ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਡਾਕ ਪਾਰਸਲ ਰਾਹੀਂ ਵਿਦੇਸ਼ਾਂ ਵਿੱਚ ਅਫ਼ੀਮ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਇੱਕ ਦੋਸ਼ੀ ਨੂੰ ਕੀਤਾ ਗਿ੍ਰਫ਼ਤਾਰ ਤੇ ਦੂਸਰੇ ਦੋਸ਼ੀ ਦੀ ਤਲਾਸ਼ ਜਾਰੀ
ਕੈਨੇਡਾ ਅਤੇ ਇਟਲੀ ਭੇਜੇ ਦੋ ਪਾਰਸਲ ਕਸਟਮ ਵਿਭਾਗ ਵੱਲੋਂ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨਵੀਂ ਦਿੱਲੀ ਵਿਖੇ ਬਰਾਮਦ
ਨਵਾਂਸ਼ਹਿਰ, 4 ਫ਼ਰਵਰੀ : ਪੰਜਾਬ ਸਰਕਾਰ ਵੱਲੋਂ ਨਸ਼ਾ ਸਮੱਗਲਰਾਂ ਦਾ ਜੜ੍ਹ ਤੋਂ ਸਫ਼ਾਇਆ ਕਰਨ ਲਈ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਥਾਣਾ ਸਦਰ ਨਵਾਂਸ਼ਹਿਰ ਪੁਲਿਸ ਵੱਲੋਂ ਵਿਦੇਸ਼ਾਂ ਵਿੱਚ ਡਾਕ ਪਾਰਸਲ ਰਾਹੀਂ ਅਫ਼ੀਮ ਸਮਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।  ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ, ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਇੱਕ ਫ਼ਰਵਰੀ ਨੂੰ ਐਸ.ਆਈ. ਸਤਨਾਮ ਸਿੰਘ, ਥਾਣਾ ਸਦਰ ਨਵਾਂਸ਼ਹਿਰ ਸਮੇਤ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਮੱਲਪੁਰ ਅੜਕਾਂ ਬੱਸ ਅੱਡਾ ਮੌਜੂਦ ਸੀ ਤਾਂ ਸੂਚਨਾ ਮਿਲੀ ਕਿ ਭੁਪਿੰਦਰ ਸਿੰਘ ਉਰਫ ਭੂਰੀ ਪੁੱਤਰ ਅਜੀਤ ਸਿੰਘ ਵਾਸੀ ਬੈਂਸਾਂ ਅਫ਼ੀਮ ਵੇਚਣ ਦਾ ਧੰਦਾ ਕਰਦਾ ਹੈ, ਜੋ ਡਾਕਖਾਨਾ ਨਵਾਂਸ਼ਹਿਰ ਵਿੱਚ ਲੱਗੇ ਕਰਮਚਾਰੀ ਬਰਜਿੰਦਰ ਕੁਮਾਰ ਪੁੱਤਰ ਹਰਮੇਸ਼ ਲਾਲ ਵਾਸੀ ਲਧਾਣਾ ਉੱਚਾ ਥਾਣਾ ਸਦਰ ਬੰਗਾ ਨਾਲ ਰਲ ਕੇ ਅਫ਼ੀਮ ਦੀ ਤਸਕਰੀ ਕੋਰੀਅਰ ਰਾਹੀਂ ਕਰਦਾ ਹੈ, ਜਿਨ੍ਹਾਂ ਨੇ ਦੋ-ਤਿੰਨ ਦਿਨ ਪਹਿਲਾਂ ਵੀ ਇਸੇ ਤਰੀਕੇ ਨਾਲ ਅਫ਼ੀਮ ਕੋਰੀਅਰ ਰਾਹੀਂ ਸਪਲਾਈ ਕੀਤੀ ਹੈ, ਜੇਕਰ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਜਾਵੇ ਤਾਂ ਇਨ੍ਹਾਂ ਵੱਲੋਂ ਕੋਰੀਅਰ ਰਾਹੀਂ ਭੇਜੀ ਅਫ਼ੀਮ ਬਰਾਮਦ ਹੋ ਸਕਦੀ ਹੈ, ਜਿਸ 'ਤੇ ਮੁਕੱਦਮਾ ਨੰਬਰ 14, ਮਿਤੀ ਇੱਕ ਫ਼ਰਵਰੀ ਅ/ਧ 18-61-85 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਸਦਰ ਨਵਾਂਸ਼ਹਿਰ ਵਿਖੇ ਉਕਤ ਦੋਸ਼ੀਆਂ ਖਿਲਾਫ਼ ਦਰਜ ਰਜਿਸਟਰ ਕੀਤਾ ਗਿਆ।  