ਪੰਜਾਬ ਦੇ ਸ਼ਹਿਰਾਂ ’ਚ ਪੀਣ ਵਾਲੇ ਪਾਣੀ ਤੇ ਸੀਵਰੇਜ ਪ੍ਰਾਜੈਕਟਾਂ ਨੂੰ ਤਰਜੀਹੀ ਆਧਾਰ ’ਤੇ ਮੁਕੰਮਲ ਕੀਤਾ ਜਾਵੇਗਾ : ਸੰਨੀ ਆਹਲੂਵਾਲੀਆ ਚੇਅਰਮੈਨ ਸੀਵਰੇਜ ਬੋਰਡ

ਸੀਵਰੇਜ ਬੋਰਡ ਦੇ ਚੇਅਰਮੈਨ ਸੰਨੀ ਆਹਲੂਵਾਲੀਆ ਵੱਲੋਂ ਰਾਹੋਂ (ਨਵਾਂਸ਼ਹਿਰ) ਵਿਖੇ ਸੀਵੇਜ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ
ਨਵਾਂਸ਼ਹਿਰ/ਰਾਹੋਂ 22 ਫ਼ਰਵਰੀ : ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਅੱਜ ਰਾਹੋਂ ਵਿਖੇ ਪਿਛਲੇ ਕਈ ਸਾਲਾਂ ਤੋਂ ਲਟਕੇ ਸੀਵਰੇਜ ਪ੍ਰਾਜੈਕਟ ਨੂੰ ਮੁੜ ਤੇਜ਼ੀ ਨਾਲ ਸ਼ੁਰੂ ਕਰਵਾਉਂਦਿਆਂ ਤਿੰਨ ਮਿਲੀਅਨ ਲੀਟਰ ਪ੍ਰਤੀ ਦਿਨ ਸਮਰੱਥਾ ਵਾਲੇ ਸੀਵੇਜ ਟ੍ਰੀਟਮੈਂਟ ਪਲਾਂਟ ਦਾ ਜ਼ਮੀਨ ਨੂੰ ਟੱਕ ਲਾ ਕੇ ਨੀਂਹ ਪੱਥਰ ਰੱਖਿਆ। ਉੁਨ੍ਹਾਂ ਨੇ ਮੌਕੇ 'ਤੇ ਮੌਜੂਦ ਸੀਵਰੇਜ ਬੋਰਡ ਅਧਿਕਾਰੀਆਂ ਨੂੰ 5.30 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਕੰਮ ਨੂੰ ਇੱਕ ਸਾਲ ਵਿੱਚ ਕਾਰਜਸ਼ੀਲ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਅਧਿਕਾਰੀ ਇਸ ਕੰਮ ਨੂੰ 'ਮਿਸ਼ਨ ਮੋਡ' 'ਚ ਕਰਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਪੱਸ਼ਟ ਤੌਰ 'ਤੇ ਸਾਰੇ ਅਧਿਕਾਰੀਆਂ ਨੂੰ ਸਾਰੇ ਵਿਕਾਸ ਕੰਮ ਪੂਰੀ ਸੰਜੀਦਗੀ ਅਤੇ ਮਿਆਰਾਂ ਅਨੁਸਾਰ ਕਰਨ ਦੇ ਆਦੇਸ਼ ਹਨ। ਉਨ੍ਹਾਂ ਕਿਹਾ ਕਿ ਜਲ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਪੰਜਾਬ ਦੇ ਸ਼ਹਿਰਾਂ 'ਚ ਪੀਣ ਵਾਲੇ ਪਾਣੀ ਤੇ ਸੀਵਰੇਜ ਦੇ ਪ੍ਰਾਜੈਕਟਾਂ ਨੂੰ ਤਰਜੀਹੀ ਆਧਾਰ 'ਤੇ ਮੁਕੰਮਲ ਕੀਤਾ ਜਾਵੇਗਾ। ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਹਾਲ ਹੀ ਵਿੱਚ ਮੁੱਖ ਮੰਤਰੀ ਵੱਲੋਂ ਜਲ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਤਿਆਰ ਸੂਬੇ ਦੇ ਸਭ ਤੋਂ ਵੱਡੇ ਅਤਿ-ਆਧੁਨਿਕ 225 ਮਿਲੀਅਨ ਲੀਟਰ ਪ੍ਰਤੀ ਦਿਨ ਦੀ ਸਮਰੱਥਾ ਵਾਲੇ ਜਮਾਲਪੁਰ ਸਥਿਤ ਟ੍ਰੀਟਮੈਂਟ ਪਲਾਂਟ ਨੂੰ ਚਾਲੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੀਵਰੇਜ ਬੋਰਡ ਨੂੰ ਬੁੱਢੇ ਨਾਲੇ ਦੀ ਸਫ਼ਾਈ ਕਰਕੇ ਫ਼ਿਰ ਤੋਂ ਬੁੱਢਾ ਦਰਿਆ ਬਣਾਉਣ ਦੀ ਵੱਡੀ ਜ਼ਿੰਮੇਂਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੀ ਅਗਵਾਈ 'ਚ ਜਲ ਸਪਲਾਈ ਤੇ ਸੀਵਰੇਜ ਬੋਰਡ ਸ਼ਹਿਰਾਂ ਦੀਆਂ ਲੋੜਾਂ ਪ੍ਰਤੀ ਪੂਰਾ ਗੰਭੀਰ ਹੈ। ਸੀਵਰੇਜ ਬੋਰਡ ਦੇ ਚੇਅਰਮੈਨ ਨੇ ਰਾਹੋਂ ਦੇ ਲੋਕਾਂ ਨੂੰ ਵੀ ਇਸ ਸੀਵਰੇਜ ਪ੍ਰਾਜੈਕਟ ਨੂੰ ਜਲਦ ਨੇਪਰੇ ਚਾੜ੍ਹਨ ਲਈ ਪੂਰਣ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਸੀਵਰੇਜ ਪਾਈਪਾਂ ਪਾਉਣ ਦੇ ਕੰਮ ਨੂੰ ਸਮੇਂ ਸਿਰ ਨਿਪਟਾਉਣ ਲਈ ਲੋਕਾਂ ਦਾ ਸਹਿਯੋਗ ਸਭ ਤੋਂ ਅਹਿਮ ਹੈ ਤਾਂ ਜੋ ਸੜ੍ਹਕਾਂ ਦੀ ਪੁਟਾਈ 'ਚ ਬੇਲੋੜੇ ਅੜਿੱਕੇ ਖੜ੍ਹੇ ਨਾ ਹੋ ਸਕਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸ਼ਹਿਰ ਵਾਸੀ ਨੂੰ ਕੰਮ ਦੀ ਗੁਣਵੱਤਾ 'ਚ ਕੋਈ ਕਮੀ ਲੱਗੇ ਤਾਂ ਉਹ ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਜਾਂ ਉਨ੍ਹਾਂ ਦੇ ਧਿਆਨ 'ਚ ਲਿਆਉਣ। ਉੁਨ੍ਹਾਂ ਦੱਸਿਆ ਕਿ ਰਾਹੋਂ ਵਿਖੇ ਲਾਏ ਜਾਣ ਵਾਲੇ ਸੀਵੇਜ ਟ੍ਰੀਟਮੈਂਟ ਪਲਾਂਟ ਨੂੰ ਪੰਜ ਸਾਲ ਚਲਾਉਣ ਤੇ ਸਾਂਭ-ਸੰਭਾਲ ਦੀ ਜ਼ਿੰਮੇਂਵਾਰੀ ਕੰਪਨੀ ਦੀ ਹੋਵੇਗੀ।
          ਆਪ ਦੇ ਨਵਾਂਸ਼ਹਿਰ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ ਨੇ ਇਸ ਮੌਕੇ ਆਪਣੇ ਸੰਬੋਧਨ 'ਚ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਰੁਕੇ ਸੀਵਰੇਜ ਦੇ ਕੰਮ ਦੇ ਮੁੜ ਸ਼ੁਰੂ ਹੋਣ ਨਾਲ ਰਾਹੋਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਅਮਰਜੀਤ ਸਿੰਘ ਬਿੱਟਾ ਤੇ ਸਾਬਕਾ ਪ੍ਰਧਾਨ ਹੇਮੰਤ ਰਣਦੇਵ (ਬੌਬੀ) ਅਤੇ ਸ਼ਹਿਰ ਦੇ ਕੌਂਸਲਰ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਵਾ ਕੇ ਸ਼ਹਿਰ ਦੇ ਲੋਕਾਂ ਨੂੰ ਰਾਹਤ ਦਿਵਾਉਣ 'ਚ ਸਰਕਾਰ ਦਾ ਸਹਿਯੋਗ ਕਰ ਰਹੇ ਹਨ। ਉਨ੍ਹਾਂ ਸੀਵਰੇਜ ਬੋਰਡ ਦੇ ਚੇਅਰਮੈਨ ਨੂੰ ਅਪੀਲ ਕਿ ਉਹ ਹੁਣ ਰਾਹੋਂ ਤੋਂ ਬਾਅਦ ਨਵਾਂਸ਼ਹਿਰ ਦੇ ਬਾਹਰੀ ਇਲਾਕਿਆਂ ਦੇ ਸੀਵਰੇਜ ਪ੍ਰਾਜੈਕਟ ਅਤੇ ਸ਼ਹਿਰ 'ਚ ਇੱਕ ਹੋਰ ਐਸ ਟੀ ਪੀ ਦੀ ਲੋੜ ਦੇ ਮੱਦੇਨਜ਼ਰ ਭੇਜੇ ਗਏ ਪ੍ਰਾਜੈਕਟ ਨੂੰ ਪਹਿਲ ਦੇ ਆਧਾਰ 'ਤੇ ਮਨਜ਼ੂਰ ਕਰਕੇ ਕੰਮ ਸ਼ੁਰੂ ਕਰਵਾਉਣ।
             ਇੰਪਰੂਵਮੈਂਟ ਟ੍ਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਇਸ ਮੌਕੇ ਆਪਣੇ ਸੰਬੋਧਨ 'ਚ ਰਾਹੋਂ ਸ਼ਹਿਰ ਦੇ ਰੁਕੇ ਪਏ ਪ੍ਰਾਜੈਕਟ ਦੇ ਮੁੜ ਸ਼ੁਰੂ ਹੋਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ, ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਦਾ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਆਪ ਦੇ ਜ਼ਿਲ੍ਹਾ ਸਕੱਤਰ ਗਗਨ ਅਗਨੀਹੋਤਰੀ ਅਤੇ ਨਗਰ ਕੌਂਸਲ ਰਾਹੋਂ ਦੇ ਸਾਬਕਾ ਪ੍ਰਧਾਨ ਹੇਮੰਤ ਰਣਦੇਵ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜੀਵ ਵਰਮਾ, ਜਲ ਸਪਲਾਈ ਤੇ ਸੀਵਰੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਆਸ਼ੀਸ਼ ਰਾਏ, ਐਸ ਡੀ ਓ ਰਣਜੀਤ ਸਿੰਘ, ਈ ਓ ਰਾਹੋਂ ਰਾਮ ਪ੍ਰਕਾਸ਼, ਰਾਹੋਂ ਦੇ ਕੌਂਸਲਰ, ਆਪ ਦੇ ਜ਼ਿਲ੍ਹਾ ਯੂਥ ਪ੍ਰਧਾਨ ਵਿਨੀਤ ਰਾਣਾ, ਮਹਿਲਾ ਵਿੰਗ ਦੇ ਪ੍ਰਧਾਨ ਰਾਜਦੀਪ ਸ਼ਰਮਾ, ਬਲਾਕ ਪ੍ਰਧਾਨ ਭੁਪਿੰਦਰ ਉੜਾਪੜ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਰਾਹੋਂ ਵਿਖੇ ਐਸ ਟੀ ਪੀ ਪਲਾਂਟ ਦੀ ਉਸਾਰੀ ਦੀ ਸ਼ੁਰੂਆਤ ਕਰਦੇ ਹੋਏ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ। ਨਾਲ ਆਪ ਆਗੂ ਲਲਿਤ ਮੋਹਨ ਪਾਠਕ ਤੇ ਸਤਨਾਮ ਜਲਵਾਹਾ ਵੀ ਦਿਖਾਏ ਦੇ ਰਹੇ ਹਨ।