ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਹਿੰਦੀ ਸਾਹਿਤ ਸਿਰਜਣ ਮੁਕਾਬਲੇ ਕਰਵਾਏ ਗਏ

ਏ ਡੀ ਸੀ ਰਾਜੀਵ ਵਰਮਾ ਵੱਲੋਂ ਜੇਤੂਆਂ ਨੂੰ ਕੀਤੀ ਗਈ ਇਨਾਮਾਂ ਦੀ ਵੰਡ
ਨਵਾਂਸ਼ਹਿਰ, 14 ਫ਼ਰਵਰੀ : ਭਾਸ਼ਾ ਵਿਭਾਗ ਪੰਜਾਬ ਦੇ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੱਧਰੀ ਹਿੰਦੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪ੍ਰਤੀਯੋਗਿਤਾ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਰਾਜੀਵ ਵਰਮਾ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਤੇ ਵਿਸ਼ੇਸ਼ ਮਹਿਮਾਨ ਡਾ. ਗੁਰਲੀਨ ਕੌਰ ਸਿੱਧੂ, ਫ਼ੀਲਡ ਅਫ਼ਸਰ, ਮੁੱਖ ਮੰਤਰੀ ਪੰਜਾਬ ਅਤੇ ਸਹਾਇਕ ਕਮਿਸ਼ਨਰ (ਜ) ਵੱਲੋਂ ਕੀਤੀ ਗਈ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਸਰਬਜੀਤ ਸਿੰਘ ਤੇ ਮੁਕਾਬਲੇ ਦੇ ਪ੍ਰਬੰਧਕ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਖੋਜ ਅਫ਼ਸਰ ਸੰਦੀਪ ਸਿੰਘ ਵੀ ਮੌਜੂਦ ਸਨ। ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਨੇ ਇਸ ਮੌਕੇ ਸੰਖੇਪ ਸੰਬੋਧਨੀ ਸ਼ਬਦਾਂ 'ਚ ਭਾਸ਼ਾ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਤੇ ਮੌਲਿਕਤਾ ਨੂੰ ਬਾਹਰ ਲਿਆਉਣ ਲਈ ਸਮੇਂ-ਸਮੇਂ ਪੰਜਾਬੀ ਤੇ ਹਿੰਦੀ ਸਾਹਿਤ ਸਿਰਜਣ ਮੁਕਾਬਲੇ ਕਰਵਾਏ ਜਾਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਬਹੁ-ਪੱਖੀ ਪ੍ਰਤਿਭਾ ਦੇ ਧਾਰਨੀ ਹੁੰਦੇ ਹਨ। ਜਦੋਂ ਅਸੀਂ ਉੁਨ੍ਹਾਂ ਨੂੰ ਕਿਸ਼ੋਰ ਉਮਰੇ ਸਹੀ ਦਿਸ਼ਾ ਦੇਵਾਂਗੇ ਤਾਂ ਉਸ ਨਾਲ ਰਾਜ ਅਤੇ ਰਾਸ਼ਟਰ ਨੂੰ ਮਜ਼ਬੂਤੀ ਮਿਲੇਗੀ।
ਉਨ੍ਹਾਂ ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ, ਹੋਰਨਾਂ ਵਿਦਿਆਰਥੀਆਂ ਨੂੰ ਅਗਲੇ ਮੁਕਾਬਲਿਆਂ ਲਈ ਹੋਰ ਮੇਹਨਤ ਕਰਨ ਲਈ ਆਖਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਆਧਾਰ ਪੰਜੀਕਰਣ ਨੂੰ ਯਕੀਨੀ ਬਣਾਉਣ ਅਤੇ ਆਪਣੇ ਬਾਇਓਮੈਟਿ੍ਰਕ ਅਪਡੇਟ ਕਰਵਾਉਣ ਲਈ ਜ਼ਿਲ੍ਹੇ 'ਚ ਆਰੰਭੀ ਗਈ ਮੁਹਿੰਮ ਤੋਂ ਵੀ ਜਾਣੂ ਕਰਵਾਇਆ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਪਿ੍ਰੰਸੀਪਲ ਸਰਬਜੀਤ ਸਿੰਘ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੇ ਸਿਰਜਣਾਤਮਕ ਮੁਕਾਬਲਿਆਂ ਵਿੱਚ ਭਾਗ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਖੋਜ ਅਫ਼ਸਰ ਸੰਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮੰਤਵ ਵਿਦਿਆਰਥੀਆਂ ਦੀ ਲੇਖਣ ਪ੍ਰਤਿਭਾ ਤੇ ਰਚਨਤਾਮਕਤਾ ਨੂੰ ਉਭਾਰਨਾ ਹੈ। ਉੁਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ 'ਤੇ ਪਹਿਲੇ ਸਥਾਨ 'ਤੇ ਰਹੇ ਵਿਦਿਅਆਰਥੀਆਂ ਨੂੰ ਸੂਬਾ ਪੱਧਰੀ ਮੁਕਾਬਲੇ 'ਚ ਭਾਗ ਲੈਣ ਦਾ ਮੌਕਾ ਵੀ ਮਿਲੇਗਾ। ਮੁਕਾਬਲੇ ਦੇ ਨਿਰਣਾਇਕਾਂ ਵੱਲੋਂ ਹਿੰਦੀ ਸਾਹਿਤ ਸਿਰਜਣ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੂੰ ਮੌਕੇ 'ਤੇ ਹੀ ਲਿਖਣ ਦਾ ਵਿਸ਼ਾ ਦਿੱਤਾ ਗਿਆ। ਵਿਦਿਆਰਥੀਆਂ ਨੇ ਕਵਿਤਾ, ਕਹਾਣੀ ਅਤੇ ਲੇਖ ਲਿਖ ਕੇ ਆਪਣੀ ਸਿਰਜਣਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।  ਇਸ ਮੌਕੇ ਕਵਿਤਾ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਹਾ ਦੀ ਵਿਦਿਆਰਥਣ ਮਹਿਕਪ੍ਰੀਤ ਖਟਕੜ,  ਦੂਜਾ ਸਥਾਨ ਐਮ. ਆਰ. ਸਿਟੀ ਪਬਲਿਕ ਸਕੂਲ ਬਲਾਚੌਰ ਦੇ ਵਿਦਿਆਰਥੀ ਵਿਕਟਰ ਗਿਰੀਸ਼ ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੀ ਵਿਦਿਆਰਥਣ ਨੇਹਾ ਨੇ ਪ੍ਰਾਪਤ ਕੀਤਾ।  ਲੇਖ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੀ ਵਿਦਿਆਰਥਣ ਕਿਰਨਜੀਤ ਕੌਰ, ਦੂਜਾ ਸਥਾਨ ਸਰਕਾਰੀ ਮਿਡਲ ਸਕੂਲ ਮੰਗੂਪੁਰ ਦੀ ਵਿਦਿਆਰਥਣ ਚਾਹਤ ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹੀਦ ਭਗਤ ਸਿੰਘ ਦੀ ਵਿਦਿਆਰਥਣ ਨਿਹਾਰਿਕਾ  ਕੁਮਾਰੀ ਨੇ ਪ੍ਰਾਪਤ ਕੀਤਾ।  ਕਹਾਣੀ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਐਮ. ਆਰ. ਸਿਟੀ ਪਬਲਿਕ ਸਕੂਲ ਬਲਾਚੌਰ ਦੀ ਵਿਦਿਆਰਥਣ ਅਰਪਣ,  ਦੂਜਾ ਸਥਾਨ ਵੀ ਇਸੇ ਸਕੂਲ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਅਤੇ ਤੀਜਾ ਸਥਾਨ ਸਰਕਾਰੀ ਹਾਈ ਸਕੂਲ ਮਜਾਰਾ ਕਲਾਂ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਕਾਵਿ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਹਾ ਦੀ ਵਿਦਿਆਰਥਣ ਪਿੰਕੀ, ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹੀਦ ਭਗਤ ਸਿੰਘ ਦੀ ਵਿਦਿਆਰਥਣ ਸੁਨੇਹਜੀਤ ਕੌਰ ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹੀਦ ਭਗਤ ਸਿੰਘ ਨਗਰ ਦੀ ਵਿਦਿਆਰਥਣ ਸਿਮਰਨ ਬਸਰਾ  ਨੇ ਪ੍ਰਾਪਤ ਕੀਤਾ।  ਮੁਕਾਬਲੇ ਦੇ ਨਿਰਣਾਇਕਾਂ ਦੀ ਜ਼ਿੰਮੇਵਾਰੀ ਪ੍ਰਸਿੱਧ ਲੇਖਕਾਂ ਸ੍ਰੀਮਤੀ ਸੋਮਾ ਸਬਲੋਕ, ਸ੍ਰੀਮਤੀ ਰਜਨੀ ਸ਼ਰਮਾ ਅਤੇ ਚੰਦਰ ਜੀ ਨੇ ਬਾਖ਼ੂਬੀ ਨਿਭਾਈ। ਮੰਚ ਸੰਚਾਲਨ ਅਧਿਆਪਕਾ ਜਤਿੰਦਰ ਕੌਰ ਨੇ ਬਹੁਤ ਵਧੀਆ ਢੰਗ ਨਾਲ ਕੀਤਾ। ਸਮਾਗਮ ਦੇ ਅਖੀਰ ਵਿੱਚ ਵੱਖ- ਵੱਖ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 1000 ਰੁਪਏ, 750 ਰੁਪਏ ਅਤੇ 500 ਰੁਪਏ ਦਾ ਨਗਦ ਇਨਾਮ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਕੂਲਾਂ ਦੇ ਅਧਿਆਪਕਾਂ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੇ ਅਧਿਆਪਕ ਅਤੇ ਵਿਦਿਆਰਥੀਆਂ ਵੀ ਮੌਜੂਦ ਸਨ।