ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਵਾ ਵਿਖੇ ਮਦਰ ਵਰਕਸ਼ਾਪ ਲਗਾਈ ਗਈ

ਨਵਾਂਸ਼ਹਿਰ 10 ਫ਼ਰਵਰੀ : ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਸ਼੍ਰੀ ਵਰਿੰਦਰ ਕੁਮਾਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਹੇਠ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਬੱਚਿਆਂ ਦੀਆਂ ਮਤਾਵਾਂ ਦੀ ਚੌਥੀ "ਮਦਰ ਵਰਕਸ਼ਾਪ" ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਵਾ ਬਲਾਕ ਨਵਾਂ ਸ਼ਹਿਰ ਵਿਖੇ ਲਗਾਈ ਗਈ। ਵਰਕਸ਼ਾਪ ਵਿੱਚ ਮਤਾਵਾਂ ਨੂੰ ਸਿਖਲਾਈ ਦਿੰਦੇ ਹੋਏ ਸ਼੍ਰੀ ਗੁਰਦਿਆਲ ਮਾਨ ਸਕੂਲ ਮੁੱਖੀ ਵਲੋਂ ਬਾਲ ਮਨੋਵਿਗਿਆਨ ਵਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਦੋਂ ਤੱਕ ਅਸੀਂ ਬੱਚੇ ਦੀਆਂ ਸੂਖਮ ਤੋਂ ਸੂਖਮ ਕਿਰਿਆਵਾਂ ਨੂੰ ਨਹੀਂ ਸਮਝਦੇ,ਉਸ ਸਮੇਂ ਤੱਕ ਬੱਚੇ ਨੂੰ ਠੀਕ ਢੰਗ ਨਾਲ ਸਿੱਖਿਅਤ ਨਹੀਂ ਕਰ ਸਕਦੇ। ਇਸ ਲਈ ਸਾਨੂੰ ਬੱਚੇ ਦੀ ਹਰੇਕ ਗਤੀਵਿਧੀ ਉੱਤੇ ਧਿਆਨ ਰੱਖਣ ਦੀ ਲੋੜ ਹੈ। ਸ਼੍ਰੀ ਮਾਨ ਨੇ ਦੱਸਿਆਂ ਕਿ ਬਹੁਤ ਸਾਰੇ ਬੱਚੇ ਬਚਪਨ ਤੋਂ ਹੀ ਬਹੁਤ ਜਿੱਦੀ ਹੁੰਦੇ ਹਨ,ਸਾਨੂੰ ਉਨ੍ਹਾਂ ਬੱਚਿਆਂ ਨਾਲ ਪਿਆਰ,ਹਮਦਰਦੀ ਅਤੇ ਮਿੱਤਰਤਾ ਭਰਿਆ ਵਰਤਾਉ ਕਰਕੇ ਉਸ ਦੀ ਜਿੱਦ ਦੇ ਕਾਰਨ ਲੱਭਣੇ ਚਾਹੀਦੇ ਹਨ ਨਾ ਕਿ ਉਸ ਨੂੰ ਝਿੜਕਣਾ ਚਾਹੀਦਾ ਹੈ। ਉਨ੍ਹਾਂ ਦੱਸਿਆਂ ਕਿ ਬੱਚਿਆਂ ਵਿੱਚ ਸਿੱਖਣ ਦੀ ਭਾਵਨਾ ਹੁੰਦੀ ਹੈ। ਸਾਨੂੰ ਬੱਚੇ ਨੂੰ ਆਪਣੀ ਸਮਝ ਅਤੇ ਸੂਝ ਦੇ ਅਨੁਸਾਰ ਕੰਮ ਕਰਨ ਦੇਣਾ ਚਾਹੀਦਾ ਹੈ ਨਾ ਕਿ ਉਸ ਉੱਤੇ ਕੋਈ ਕੰਮ ਜ਼ਬਰੀ ਥੋਪਣਾ ਚਾਹੀਦਾ ਹੈ। ਇਸ ਮੌਕੇ ਮੈਡਮ ਜਸਵਿੰਦਰ ਕੌਰ ਨੇ ਮਤਾਵਾਂ ਨੂੰ ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਸਿਹਤ ਵਾਰੇ ਦੱਸਦਿਆਂ ਕਿਹਾ ਕਿ ਸਾਨੂੰ ਬੱਚਿਆਂ ਨੂੰ ਜੰਕ ਫੂਡ ਦੇ ਬੁਰੇ ਪ੍ਰਭਾਵਾਂ ਵਾਰੇ ਜਾਣੂ ਕਰਵਾਕੇ ਇਨ੍ਹਾਂ ਦੀ ਵਰਤੋਂ ਘੱਟ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆਂ ਕਿ ਬੱਚਿਆਂ ਨੂੰ ਹੈਲਦੀ ਫੂਡ,ਤਾਜ਼ੇ ਫ਼ਲ,ਦੁੱਧ ਅਤੇ ਵਿਟਾਮਨਾਂ ਭਰਪੂਰ ਭੋਜਨ ਕਰਵਾਉਣੇ ਚਾਹੀਦੇ ਹਨ। ਇਸ ਦੇ ਨਾਲ ਹੀ ਛੋਟੇ ਬੱਚਿਆਂ ਨੂੰ ਕੈਲਸ਼ੀਅਮ ਦੀ ਵਧੇਰੇ ਮਾਤਰਾ ਦੇਣੀ ਚਾਹੀਦੀ ਹੈ ਕਿਉਂਕਿ ਬੱਚਿਆਂ ਦੇ ਵਾਧੇ ਲਈ ਇਸ ਦੀ ਬਹੁਤ ਜ਼ਰੂਰਤ ਹੁੰਦੀ ਹੈ। ਉਨ੍ਹਾਂ ਇਹ ਵੀ ਦੱਸਿਆਂ ਕਿ ਬੱਚਿਆਂ ਨੂੰ ਚੰਗੀਆਂ ਆਦਤਾਂ ਪਾਉਣੀਆਂ ਚਾਹੀਦੀਆਂ ਹਨ। ਸਕੂਲ ਮੁੱਖੀ ਵਲੋਂ ਮਤਾਵਾਂ ਦਾ ਵਰਕਸ਼ਾਪ ਵਿੱਚ ਭਾਗ ਲੈਣ ਲਈ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਆਪਣੇ ਬੱਚੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਨੀਤੂ, ਹਰਦੀਪ ਕੌਰ, ਊਸ਼ਾ ਰਾਣੀ ਗੁਰਪ੍ਰੀਤ ਕੌਰ, ਬਲਵਿੰਦਰ ਕੌਰ, ਨਿਰਮਲਾ ਕੁਮਾਰੀ, ਮਮਤਾ ਰਾਣੀ, ਅਮਨਦੀਪ ਕੌਰ,ਸੁਰਿੰਦਰ ਕੌਰ, ਪ੍ਰਵੀਨ, ਮਨਜੀਤ ਕੌਰ, ਕਮਲਜੀਤ ਕੌਰ, ਸੁਰਜੀਤ ਕੌਰ, ਕਿਰਨਾ ਦੇਵੀ ਅਤੇ ਸਰਬਜੀਤ ਕੌਰ ਆਦਿ ਹਾਜ਼ਰ ਸਨ।
ਕੈਪਸ਼ਨ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਵਾ ਵਿਖੇ ਲਗਾਈ ਮਦਰ ਵਰਕਸ਼ਾਪ ਦਾ ਦ੍ਰਿਸ਼।