ਭੰਗੀ ਚੋਅ ਨੂੰ ਸਾਫ਼ ਕਰਨ ਅਤੇ ਕੂੜਾ ਮੁਕਤ ਕਰਨ ਲਈ 8 ਤੋਂ 24 ਫਰਵਰੀ ਤੱਕ ਚਲਾਈ ਜਾਵੇਗੀ ਸਫ਼ਾਈ ਮੁਹਿੰਮ : ਕੋਮਲ ਮਿੱਤਲ

ਮੁਹਿੰਮ ਵਿਚ ਹਿੱਸਾ ਲੈਣ ਦੇ ਚਾਹਵਾਨ 6 ਫਰਵਰੀ ਤੱਕ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ
ਹੁਸ਼ਿਆਰਪੁਰ, 2 ਫਰਵਰੀ: ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਕੋਮਲ
ਮਿੱਤਲ ਨੇ ਕਿਹਾ ਕਿ 8 ਫਰਵਰੀ ਤੋਂ 24 ਫਰਵਰੀ ਤੱਕ ਹੁਸ਼ਿਆਰਪੂਰ ਸ਼ਹਿਰ ਵਿਚੋਂ ਲੰਘਦੇ
ਭੰਗੀ ਚੋਅ ਨੂੰ ਸਾਫ਼ ਕਰਨ ਅਤੇ ਕੂੜਾ ਮੁਕਤ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ
ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿਚ ਨਗਰ ਨਿਗਮ, ਜੰਗਲਾਤ ਵਿਭਾਗ, ਡਰੇਨੇਜ
ਵਿਭਾਗ, ਐਨ. ਐਸ. ਐਸ ਵਲੰਟੀਅਰ, ਸਿਵਲ ਸੁਸਾਇਟੀਆਂ, ਐਨ. ਜੀ. ਓਜ਼ ਅਤੇ ਆਮ ਲੋਕਾਂ ਦਾ
ਸਹਿਯੋਗ ਲਿਆ ਜਾਵੇਗਾ। ਉਹ ਅੱਜ ਇਥੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਇਸ ਮੁਹਿੰਮ
ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਐਨ. ਜੀ.
ਓਜ਼ ਨਾਲ ਮੀਟਿੰਗ ਕਰ ਰਹੇ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਭੰਗੀ
ਚੋਅ ਦੀਆਂ ਦੋਵਾਂ ਸਾਈਡਾਂ 'ਤੇ ਪਏ ਕੂੜੇ ਨੂੰ ਸਾਫ਼ ਕਰਨ ਤੋਂ ਬਾਅਦ ਉਥੇ ਪੌਦੇ ਲਗਾਏ
ਜਾਣਗੇ, ਜਿਸ ਨਾਲ ਸ਼ਹਿਰ ਦੇ ਅਕਸ ਵਿਚ ਸੁਧਾਰ ਹੋਵੇਗਾ ਅਤੇ ਵਾਤਾਵਰਨ ਨੂੰ ਸਵੱਛ ਰੱਖਣ
ਵਿਚ ਮਦਦ ਮਿਲੇਗੀ। ਉਨ੍ਹਾਂ ਡੀ. ਐਫ. ਓ ਹੁਸ਼ਿਆਰਪੁਰ ਅਮਨੀਤ ਸਿੰਘ ਨੂੰ ਨਿਰਦੇਸ਼ ਦਿੱਤੇ
ਕਿ ਸਫ਼ਾਈ ਮੁਹਿੰਮ ਦੇ ਨਾਲ-ਨਾਲ ਜੰਗਲਾਤ ਵਿਭਾਗ ਵੱਲੋਂ ਚੋਅ ਦੇ ਕੰਡਿਆਂ 'ਤੇ ਪੌਦੇ
ਲਗਾਏ ਜਾਣ। ਉਨ੍ਹਾਂ ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਨੂੰ ਇਸ ਸਫ਼ਾਈ ਮੁਹਿੰਮ
ਸਬੰਧੀ ਪੂਰਾ ਖਾਕਾ ਤਿਆਰ ਕਰਨ ਅਤੇ ਲੋੜੀਂਦਾ ਸਾਜ਼ੋ-ਸਾਮਾਨ ਤਿਆਰ ਕਰਨ ਸਬੰਧੀ ਨਿਰਦੇਸ਼
ਦਿੰਦਿਆਂ ਕਿਹਾ ਕਿ ਉਹ ਇਸ ਯਕੀਨੀ ਬਣਾਉਣ ਕਿ ਸਫ਼ਾਈ ਮੁਹਿੰਮ ਦੌਰਾਨ ਕਿਸੇ ਚੀਜ਼ ਦੀ ਕੋਈ
