ਬੁਰਜ ਟਹਿਲ ਦਾਸ ਤੇ ਖੋਜਾ ਦੀਆਂ ਰੇਤ ਖਾਣਾਂ ਨੇ ਕਈ ਘਰਾਂ ’ਚ ਚੁਲ੍ਹੇ ਬਾਲੇ - ਰੋਜ਼ਗਾਰ ਖੁਣੋਂ ਖੜ੍ਹੀਆਂ ਟਰਾਲੀਆਂ ਤੇ ਵਿਹਲੀ ਬੈਠੀ ਲੇਬਰ ਫ਼ਿਰ ਤੋਂ ਕੰਮ ’ਤੇ ਲੱਗੇ

ਨਵਾਂਸ਼ਹਿਰ, 6 ਫ਼ਰਵਰੀ : ਨਵਾਂਸ਼ਹਿਰ 'ਚ ਬੁਰਜ ਟਹਿਲ ਦਾਸ ਤੇ ਖੋਜਾ ਦੀਆਂ ਰੇਤ ਖਾਣਾਂ 'ਚੋਂ ਰੇਤ ਦੀ ਨਿਕਾਸੀ ਸ਼ੁਰੂ ਹੋਣ ਬਾਅਦ ਜਿੱਥੇ ਆਮ ਲੋਕਾਂ ਨੂੰ ਰੇਤਾ ਆਸਾਨੀ ਨਾਲ ਮਿਲਣਾ ਸ਼ੁਰੂ ਹੋ ਗਿਆ ਹੈ ਉੱਥੇ ਕਈ ਘਰਾਂ ਦੇ ਚੁੱਲ੍ਹੇ ਫ਼ਿਰ ਤੋਂ ਬਲ਼ ਪਏ ਹਨ। ਰੇਤ ਦੀ ਨਿਕਾਸੀ ਬੰਦ ਹੋਣ ਕਾਰਨ ਰੋਜ਼ਗਾਰ ਖੁਣੋਂ ਖੜ੍ਹੀਆਂ ਟਰਾਲੀਆਂ ਦੇ ਚਾਲਕਾਂ ਅਤੇ ਭਰਾਈ ਕਰਨ ਵਾਲੀ ਲੇਬਰ ਪੂਰੇ ਜ਼ੋਰ-ਸ਼ੋਰ ਨਾਲ ਫ਼ਿਰ ਤੋਂ ਕੰਮ 'ਤੇ ਲੱਗ ਗਏ ਹਨ। ਜ਼ਿਲ੍ਹੇ 'ਚ ਐਤਵਾਰ ਤੋਂ ਸ਼ੁਰੂ ਹੋਈਆਂ ਦੋਵੇਂ ਰੇਤ ਖਾਣਾਂ ਤੋਂ ਸੋਮਵਾਰ ਬਾਅਦ ਦੁਪਹਿਰ ਤੱਕ 59 ਦੇ ਕਰੀਬ ਟਰਾਲੀਆਂ ਰੇਤੇ ਦੀਆਂ ਭਰ ਚੁੱਕੀਆਂ ਸਨ। ਖੋਜਾ ਵਿਖੇ ਸੋਮਵਾਰ ਨੂੰ ਲਾਲੇਵਾਲ ਪਿੰਡ ਤੋਂ ਟਰਾਲੀ ਭਰਨ ਆਇਆ ਊਧਮ ਸਿੰਘ ਦਾ ਕਹਿਣਾ ਸੀ ਕਿ ਭਗਵੰਤ ਮਾਨ ਸਰਕਾਰ ਨੇ 15 ਸਾਲ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ ਹੈ ਜਦੋਂ ਰੇਤਾ ਜਿਸ ਨੂੰ ਵੀ ਲੋੜ ਹੁੰਦੀ ਸੀ, ਉਹ ਆਸਾਨੀ ਨਾਲ ਪ੍ਰਾਪਤ ਕਰ ਲੈਂਦਾ ਸੀ। ਉਸ ਨੇ ਕਿਹਾ ਕਿ ਰੇਤ ਦੀ ਢੋਆ-ਢੁਆਈ ਕੁੱਝ ਲੋਕਾਂ ਤੇ ਵੱਡੇ ਵਾਹਨਾਂ ਤੱਕ ਸੀਮਤ ਹੋਣ ਨਾਲ ਸੈਂਕੜੇ ਲੋੜਵੰਦ ਲੋਕਾਂ ਨੂੰ ਘਰ ਵਿਹਲੇ ਬਿਠਾ ਗਈ ਸੀ ਪਰ ਹੁਣ ਪੁਰਾਣਾ ਸਮਾਂ ਮੁੜ ਆਇਆ ਹੈ। ਬੁਰਜ ਟਹਿਲ ਦਾਸ ਵਿਖੇ ਰੇਤਾ ਲੈਣ ਆਏ ਅਸ਼ੋਕ ਦਾ ਕਹਿਣਾ ਸੀ ਕਿ ਰੇਤੇ ਦੀ ਸਰਕਾਰ ਵੱਲੋਂ ਸਸਤੀ ਕੀਤੀ ਕੀਮਤ ਨੇ ਆਲ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਕੇਵਲ ਸਾਢੇ ਪੰਜ ਰੁਪਏ ਫੁੱਟ 'ਚ ਰੇਤ ਮਿਲਣਾ ਉਸ ਵਰਗੇ ਗਰੀਬ ਲੋਕਾਂ ਦੇ ਸੁਫ਼ਨੇ ਸੱਚ ਕਰਨ ਵਾਂਗ ਹੈ। ਖੋਜਾ ਵਿਖੇ ਭਾਰਟਾ ਤੋਂ ਰੇਤ ਭਰਨ ਆਏ ਨੌਜੁਆਨ ਮੋਹਨ ਦਾਸ ਦਾ ਕਹਿਣਾ ਸੀ ਕਿ ਅੱਜ ਉਸ ਨੂੰ 5.50 ਰੁਪਏ ਪ੍ਰਤੀ ਘਣ ਫੁੱਟ ਰੇਤਾ ਮਿਲਿਆ ਹੈ। ਉਸ ਦਾ ਕਹਿਣਾ ਹੈ ਕਿ ਬੀਤੇ ਕੁੱਝ ਸਮੇਂ ਤੋਂ ਆਮ ਲੋਕਾਂ ਲਈ ਰੇਤਾ ਲੈਣਾ ਤੇ ਘਰ ਪਾਉਣੇ ਮੁਸ਼ਕਿਲ ਬਣਿਆ ਹੋਇਆ ਸੀ ਪਰ ਹੁਣ ਲੱਗਦਾ ਹੈ ਕਿ ਲੋਕਾਂ ਨੂੰ ਸਸਤੀ ਰੇਤ ਮਿਲਣ ਨਾਲ ਉਨ੍ਹਾਂ ਦੀਆਂ ਕਈ ਮੁਸ਼ਕਿਲਾਂ ਹੱਲ ਹੋ ਜਾਣਗੀਆਂ। ਬੁਰਜ ਟਹਿਲ ਦਾਸ ਵਿਖੇ ਸਰਕਾਰੀ ਰੇਤ ਖੱਡ ਸ਼ੁਰੂ ਹੋਣ ਨਾਲ ਬਾਗ਼ੋ-ਬਾਗ਼ (ਖੁਸ਼) ਹੋਏ ਸੋਹਣੇ ਦਾ ਕਹਿਣਾ ਸੀ ਕਿ ਸਰਕਾਰ ਦੇ ਸਸਤੀ ਰੇਤ ਦੇ ਫ਼ੈਸਲੇ ਅਤੇ ਮਸ਼ੀਨਾਂ ਰਾਹੀਂ ਭਰਾਈ ਕਰਨ 'ਤੇ ਲਾਈ ਪਾਬੰਦੀ ਨੇ, ਉਨ੍ਹਾਂ ਦੇ ਪਿੰਡ ਦੇ 150 ਦੇ ਕਰੀਬ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ। ਲੇਬਰ ਦਾ ਕਹਿਣਾ ਹੈ ਕਿ ਸ਼ਾਇਦ 15 ਸਾਲਾਂ ਬਾਅਦ ਪਹਿਲੀ ਵਾਰ ਮਹਿਸੂਸ ਹੋਇਆ ਹੈ ਕਿ ਕਿਸੇ ਸਰਕਾਰ ਨੇ ਹੱਥੀਂ (ਕਹੀਆਂ ਤੇ ਬੇਲਚਿਆਂ ਨਾਲ) ਰੇਤ ਭਰਾਈ ਦਾ ਕੰਮ ਕਰਨ ਵਾਲੀ ਲੇਬਰ ਬਾਰੇ ਵੀ ਸੋਚਿਆ। ਉਨ੍ਹਾਂ ਦਾ ਕਹਿਣਾ ਦੀ ਕਿ ਕ੍ਰੇਨਾਂ ਤੇ ਜੇ ਸੀ ਬੀ ਮਸ਼ੀਨਾਂ ਨੇ ਉਨ੍ਹਾਂ ਦਾ ਰੋਜ਼ਗਾਰ ਹੀ ਖੋਹ ਲਿਆ ਸੀ ਪਰ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਬੰਦ ਪਏ ਰੋਜ਼ਗਾਰ ਨੂੰ ਫ਼ਿਰ ਤੋਂ ਚਲਾ ਦਿੱਤਾ ਹੈ। ਖੋਜਾ ਵਿਖੇ ਕੰਮ ਕਰ ਰਹੀ ਲਾਲੇਵਾਲ ਦੀ ਲੇਬਰ ਵੀ ਸਰਕਾਰ ਵੱਲੋਂ ਸਸਤੇ ਭਾਅ 'ਤੇ ਰੇਤ ਖੋਲ੍ਹੇ ਜਾਣ ਕਾਰਨ, ਉਨ੍ਹਾਂ ਦੇ ਬਣੇ ਰੋਜ਼ਗਾਰ ਦੇ ਵਸੀਲੇ ਨੂੰ ਲੈ ਕੇ ਬਹੁਤ ਖੁਸ਼ ਸੀ।
