ਡਿਪਟੀ ਕਮਿਸ਼ਨਰ ਨੇ ਮਾਤਾ ਚਿੰਤਪੁਰਨੀ ਚੌਕ ਸਥਿਤ ਫਲ ਅਤੇ ਸਬਜ਼ੀ ਮੰਡੀ ਨੂੰ ਦਿੱਤਾ 'ਈਟ
ਰਾਈਟ ਫਰੂਟ ਐਂਡ ਵੈਜੀਟੇਬਲ ਮਾਰਕੀਟ' ਦਾ ਸਰਟੀਫਿਕੇਟ
ਹੁਸ਼ਿਆਰਪੁਰ, 22 ਫਰਵਰੀ: ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ, ਪੰਜਾਬ,
ਡਾ.ਅਭਿਨਵ ਤ੍ਰਿਖਾ ਅਤੇ ਐਫ.ਐਸ.ਐਸ.ਏ.ਆਈ. ਦੇ ਦਿਸ਼ਾ-ਨਿਰਦੇਸ਼ਾਂ 'ਤੇ ਹੁਸ਼ਿਆਰਪੁਰ ਦੇ
ਮਾਤਾ ਚਿੰਤਪੁਰਨੀ ਚੌਕ ਨੇੜੇ ਸਥਿਤ ਭੰਗੀ ਚੋਅ ਵਿਖੇ ਸਥਿਤ ਫਲ ਅਤੇ ਸਬਜ਼ੀ ਮੰਡੀ ਨੂੰ
ਪੰਜਾਬ ਦੀ ਪਹਿਲੀ 'ਈਟ ਰਾਈਟ ਫਰੂਟ ਐਂਡ ਵੈਜੀਟੇਬਲ ਮਾਰਕੀਟ' ਸਰਟੀਫਿਕੇਟ ਪ੍ਰਾਪਤ
ਹੋਇਆ ਹੈ। ਅੱਜ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਮਾਤਾ
ਚਿੰਤਪੁਰਨੀ ਚੌਕ ਫਲ ਅਤੇ ਸਬਜ਼ੀ ਮੰਡੀ ਵਿਖੇ ਫਲਾਂ ਅਤੇ ਸਬਜ਼ੀਆਂ ਦਾ ਵਪਾਰ ਕਰਨ ਵਾਲੇ
ਵਿਕਰੇਤਾਵਾਂ ਨੂੰ ਇਹ ਸਰਟੀਫਿਕੇਟ ਸੌਂਪੇ। ਇਸ ਦੌਰਾਨ ਉਨ੍ਹਾਂ ਨਾਲ ਜ਼ਿਲ੍ਹਾ ਸਿਹਤ
ਅਫ਼ਸਰ ਡਾ: ਲਖਬੀਰ ਸਿੰਘ ਅਤੇ ਫੂਡ ਸੇਫ਼ਟੀ ਟੀਮ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਇਸ ਪ੍ਰਾਪਤੀ ਲਈ ਜ਼ਿਲ੍ਹਾ ਸਿਹਤ ਅਫ਼ਸਰ ਅਤੇ ਮਾਰਕੀਟ ਨੂੰ ਵਧਾਈ
ਦਿੱਤੀ ਅਤੇ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਰਟੀਫਿਕੇਟ ਦੇ ਮਾਪਦੰਡਾਂ ਨੂੰ
ਇਸੇ ਤਰ੍ਹਾਂ ਬਰਕਰਾਰ ਰੱਖਣ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ
ਲੋਕਾਂ ਨੂੰ ਸਾਫ਼-ਸੁਥਰੇ ਫਲ ਅਤੇ ਸਬਜ਼ੀਆਂ ਦੀ ਵਿਕਰੀ ਕਰਨ ਤਾਂ ਜੋ ਰੰਗਲੇ ਪੰਜਾਬ ਦੇ
ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।
ਜ਼ਿਲ੍ਹਾ ਸਿਹਤ ਅਫ਼ਸਰ ਡਾ: ਲਖਬੀਰ ਸਿੰਘ ਨੇ ਦੱਸਿਆ ਕਿ 'ਈਟ ਰਾਈਟ ਫਰੂਟ ਐਂਡ
ਵੈਜੀਟੇਬਲ ਮਾਰਕੀਟ' ਮੰਡੀ ਨੂੰ ਪ੍ਰਮਾਣਿਤ ਕਰਨ ਲਈ ਐਮ.ਐਸ. ਸਰਟੀਫਿਕੇਸ਼ਨ ਸਰਵਿਸਿਜ਼
ਪ੍ਰਾਈਵੇਟ ਲਿਮਟਿਡ ਫਰਮ ਨੂੰ ਅਧਿਕਾਰਤ ਕੀਤਾ ਗਿਆ ਸੀ, ਜਿਸਦੇ ਆਡੀਟਰ ਵਲੋਂ ਫਲ ਅਤੇ
ਸਬਜ਼ੀ ਮੰਡੀ ਦਾ ਦੋ ਵਾਰ ਆਡਿਟ ਕਰਨ, ਐਫ.ਐਸ.ਐਸ.ਏ.ਆਈ. ਵਲੋਂ ਨਿਰਧਾਰਿਤ ਮਾਪਦੰਡ ਪੂਰੇ
ਕਰਨ ਤੋਂ ਬਾਅਦ ਇਹ ਸਰਟੀਫਿਕੇਟ ਇਸ ਮਾਰਕੀਟ ਨੂੰ 2 ਸਾਲ ਲਈ ਜਾਰੀ ਕੀਤਾ ਗਿਆ, ਜਿਸ
ਵਿੱਚ ਸਾਰੇ ਵਿਕਰੇਤਾਵਾਂ ਦੀ ਫੂਡ ਸੇਫਟੀ ਐਕਟ ਤਹਿਤ ਰਜਿਸਟਰੇਸ਼ਨ, ਟੇ੍ਰੇਨਿੰਗ,
ਮੈਡੀਕਲ ਸਰਟੀਫਿਕੇਟ ਆਦਿ ਜਿਹੇ ਮਾਪਦੰਡਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ
ਸਰਕਾਰੀ ਮਾਨਤਾ ਪ੍ਰਾਪਤ ਫਰਮ ਸਾਰਥਕ ਯੁਵਾ ਚੇਤਨਾ ਸੰਗਠਨ ਵੱਲੋਂ ਮੰਡੀ ਦੇ ਸਾਰੇ
ਵਿਕਰੇਤਾਵਾਂ ਨੂੰ ਨਿੱਜੀ ਅਤੇ ਆਪਣੀਆਂ ਦੁਕਾਨਾਂ ਦੀ ਸਫ਼ਾਈ ਸਬੰਧੀ ਟੇ੍ਰਨਿੰਗ ਸਰਕਾਰ
ਵਲੋਂ ਮਾਨਤਾ ਪ੍ਰਾਪਤ ਫਰਮ ਸਾਰਥਕ ਯੁਵਾ ਚੇਤਨਾ ਸੰਗਠਨ ਵਲੋਂ ਦਿੱਤੀ ਗਈ ਅਤੇ
ਵਿਕਰੇਤਾਵਾਂ ਨੂੰ ਸਾਫ਼-ਸੁਥਰਾ ਸਾਮਾਨ ਵੇਚਣ ਲਈ ਕਿਹਾ ਗਿਆ ਅਤੇ ਫ਼ਲ-ਸਬਜ਼ੀਆਂ ਨੂੰ ਸਾਫ਼
ਪਾਣੀ ਨਾਲ ਧੋਣ ਬਾਰੇ ਦੱਸਿਆ ਗਿਆ ਹੈ।
ਇਸ ਮੌਕੇ ਫੂਡ ਸੇਫਟੀ ਟੀਮ ਵੱਲੋਂ ਰਮਨ ਵਿਰਦੀ, ਸੰਦੀਪ ਕੁਮਾਰ ਅਤੇ ਫਲ-ਸਬਜ਼ੀ
ਵਿਕਰੇਤਾ ਤਰਸੇਮ ਲਾਲ, ਪਾਰਸ ਨਾਥ ਰਾਏ, ਧਰਮਵੀਰ, ਰਾਕੇਸ਼ ਕੁਮਾਰ, ਨਿਤਿਸ਼ ਆਦਿ ਹਾਜ਼ਰ
ਸਨ।