ਕਮੀ ਨਾ ਰਹੇ। ਉਨ੍ਹਾਂ ਨਗਰ ਨਿਗਮ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼
ਦਿੱਤੇ ਕਿ ਉਹ ਸਫ਼ਾਈ ਮੁਹਿੰਮ ਤੋਂ ਪਹਿਲਾਂ ਭੰਗੀ ਚੋਅ ਦਾ ਇਕ ਵਾਰ ਸੰਯੁਕਤ ਦੌਰਾ ਕਰ
ਕੇ ਸਫ਼ਾਈ ਸਬੰਧੀ ਯੋਜਨਾ ਤਿਆਰ ਕਰਨ। ਡਿਪਟੀ ਕਮਿਸ਼ਨਰ ਨੇ ਹੁਸ਼ਿਆਰਪੁਰ ਵਾਸੀਆਂ, ਸ਼ਹਿਰ
ਦੀਆਂ ਵੱਖ-ਵੱਖ ਸੁਸਾਇਟੀਆਂ, ਐਨ. ਜੀ. ਓਜ਼, ਰੈਜ਼ੀਡੈਂਸ ਵੈਲਫੇਅਰ ਸੁਸਾਇਟੀਆਂ, ਸਕੂਲਾਂ
ਅਤੇ ਕਾਲਜਾਂ ਨੂੰ ਇਸ ਮੁਹਿੰਮ ਵਿਚ ਵੱਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ
ਕਿ ਉਹ ਇਸ ਸਫ਼ਾਈ ਮੁਹਿੰਮ ਵਿਚ ਵੱਧ ਤੋਂ ਵੱਧ ਸਹਿਯੋਗ ਕਰਨ ਤਾਂ ਜੋ ਅਸੀਂ ਆਪਣੇ ਸ਼ਹਿਰ
ਨੂੰ ਸਾਫ਼-ਸੁਥਰਾ ਬਣਾ ਸਕੀਏ। ਉਨ੍ਹਾਂ ਕਿਹਾ ਕਿ ਕੌਂਸਲਰਾਂ ਦੇ ਸਹਿਯੋਗ ਤੋਂ ਬਗੈਰ ਇਸ
ਮੁਹਿੰਮ ਨੂੰ ਸਫਲ ਨਹੀਂ ਬਣਾਇਆ ਜਾ ਸਕਦਾ, ਇਸ ਲਈ ਉਹ ਵੀ ਇਸ ਵਿਚ ਹਰ ਸੰਭਵ ਸਹਿਯੋਗ
ਦੇਣ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿਚ ਭਾਗ ਲੈਣ ਲਈ ਸੰਸਥਾਵਾਂ, ਐਨ. ਜੀ. ਓਜ਼ ਆਦਿ
6 ਫਰਵਰੀ ਤੱਕ ਫੋਨ ਨੰਬਰ 80549-34009 ਉੱਪਰ ਆਪਣੀ ਰਜਿਸਟ੍ਰੇਸ਼ਨ ਕਰਵਾਉਣਾ ਯਕੀਨੀ
ਬਣਾਉਣ। ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਐਨ. ਜੀ. ਓਜ਼ ਦੇ
ਨੁਮਾਇੰਦੇ ਹਾਜ਼ਰ ਸਨ।
ਕਿਸ ਦਿਨ ਕਿਥੇ ਚੱਲੇਗੀ ਮੁਹਿੰਮ : - 8 ਫਰਵਰੀ ਨੂੰ ਊਨਾ ਰੋਡ ਤੋਂ ਨਗਰ ਨਿਗਮ ਦਫ਼ਤਰ
ਤੱਕ, 9 ਤੇ 10 ਫਰਵਰੀ ਨੂੰ ਧੋਬੀ ਘਾਟ ਤੋਂ ਆਦਮਵਾਲ ਰੋਡ ਤੱਕ, 11 ਤੇ 12 ਫਰਵਰੀ ਨੂੰ
ਧੋਬੀ ਘਾਟ ਚੌਕ ਤੋਂ ਸ਼ਨੀ ਦੇਵ ਮੰਦਿਰ ਤੱਕ, 13 ਤੇ 14 ਫਰਵਰੀ ਨੂੰ ਨਵੀਂ ਆਬਾਦੀ ਤੋਂ
ਸੁਖੀਆਬਾਦ ਰੋਡ ਪੁਲ ਤੱਕ, 15 ਤੇ 16 ਫਰਵਰੀ ਨੂੰ ਸ਼ਨੀ ਦੇਵ ਮੰਦਿਰ ਤੋਂ ਭੰਗੀ ਪੁਲ
ਤੱਕ, 17, 18 ਤੇ 19 ਫਰਵਰੀ ਨੂੰ ਸੁਖਦੇਵ ਸਿੰਘ ਚੌਕ ਤੋਂ ਆਦਮਵਾਲ ਪੁਲੀ ਤੱਕ, 20 ਤੇ
21 ਫਰਵਰੀ ਨੂੂੰ ਭੰਗੀ ਚੋਅ ਪੁਲ ਤੋਂ ਸਲਾਟਰ ਹਾਊਸ ਤੱਕ ਅਤੇ 22 ਤੋਂ 24 ਫਰਵਰੀ ਤੱਕ
ਸਲਾਟਰ ਹਾਊਸ ਤੋਂ ਟਾਂਡਾ ਰੋਡ ਪੁਲ ਤੱਕ ਸਫ਼ਾਈ ਮੁਹਿੰਮ ਚਲਾਈ ਜਾਵੇਗੀ।