ਭੰਗੀ ਚੋਅ ਨੂੰ ਕੂੜਾ ਮੁਕਤ ਕਰਨ ਲਈ ਸ਼ਹਿਰ ਵਾਸੀਆਂ ਦਾ ਸਹਿਯੋਗ ਸ਼ਲਾਘਾਯੋਗ : ਕੋਮਲ ਮਿੱਤਲ

- ਸੱਤਵੇਂ ਦਿਨ ਰਿਆਤ-ਬਾਹਰਾ ਇੰਸਟੀਚਿਊਟ ਦੇ ਵਲੰਟੀਅਰਾਂ ਨੇ ਮੁਹਿੰਮ 'ਚ ਪਾਇਆ ਯੋਗਦਾਨ
ਹੁਸ਼ਿਆਰਪੁਰ, 14 ਫਰਵਰੀ: ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ ਨੇ ਕਿਹਾ ਕਿ ਨਗਰ ਨਿਗਮ ਵਲੋਂ ਭੰਗੀ ਚੋਅ ਨੂੰ ਕੂੜਾ ਮੁਕਤ ਕਰਨ ਦੀ ਮੁਹਿੰਮ ਵਿਚ ਸ਼ਹਿਰ ਵਾਸੀਆਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਇਸ ਸਹਿਯੋਗ ਨਾਲ ਭੰਗੀ ਚੋਅ ਨੂੰ ਜਲਦ ਹੀ ਕੂੜਾ ਮੁਕਤ ਕਰ ਲਿਆ ਜਾਵੇਗਾ। ਉਹ ਅੱਜ ਨਗਰ ਨਿਗਮ ਵਲੋਂ ਚਲਾਏ ਜਾ ਰਹੇ ਸਫ਼ਾਈ ਅਭਿਆਨ ਦਾ ਜਾਇਜ਼ਾ ਲੈਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਸਫ਼ਾਈ ਅਭਿਆਨ ਵਿਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਉਪਰਾਲੇ ਨਾਲ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿਚ ਨਗਰ ਨਿਗਮ ਨੂੰ ਸਹਿਯੋਗ ਮਿਲੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਭਿਆਨ ਦੇ ਸੱਤਵੇਂ ਦਿਨ ਰਿਆਤ-ਬਾਹਰਾ ਇੰਸਟੀਚਿਊਟ ਦੇ 250 ਦੇ ਕਰੀਬ ਵਲੰਟੀਅਰਾਂ ਨੇ ਨਗਰ ਨਿਗਮ ਦੇ ਇਸ ਸਫ਼ਾਈ ਅਭਿਆਨ ਵਿਚ ਯੋਗਦਾਨ ਪਾਇਆ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਇਸ ਅਭਿਆਨ ਦੀ ਸ਼ੁਰੂਆਤ ਤੋਂ ਬਾਅਦ ਸਫਾਈ ਨੂੰ ਲੈ ਕੇ ਲੋਕਾਂ ਵਿਚ ਇਕ ਸਕਾਰਾਤਮਕ ਬਦਲਾਅ ਆਇਆ ਹੈ, ਜੋ ਕਿ ਨਗਰ ਨਿਗਮ ਦਾ ਇਸ ਅਭਿਆਨ ਨੂੰ ਲੈ ਕੇ ਮੁੱਖ ਮੰਤਵ ਹੈ। ਉਨ੍ਹਾਂ ਕਿਹਾ ਕਿ ਇਹ ਅਭਿਆਨ ਲੋਕਾਂ ਦੇ ਸਹਿਯੋਗ ਨਾਲ ਹੀ ਸਫ਼ਲਤਾ ਵੱਲ ਵੱਧ ਰਿਹਾ ਹੈ, ਕਿਉਂਕਿ ਜਨਤਾ ਦੇ ਸਹਿਯੋਗ ਦੇ ਬਿਨਾ ਕੋਈ ਵੀ ਅਭਿਆਨ ਸਫ਼ਲ ਨਹੀਂ ਹੋ ਸਕਦਾ ਹੈ।
ਕੋਮਲ ਮਿੱਤਲ ਨੇ ਕਿਹਾ ਕਿ ਨਗਰ ਨਿਗਮ ਦੇ ਨਾਲ ਰੋਜ਼ਾਨਾ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ, ਐਨ.ਜੀ.ਓਜ਼, ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਇਸ ਸਫ਼ਾਈ ਅਭਿਆਨ ਵਿਚ ਸਹਿਯੋਗ ਕਰਕੇ ਭੰਗੀ ਚੋਅ ਨੂੰ ਕੂੜਾ ਮੁਕਤ ਬਣਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸ਼ਹਿਰ ਦੇ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਸ਼ਹਿਰ ਦੇ ਇਸ ਮੁੱਖ ਏਰੀਏ ਵਿਚ ਕੂੜਾ ਨਾ ਸੁੱਟੇ। ਉਨ੍ਹਾਂ ਕਿਹਾ ਕਿ ਭੰਗੀ ਚੋਅ ਵਿਚ ਸਫ਼ਾਈ ਬਣਾਈ ਰੱਖਣ ਲਈ ਨਗਰ ਨਿਗਮ ਦੀਆਂ ਸਰਵੇਲੈਂਸ ਟੀਮਾਂ ਵੀ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਇਥੇ ਕੂੜਾ ਸੁੱਟਣ ਵਾਲਿਆਂ ਦੇ ਚਾਲਾਨ ਵੀ ਕੀਤੇ ਜਾਣਗੇ। ਇਸ ਮੌਕੇ ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਤੋਂ ਇਲਾਵਾ ਨਗਰ ਨਿਗਮ ਦਾ ਹੋਰ ਸਟਾਫ਼ ਅਤੇ ਰਿਆਤ-ਬਾਹਰਾ ਇੰਸਟੀਚਿਊਟ ਦੇ ਵਲੰਟੀਅਰ ਮੌਜੂਦ ਸਨ।