ਕੈਬਨਿਟ ਮੰਤਰੀ ਪੰਜਾਬ ਨੇ ਕੇਂਦਰੀ ਰਾਜ ਮੰਤਰੀ ਨੂੰ ਰੇਲਵੇ ਓਵਰਬ੍ਰਿਜ ਦੀ ਥਾਂ ਅੰਡਰ
ਪਾਸ ਬਣਾਉਣ ਕੀਤੀ ਅਪੀਲ
-ਕੈਬਨਿਟ ਮੰਤਰੀ ਨੇ ਡੋਗਰਾ ਮਾਰਕੀਟ ਦੇ ਦੁਕਾਨਦਾਰਾਂ ਦੀਆਂ ਸੁਣੀਆਂ ਸਮੱਸਿਆਵਾਂ
ਹੁਸ਼ਿਆਰਪੁਰ, 20 ਫਰਵਰੀ: ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ
ਫਗਵਾੜਾ ਰੋਡ 'ਤੇ ਪ੍ਰਸਤਾਵਿਤ ਰੇਲਵੇ ਓਵਰਬ੍ਰਿਜ ਪ੍ਰੋਜੈਕਟ ਰੱਦ ਕੀਤਾ ਜਾਣਾ ਚਾਹੀਦਾ
ਹੈ ਕਿਉਂਕਿ ਇਹ ਲੋਕ ਹਿੱਤ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਥਾਨਕ
ਲੋਕਾਂ ਦੇ ਨਾਲ ਮੋਢੇ ਨਾਲ-ਮੋਢਾ ਜੋੜ ਕੇ ਖੜ੍ਹੀ ਹੈ। ਉਹ ਅੱਜ ਫਗਵਾੜਾ ਰੋਡ 'ਤੇ
ਡੋਗਰਾ ਮਾਰਕੀਟ ਦੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਪੱਤਰਕਾਰਾਂ ਨਾਲ
ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਸਥਾਨ ਦੁਕਾਨਦਾਰਾਂ ਨੇ ਕੈਬਨਿਟ ਮੰਤਰੀ ਨੂੰ ਰੇਲਵੇ
ਓਵਰਬ੍ਰਿਜ ਨਾ ਬਣਾਉਣ ਲਈ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਉਨ੍ਹਾਂ ਨਾਲ ਮੇਅਰ
ਸੁਰਿੰਦਰ ਕੁਮਾਰ ਤੋਂ ਇਲਾਵਾ ਕੌਂਸਲਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ। ਕੈਬਨਿਟ
ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਫਗਵਾੜਾ ਰੋਡ (ਰੇਲਵੇ ਫਾਟਕ) 'ਤੇ ਰੇਲਵੇ
ਓਵਰਬ੍ਰਿਜ ਬਣਾਉਣ ਦਾ ਪ੍ਰਸਤਾਵ ਲੋਕ ਹਿੱਤ ਵਿਚ ਨਹੀਂ ਹੈ। ਉਨ੍ਹਾਂ ਕੇਂਦਰੀ ਰਾਜ
ਮੰਤਰੀ ਸੋਮ ਪ੍ਰਕਾਸ਼ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਹਿੱਤ ਵਿਚ ਰੇਲਵੇ ਓਵਰਬ੍ਰਿਜ
ਬਣਾਉਣ ਦਾ ਫੈਸਲਾ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਦੁਕਾਨਦਾਰ ਅਤੇ
ਸਥਾਨਕ ਨਿਵਾਸੀ ਨਹੀਂ ਚਾਹੁੰਦੇ ਕਿ ਇਥੇ ਰੇਲਵੇ ਓਵਰਬ੍ਰਿਜ ਬਣੇ, ਜਿਸ ਲਈ ਉਹ ਪਹਿਲਾਂ
ਵੀ ਕਾਫ਼ੀ ਲੰਬਾ ਸੰਘਰਸ਼ ਕਰ ਚੁੱਕੇ ਹਨ। ਇਸ ਲਈ ਕੇਂਦਰ ਸਰਕਾਰ ਓਵਰਬ੍ਰਿਜ ਨਾ ਬਣਵਾ ਕੇ
ਅੰਡਰ ਪਾਸ ਆਦਿ ਬਣਵਾਉਣ ਦਾ ਪ੍ਰਸਤਾਵ ਲਿਆ ਸਕਦੀ ਹੈ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ
ਇਸ ਰੋਡ 'ਤੇ ਜ਼ਿਆਦਾ ਟ੍ਰੈਫਿਕ ਨਹੀਂ ਹੈ, ਇਸ ਲਈ ਕਿਸੇ ਵੀ ਲਿਹਾਜ਼ ਨਾਲ ਰੇਲਵੇ
ਓਵਰਬ੍ਰਿਜ ਦਾ ਬਣਨਾ ਠੀਕ ਨਹੀਂ ਹੈ। ਉਨ੍ਹਾਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ
ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹ ਅਸਲ ਵਿਚ ਹੁਸ਼ਿਆਰਪੁਰ ਦਾ ਵਿਕਾਸ ਚਾਹੁੰਦੇ ਹਨ, ਤਾਂ
ਹੁਸ਼ਿਆਰਪੁਰ ਰੇਲਵੇ ਲਾਈਨ ਨੂੰ ਸੈਲਾ ਖੁਰਦ ਨਾਲ ਜੋੜਨ ਅਤੇ ਹੁਸ਼ਿਆਰਪੁਰ-ਆਦਮਪੁਰ ਰੋਡ
ਦੇ ਪੁਨਰ ਨਿਰਮਾਣ ਵੱਲ ਧਿਆਨ ਦੇਣ।