ਨਵਾਂਸ਼ਹਿਰ, 27 ਫ਼ਰਵਰੀ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਜ਼ਿਲ੍ਹੇ 'ਚ ਨਸ਼ਾ ਰੋਕੂ ਗਤੀਵਿਧੀਆਂ ਨਾਲ ਸਬੰਧਤ ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕਾਨਿਜ਼ਮ ਤਹਿਤ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ 'ਚ ਜ਼ਿਲ੍ਹਾ ਪੁਲਿਸ ਵੱਲੋਂ ਦੱਸਿਆ ਗਿਆ ਕਿ ਜਨਵਰੀ ਮਹੀਨੇ ਦੌਰਾਨ 30 ਐਨ ਡੀ ਪੀ ਐਸ ਐਕਟ ਦੇ ਪਰਚੇ ਦਰਜ ਕੀਤੇ ਗਏ, ਜਿਨ੍ਹਾਂ 'ਚ 31 ਦੋਸ਼ੀਆਂ ਦੀ ਗਿ੍ਰਫ਼ਤਾਰੀ ਹੋਈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪੁਲਿਸ ਦੇ ਡੀ ਐਸ ਪੀ (ਪੀ ਬੀ ਆਈ ਤੇ ਨਾਰਕੋਟਿਕਸ) ਅਮਰ ਨਾਥ ਵੱਲੋਂ ਐਨ ਡੀ ਪੀ ਐਸ ਐਕਟ ਤਹਿਤ ਪਰਚੇ ਦਰਜ ਕਰਨ 'ਚ ਜ਼ਿਲ੍ਹੇ ਦੇ ਸੂਬੇ 'ਚ ਤੀਸਰੇ ਸਥਾਨ 'ਤੇ ਦੱਸੇ ਜਾਣ 'ਤੇ, ਇਸ ਨੂੰ ਦੂਸਰੇ ਜ਼ਿਲ੍ਹਿਆਂ ਦੀ ਵਸੋਂ ਮੁਤਾਬਕ ਪ੍ਰਤੀਸ਼ਤਤਾ ਅਨੁਸਾਰ ਰੱਖਣ ਲਈ ਆਖਿਆ। ਉਨ੍ਹਾਂ ਕਿਹਾ ਕਿ ਵਸੋਂ ਦੀ ਪ੍ਰਤੀਸ਼ਤਤਾ ਮੁਤਾਬਕ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਨਸ਼ਾ ਰੋਕੂ ਗਤੀਵਿਧੀਆਂ 'ਚ ਤੀਸਰੇ ਸਥਾਨ ਤੋਂ ਪਹਿਲੇ ਸਥਾਨ 'ਤੇ ਆਏਗਾ। ਉਨ੍ਹਾਂ ਜ਼ਿਲ੍ਹੇ 'ਚ ਨਸ਼ਾ ਰੋਕੂ ਗਤੀਵਿਧੀਆਂ ਤਹਿਤ ਤਸਕਰਾਂ ਖ਼ਿਲਾਫ਼ ਕਾਰਵਾਈ ਦੇ ਨਾਲ-ਨਾਲ ਜਾਗਰੂਕਤਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨਸ਼ੇ 'ਚ ਗ੍ਰਸਤ ਲੋਕਾਂ ਦਾ ਇਲਾਜ, ਮੁੜ ਵਸੇਬਾ ਵੀ ਸਾਡੀ ਤਰਜੀਹ ਹੋਣੀ ਚਾਹੀਦੀ ਹੈ। ਜ਼ਿਲ੍ਹਾ ਪੁਲਿਸ ਨੇ ਨਸ਼ਾ ਬ੍ਰਾਮਦਗੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ 30 ਮੁਕੱਦਮਿਆਂ 'ਚ 1160 ਗ੍ਰਾਮ ਹੈਰੋਇਨ, 3620 ਗ੍ਰਾਮ ਅਫ਼ੀਮ, 17 ਕਿਲੋਗ੍ਰਾਮ ਡੋਡੇ ਚੂਰਾ ਪੋਸਤ, 10 ਨਸ਼ੀਲੇ ਟੀਕੇ, 348 ਨਸ਼ੀਲੀਆਂ ਗੋਲੀਆਂ, 88750 ਰੁਪਏ ਦੀ ਡਰੱਗ ਮਨੀ ਤੇ ਇੱਕ ਮੋਬਾਇਲ ਫ਼ੋਨ, ਇੱਕ ਸਵਿਫ਼ਟ ਕਾਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਜਨਵਰੀ ਮਹੀਨੇ 39 ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਇਸ ਮਹੀਨੇ ਦੌਰਾਨ ਐਨ ਡੀ ਪੀ ਐਸ ਮਾਮਲਿਆਂ ਤਹਿਤ ਗਿ੍ਰਫ਼ਤਾਰ 14 ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਨਸ਼ਿਆਂ ਦੀ ਰੋਕਥਾਮ ਲਈ 8 ਸਕੂਲਾਂ ਤੇ 37 ਅਬਾਦੀਆਂ ਸਮੇਤ ਕੁੱਲ 59 ਥਾਂਵਾਂ 'ਤੇ ਜਾਗਰੂਕਤਾ ਕੀਤੀ ਗਈ। ਜ਼ਿਲ੍ਹੇ ਦੇ 107 ਨਸ਼ਾ ਮੁਕਤ ਪਿੰਡਾਂ ਅਤੇ 15 ਹੋਟਸਪੋਟ ਥਾਂਵਾਂ 'ਤੇ ਬਕਾਇਦਾ ਨਜ਼ਰ ਰੱਖੀ ਜਾ ਰਹੀ ਹੈ। ਜ਼ਿਲ੍ਹੇ ਦੇ ਓਟ ਸੈਂਟਰਾਂ 'ਚ ਜਨਵਰੀ ਦੌਰਾਨ 15 ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ। ਮੀਟਿੰਗ 'ਚ ਐਸ ਡੀ ਐਮ ਨਵਾਂਸ਼ਹਿਰ ਤੇ ਬੰਗਾ ਮੇਜਰ ਸ਼ਿਵਰਾਜ ਸਿੰਘ ਬੱਲ ਤੇ ਐਸ ਡੀ ਐਮ ਬਲਾਚੌਰ ਵਿਕਰਮਜੀਤ ਪਾਂਥੇ ਵੀ ਮੌਜੂਦ ਸਨ।