ਕੌਮਾਂਤਰੀ ਮਾਤ-ਭਾਸ਼ਾ ਦਿਵਸ 21 ਫ਼ਰਵਰੀ ਤੋਂ ਪਹਿਲਾਂ ਆਪੋ-ਆਪਣੇ ਅਦਾਰਿਆਂ ਦੇ ਸੂਚਨਾ ਬੋਰਡ ਪੰਜਾਬੀ ’ਚ ਲਿਖਾ ਕੇ ਦਿੱਤਾ ਜਾਵੇ ਮਾਂ-ਬੋਲੀ ਨੂੰ ਸਤਿਕਾਰ :- ਭਾਸ਼ਾ ਅਫ਼ਸਰ ਸੰਦੀਪ ਸਿੰਘ

ਨਵਾਂਸ਼ਹਿਰ, 2 ਫ਼ਰਵਰੀ :  ਪੰਜਾਬ ਸਰਕਾਰ ਵੱਲੋਂ ਰਾਜ ਭਰ 'ਚ ਚਲਾਈ ਜਨਤਕ ਤੇ ਨਿੱਜੀ ਅਦਾਰਿਆਂ ਨਾਲ ਸਬੰਧਤ ਸੂਚਨਾ ਬੋਰਡਾਂ ਨੂੰ ਮਾਂ-ਬੋਲੀ ਪੰਜਾਬੀ 'ਚ ਲਿਖਵਾਉਣ ਦੀ ਮੁਹਿੰਮ ਦੀ ਲਗਾਤਾਰਤਾ 'ਚ ਅਪੀਲ ਕਰਦਿਆਂ, ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਖੋਜ ਅਫ਼ਸਰ ਸੰਦੀਪ ਸਿੰਘ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਵੀ ਕੌਮਾਂਤਰੀ ਮਾਤ-ਭਾਸ਼ਾ ਦਿਵਸ (21 ਫ਼ਰਵਰੀ) ਤੋਂ ਪਹਿਲਾਂ-ਪਹਿਲਾਂ ਜਨਤਕ ਤੇ ਨਿੱਜੀ ਸੂਚਨਾ ਬੋਰਡਾਂ 'ਤੇ ਗੁਰਮੁਖੀ ਲਿਪੀ ਨੂੰ ਪਹਿਲ ਦੇ ਕੇ ਮਾਂ-ਬੋਲੀ ਪੰਜਾਬੀ ਨੂੰ ਸਤਿਕਾਰ ਦੇਣ ਲਈ ਆਖਿਆ ਹੈ। ਪ੍ਰਮੁੱਖ ਸਕੱਤਰ, ਉਚੇਰੀ ਸਿਖਿਆ ਤੇ ਭਾਸ਼ਾ ਵਿਭਾਗ, ਸ੍ਰੀਮਤੀ ਜਸਪ੍ਰੀਤ ਤਲਵਾੜ ਵੱਲੋਂ ਇਸ ਸਬੰਧੀ ਜਾਰੀ ਆਦੇਸ਼ਾਂ ਦਾ ਹਵਾਲਾ ਦਿੰਦਿਆਂ ਖੋਜ ਅਫ਼ਸਰ ਸੰਦੀਪ ਸਿੰਘ ਨੇ ਕਿਹਾ ਕਿ ਸਮੂਹ ਸਰਕਾਰੀ, ਅਰਧ ਸਰਕਾਰੀ ਦਫ਼ਤਰ, ਵਿਭਾਗ, ਅਦਾਰੇ, ਸੰਸਥਾਂਵਾਂ, ਵਿਦਿਅਕ ਅਦਾਰੇ, ਬੋਰਡ, ਨਿਗਮਾਂ ਅਤੇ ਗੈਰ-ਸਰਕਾਰੀ ਸੰਸਥਾਂਵਾਂ, ਪਬਲਿਕ ਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਿਕ ਅਦਾਰਿਆਂ ਆਦਿ ਦੇ ਨਾਮ ਅਤੇ ਸੜ੍ਹਕਾਂ ਦੇ ਨਾਮ, ਨਾਮ ਪੱਟੀਆਂ, ਮੀਲ ਪੱਥਰ, ਸਾਈਨ ਬੋਰਡ ਲਿਖਣ ਸਮੇਂ ਸਭ ਤੋਂ ਪਹਿਲਾਂ ਉਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) 'ਚ ਲਿਖੇ ਜਾਣ ਅਤੇੇ ਉਸ ਤੋਂ ਬਾਅਦ ਜੇਕਰ ਉੁਹ ਕਿਸੇ ਹੋਰ ਭਾਸ਼ਾ 'ਚ ਲਿਖਣਾ ਚਾਹੁੰਦੇ ਹਨ ਤਾਂ ਗੁਰਮੁਖੀ ਲਿੱਪੀ ਤੋਂ ਬਾਅਦ ਹੀ ਲਿਖਣ।
ਖੋਜ ਅਫ਼ਸਰ ਅਨੁਸਾਰ ਉਕਤ ਹੁਕਮਾਂ ਨੂੰ ਜ਼ਿਲ੍ਹੇ 'ਚ ਜ਼ਮੀਨੀ ਪੱਧਰ ਤੱਕ ਲਾਗੂ ਕਰਵਾਉਣ ਲਈ ਅਗਲੇ ਦਿਨਾਂ 'ਚ ਡਿਪਟੀ ਕਮਿਸ਼ਨਰ ਦੀ ਅਗਵਾਈ 'ਚ ਸਮੂਹ ਵਿਭਾਗਾਂ ਦੀ ਮੀਟਿੰਗ ਵੀ ਬੁਲਾਈ ਜਾਵੇਗੀ ਤਾਂ ਜੋ ਹਰੇਕ ਵਿਭਾਗ ਆਪਣੇ ਨਾਲ ਸਬੰਧਤ ਸਰਕਾਰੀ ਤੇ ਨਿੱਜੀ ਅਦਾਰਿਆਂ 'ਚ ਮਾਂ-ਬੋਲੀ ਨੂੰ ਮਾਣ-ਸਤਿਕਾਰ ਦੇਣ ਦੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨੂੰ ਜੇਕਰ 21 ਫ਼ਰਵਰੀ, 2023 ਤੋਂ ਪਹਿਲਾਂ-ਪਹਿਲਾਂ ਲਾਗੂ ਕਰਵਾ ਸਕੇ। ਉਨ੍ਹਾਂ ਦੱਸਿਆ ਕਿ ਅਜਿਹਾ ਨਾ ਕਰਨ 'ਤੇ ਪੰਜਾਬ ਰਾਜ ਭਾਸ਼ਾ (ਤਰਮੀਮ) ਐਕਟ 2008 ਅਤੇ 2021 ਵਿੱਚ ਦਰਜ ਉਪਬੰਧਾਂ ਤਹਿਤ ਅਗਲੇਰੀ ਕਾਰਵਾਈ ਦਾ ਭਾਗੀਦਾਰ ਬਣਨਾ ਪੈ ਸਕਦਾ ਹੈ।