ਉਪਰੰਤ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਡਾਕਖਾਨਾ ਨਵਾਂਸ਼ਹਿਰ ਵਿਖੇ ਕੰਮ ਕਰਦੇ ਬਰਜਿੰਦਰ ਕੁਮਾਰ ਉਕਤ (ਉਮਰ 37 ਸਾਲ) ਨੂੰ ਇੱਕ ਫ਼ਰਵਰੀ ਨੂੰ ਗਿ੍ਰਫਤਾਰ ਕੀਤਾ ਗਿਆ, ਜਿਸ ਨੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਭੁਪਿੰਦਰ ਸਿੰਘ ਉਰਫ ਭੂਰੀ ਦੇ ਕਹਿਣ 'ਤੇ 31 ਜਨਵਰੀ ਨੂੰ ਅਫ਼ੀਮ ਦੇ 450/450 ਗ੍ਰਾਮ ਦੇ ਦੋ ਪਾਰਸਲ ਡਾਕਖਾਨਾ ਕਾਹਮਾ ਤੋਂ ਕੈਨੇਡਾ ਅਤੇ ਇਟਲੀ ਲਈ ਕੋਰੀਅਰ ਕੀਤੇ ਸਨ। ਇਸ ਕੰਮ ਦੇ ਬਦਲੇ ਭੁਪਿੰਦਰ ਸਿੰਘ ਉਰਫ਼ ਭੂਰੀ ਨੇ ਵਿਦੇਸ਼ ਤੋਂ ਉਸਦੇ ਬੈਂਕ ਖਾਤੇ ਵਿੱਚ 60,000/ ਰੁਪਏ ਪੁਆਏ ਸਨ, ਜਿਸ 'ਤੇ ਪੁਲਿਸ ਵੱਲੋਂ ਤੁਰੰਤ ਕਸਟਮ ਵਿਭਾਗ, ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਨਵੀਂ ਦਿੱਲੀ ਨਾਲ ਤਾਲਮੇਲ ਕੀਤਾ ਗਿਆ ਅਤੇ ਜਿਸਦੇ ਅਧਾਰ 'ਤੇ ਕਸਟਮ ਵਿਭਾਗ, ਇੰਦਰਾ ਗਾਂਧੀ ਏਅਰਪੋਰਟ, ਨਵੀ ਦਿੱਲੀ ਵੱਲੋਂ ਦੋ ਕੋਰੀਅਰ 450/450 ਗ੍ਰਾਮ ਅਫ਼ੀਮ ਜਬਤ ਕੀਤੀ ਹੈ।
ਗਿ੍ਰਫ਼ਤਾਰ ਦੋਸ਼ੀ ਬਰਜਿੰਦਰ  ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਦੌਰਾਨ ਬਰਜਿੰਦਰ ਕੁਮਾਰ ਪਾਸੋਂ ਇਸ ਕੇਸ ਸਬੰਧੀ ਹੋਰ ਖੁਲਾਸੇ ਵੀ ਹੋ ਸਕਦੇ ਹਨ। ਭੁਪਿੰਦਰ ਸਿੰਘ ਉਰਫ ਭੂਰੀ ਨੂੰ ਗਿ੍ਰਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਭੁਪਿੰਦਰ ਸਿੰਘ ਉਰਫ਼ ਭੂਰੀ ਖਿਲਾਫ਼ ਦਰਜ ਮੁਕੱਦਮਿਆਂ ਦਾ ਵੇਰਵਾ:
1) ਮੁਕੱਦਮਾ ਨੰਬਰ 24 ਮਿਤੀ 28.03.2022 ਅ/ਧ 279,337,338 ਭ:ਦ: ਥਾਣਾ ਮੁਕੰਦਪੁਰ,
2) ਮੁਕੱਦਮਾ ਨੰਬਰ 95 ਮਿਤੀ 20.09.2012 ਅ/ਧ 354,376,511 ਭ:ਦ: ਥਾਣਾ ਸਦਰ ਨਵਾਂਸ਼ਹਿਰ (ਸਜ਼ਾ 10 ਸਾਲ, ਮਿਤੀ 27.07.2013, ਅਕਤੂਬਰ 2016 ਤੋਂ ਹਾਈਕੋਰਟ ਤੋਂ ਜ਼ਮਾਨਤ 'ਤੇ),
3) ਮੁਕੱਦਮਾ ਨੰਬਰ 44 ਮਿਤੀ 25.05.2011 ਅ/ਧ 323,324,341,506,148,149 ਭ:ਦ: ਥਾਣਾ ਸਦਰ, ਨਵਾਂਸ਼ਹਿਰ।
ਫ਼ੋਟੋ ਕੈਪਸ਼ਨ: ਐਸ ਐਸ ਪੀ ਭਾਗੀਰਥ ਸਿੰਘ ਮੀਣਾ ਜ਼ਿਲ੍ਹਾ ਪੁਲਿਸ ਵੱਲੋਂ ਕਾਬੂ ਕੀਤੇ ਡਾਕ ਪਾਰਸਲ ਰਾਹੀਂ ਵਿਦੇਸ਼ਾਂ ਵਿੱਚ ਅਫ਼ੀਮ ਸਪਲਾਈ ਕਰਨ ਵਾਲੇ ਗਿਰੋਹ ਬਾਰੇ ਜਾਣਕਾਰੀ ਦਿੰਦੇ ਹੋਏ। ਨਾਲ ਐਸ ਪੀ (ਜਾਂਚ) ਡਾ. ਮੁਕੇਸ਼ ਤੇ ਡੀ ਐਸ ਪੀ ਨਵਾਂਸ਼ਹਿਰ ਰਣਜੀਤ ਸਿੰਘ ਬਦੇਸ਼ਾ ਵੀ ਦਿਖਾਈ ਦੇ ਰਹੇ ਹਨ।