        ਐਸ ਡੀ ਓ ਮਾਈਨਿੰਗ ਨਵਾਂਸ਼ਹਿਰ, ਗੁਰਜੀਤ ਸਿੰਘ ਅਨੁਸਾਰ ਕਲ੍ਹ ਸ਼ੁਰੂ ਹੋਈਆਂ ਦੋਵੇਂ ਰੇਤ ਖਾਣਾਂ ਤੋਂ ਰੇਤ ਲੈਣ ਲਈ ਸਵੇਰੇ 7 ਵਜੇ ਤੋਂ ਹੀ ਟਰਾਲੀਆਂ ਦੀਆਂ ਕਤਾਰਾਂ ਜੁੜ ਰਹੀਆਂ ਹਨ। ਰੇਤ ਦੀ ਭਰਾਈ ਸ਼ਾਮ 5 ਵਜੇ ਤੱਕ ਹੀ ਕਰਵਾਈ ਜਾਵੇਗੀ ਅਤੇ ਹਰ ਇੱਕ ਟਰਾਲੀ ਵਾਲੇ ਦਾ ਨੰਬਰ ਉਸ ਦੀ ਵਾਰੀ ਦੇ ਹਿਸਾਬ ਨਾਲ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਨੂਅਲ ਭਰਾਈ (ਪੋਕਲੇਨ ਤੇ ਜੇ ਸੀ ਬੀ ਦੀ ਮਨਾਹੀ) ਕਾਰਨ ਇੱਕ ਟਰਾਲੀ ਨੂੰ ਕਰੀਬ ਅੱਧਾ ਘੰਟਾ ਭਰਨ 'ਚ ਲੱਗਦਾ ਹੈ, ਜਿਸ ਲਈ 6 ਤੋਂ 8 ਕਾਮਿਆਂ ਦੀ ਟੀਮ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਮਾਈਨਜ਼ ਤੇ ਜਿਓਲੋਜੀ ਵਿਭਾਗ ਦਾ ਭਰਾਈ ਵਾਲੀ ਲੇਬਰ ਨਾਲ ਕੋਈ ਸਬੰਧ ਨਹੀਂ ਪਰ ਟਰਾਲੀ ਚਾਲਕ ਲੇਬਰ ਵੱਲੋਂ ਕੀਤੇ ਜਾ ਰਹੇ ਸਹਿਯੋਗ ਤੋਂ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਕ ਕੋਈ ਵੀ ਟਰਾਲੀ ਚਾਲਕ (ਕੇਵਲ ਡਬਲ ਟਾਇਰਾਂ ਵਾਲੀ ਟਰਾਲੀ) ਆਪਣੀ ਲੇਬਰ ਲਿਆ ਕੇ ਵੀ ਰੇਤ ਭਰਵਾ ਸਕਦਾ ਹੈ। ਰੇਤ ਭਰਨ ਵਾਲੀ ਟਰਾਲੀ ਲਈ ਜਾਣ ਮੌਕੇ ਰੇਤ ਨੂੰ ਉਡਣ ਤੋਂ ਬਚਾਉਣ ਲਈ ਟਰਾਲੀ ਨੂੰ ਢੱਕ ਕੇ ਲਿਜਾਣਾ ਵੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਦੁਪਹਿਰ ਬਾਅਦ ਤੱਕ ਖੋਜਾ ਤੋਂ 47 ਟਰਾਲੀਆਂ ਭਰ ਚੁੱਕੀਆਂ ਹਨ ਜਦਕਿ ਬੁਰਜ ਟਹਿਲ ਦਾਸ ਤੋਂ 12 ਟਰਾਲੀਆਂ ਭਰੀਆਂ ਜਾ ਚੁੱਕੀਆਂ ਹਨ।