦੇ ਉਮੀਦਵਾਰਾਂ ਦੀਆਂ ਗਿਣੀ-ਮਿੱਥੀ ਥਾਂ ਦੇ ਕੇ ਉਹਨਾਂ ਦੀ ਪ੍ਰਮੋਸ਼ਨ ਕੀਤੀ ਜਾਵੇਗੀ ਤਾਂ ਉਸਨੂੰ ਪੇਡ ਨਿਊਜ਼ ਮੰਨਿਆ ਜਾਵੇਗਾ।
ਉਹਨਾਂ ਕਿਹਾ ਕਿ ਅਜਿਹੀਆਂ ਖ਼ਬਰਾਂ ਦਾ ਉਸ ਅਖ਼ਬਾਰ ਦੇ ਇਸ਼ਤਿਹਾਰ ਦੇ ਰੇਟ ਅਨੁਸਾਰ ਖ਼ਰਚਾ ਬੁੱਕ ਕਰਕੇ ਉਮੀਦਵਾਰ ਦੇ ਖਾਤੇ ਵਿੱਚ ਪਾਇਆ ਜਾਵੇਗਾ । ਸਮੂਹ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਦੇ ਨੁਮਾਇੰਦਿਆਂ ਨੂੰ ਮੁਖਾਤਿਬ ਹੁੰਦਿਆਂ ਉਹਨਾਂ ਕਿਹਾ ਕਿ ਅਜਿਹੀਆਂ ਖਬਰਾਂ ਛਾਪਣ ਤੋਂ ਗੁਰੇਜ ਕੀਤਾ ਜਾਵੇ ।
ਇਸ ਸਬੰਧੀ ਇਲੈਕਸ਼ਨ ਕਮਿਸ਼ਨ ਨੇ ਰੀਪ੍ਰਜੈਂਟੇਸ਼ਨ ਆਫ ਪੀਪਲ ਐਕਟ 1951 ਵਿੱਚ ਤਰਮੀਮ ਕਰਕੇ ਦੋ ਸਾਲ ਦੀ ਸਜ਼ਾ ਦੇ ਪ੍ਰਾਵਧਾਨ ਦੀ ਤਜਵੀਜ ਵੀ ਰੱਖੀ ਹੈ । ਉਹਨਾਂ ਦੱਸਿਆ ਕਿ ਅਖਬਾਰਾਂ, ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਵਿੱਚ ਨਸ਼ਰ ਹੋ ਰਹੀਆਂ ਖ਼ਬਰਾਂ ਦੀ ਲਗਾਤਾਰ ਨਜ਼ਰਸਾਨੀ ਲਈ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ (ਮੀਡੀਆ ਸਰਟੀਫਿਕੇਸਨ ਐਂਡ ਮੋਨੀਟਰਿੰਗ ਕਮੇਟੀ) ਗਠਿਤ ਕੀਤੀ ਗਈ ਹੈ, ਜੋ ਕਿ ਸਾਰੇ ਮੀਡੀਆ ਉਤੇ ਨਜ਼ਰ ਰੱਖ ਰਹੀ ਹੈ । ਇਹ ਕਮੇਟੀ ਪੇਡ ਨਿਊਜ਼ ਅਤੇ ਮਾਡਲ ਕੋਡ ਆਫ ਕੰਡਕਟ ਦੀ ਉਲੰਘਨਾ ਕਰਨ ਵਾਲੀਆਂ ਖਬਰਾਂ ਸਬੰਧੀ ਉਮੀਦਵਾਰ ਨੂੰ ਨੋਟਿਸ ਜਾਰੀ ਕਰਨ ਲਈ ਪਾਬੰਦ ਹੈ ।
ਜ਼ਿਲਾ ਪੱਧਰੀ ਐਮ.ਸੀ.ਐਮ.ਸੀ ਦੇ ਪੇਡ ਨਿਊਜ਼ ਸਬੰਧੀ ਲਏ ਫ਼ੈਸਲੇ ਖਿਲਾਫ ਉਮੀਦਵਾਰ 48 ਘੰਟੇ ਵਿੱਚ ਸਟੇਟ ਲੈਵਲ ਐਮ.ਸੀ.ਐਮ.ਸੀ ਵਿਖੇ ਅਪੀਲ ਕਰ ਸਕਦਾ ਹੈ ਅਤੇ ਸਟੇਟ ਲੈਵਲ ਐਮ.ਸੀ.ਐਮ.ਸੀ ਖਿਲਾਫ ਮੁੱਖ ਚੋਣ ਕਮਿਸ਼ਨ ਤੱਕ ਜਾ ਸਕਦਾ ਹੈ, ਜਿਸ ਦਾ ਫੈਸਲਾ ਅੰਤਿਮ ਹੋਵੇਗਾ ।