ਡੀ ਸੀ ਨੇ ਪਲਾਂਟ ਪ੍ਰਬੰਧਕਾਂ ਨੂੰ 28 ਫ਼ਰਵਰੀ ਤੱਕ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਦਿੱਤੀ ਹਦਾਇਤ
ਨਵਾਂਸ਼ਹਿਰ, 23 ਫਰਵਰੀ : ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵਿਖੇ ਨਿੱਜੀ ਖੇਤਰ 'ਚ
ਲਗਾਏ ਗਏ 12 ਮੈਗਾਵਾਟ ਦੇ ਜੈਵਿਕ ਬਾਲਣ ਨਾਲ ਚੱਲਣ ਵਾਲੇ ਬਿਜਲੀ ਪਲਾਂਟ ਤੋਂ ਨਿਕਲਣ
ਵਾਲੀ ਸੁਆਹ ਦੀ ਸਮੱਸਿਆ ਦਾ 28 ਫ਼ਰਵਰੀ ਤੱਕ ਸਥਾਈ ਹੱਲ ਕਰਨ ਲਈ ਜੰਗੀ ਪੱਧਰ 'ਤੇ ਕੰਮ
ਚੱਲ ਰਿਹਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ
ਮਿੱਲ ਵਿੱਚ 'ਵੈੱਟ ਸਕ੍ਰਬਰ' ਪੁੱਜਣ ਬਾਅਦ ਇਸ ਦੀ ਸਥਾਪਤੀ ਲਈ ਚੱਲ ਰਹੇ ਕੰਮ ਦਾ
ਜਾਇਜ਼ਾ ਲੈਣ ਬਾਅਦ ਕੀਤਾ। ਉਨ੍ਹਾਂ ਕਿਹਾ ਕਿ ਬਿਜਲੀ ਪਲਾਂਟ ਦੇ ਪ੍ਰਬੰਧਕਾਂ ਵੱਲੋਂ 27
ਅਤੇ 28 ਫ਼ਰਵਰੀ ਦੀ ਖੰਡ ਮਿੱਲ ਦੀ ਬੰਦੀ ਮੰਗੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ
ਦੋ ਦਿਨਾਂ ਦੌਰਾਨ 'ਵੈੱਟ ਸਕ੍ਰਬਰ' ਦੀ ਸਥਾਪਤੀ ਨੂੰ ਮੁਕੰਮਲ ਕਰ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਬਿਜਲੀ ਪਲਾਂਟ ਪ੍ਰਬੰਧਕਾਂ ਨੂੰ ਇਸ ਗੱਲ ਨੂੰ ਯਕੀਨੀ ਬਣਾਉਣ ਲਈ
ਕਿਹਾ ਗਿਆ ਹੈ ਕਿ ਪਲਾਂਟ ਤੋਂ ਨਿਕਲਦੀ ਸੁਆਹ ਦੀ ਸਮੱਸਿਆ ਨੂੰ ਮੁਕੰਮਲ ਤੌਰ 'ਤੇ ਖਤਮ
ਕੀਤਾ ਜਾਵੇ ਤਾਂ ਜੋ ਕਿ ਸ਼ਹਿਰ ਦੇ ਲੋਕਾਂ ਲਈ ਜੀਅ ਦਾ ਜੰਜਾਲ ਬਣੀ ਹੋਈ ਹੈ। ਉਨ੍ਹਾਂ
ਦੱਸਿਆ ਕਿ ਇਸ ਯੰਤਰ ਦੇ ਆਉਣ ਵਿੱਚ ਹੋਈ ਦੇਰੀ ਕਾਰਨ ਹੀ ਕੰਮ ਇੱਕ ਹਫ਼ਤਾ ਹੋਰ ਲਟਕ
ਗਿਆ ਹੈ। ਉਨ੍ਹਾਂ ਕਿਹਾ ਕਿ ਪਲਾਂਟ ਪ੍ਰਬੰਧਕਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਸੁਆਹ ਦੇ
ਨਿਕਾਸ ਨੂੰ ਰੋਕਣ ਲਈ 'ਵੈੱਟ ਸਕ੍ਰਬਰ' ਦੀ ਫਿਟਿੰਗ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ
ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਵਾਸੀਆਂ ਨੂੰ ਦਰਪੇਸ਼ ਸੁਆਹ
ਦੀ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਵਚਨਬੱਧ ਹੈ, ਇਸ ਲਈ ਸੁਆਹ ਦੇ ਸਥਾਈ
ਹੱਲ ਲਈ 'ਵੈੱਟ ਸਕਰਬਰ' ਲਗਾ ਕੇ ਵੀ ਲਗਾਤਾਰ ਨਿਗਰਾਨੀ ਰੱਖੀ ਜਾਵੇਗੀ। ਸਹਿਕਾਰੀ ਖੰਡ
ਮਿੱਲ ਦੇ ਜਨਰਲ ਮੈਨੇਜਰ ਸੁਰਿੰਦਰ ਪਾਲ ਅਨੁਸਾਰ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ
ਰੰਧਾਵਾ ਦੇ ਇਸ ਤੋਂ ਪਹਿਲਾਂ 15 ਅਤੇ 16 ਫਰਵਰੀ ਦੇ ਲਗਾਤਾਰ ਦੌਰੇ ਤੋਂ ਬਾਅਦ 'ਵੈੱਟ
ਸਕ੍ਰਬਰ' ਲਗਾਉਣ ਦੀ ਤੇਜ਼ ਹੋਈ ਪ੍ਰਕਿਰਿਆ ਅਗਲੇ ਦਿਨਾਂ 'ਚ ਆਪਣੇ ਅੰਜਾਮ 'ਤੇ ਪੁੱਜ
ਜਾਵੇਗੀ। ਉਨ੍ਹਾਂ ਕਿਹਾ ਕਿ ਪਲਾਂਟ ਪ੍ਰਬੰਧਕਾਂ ਵੱਲੋਂ 27 ਅਤੇ 28 ਦੋ ਦਿਨ ਮਿੱਲ ਦੀ
ਪਿੜਾਈ ਪ੍ਰਕਿਰਿਆ ਬੰਦ ਰੱਖਣ ਦੀ ਬੇਨਤੀ ਕੀਤੀ ਗਈ ਹੈ, ਜਿਸ ਨੂੰ ਸ਼ਹਿਰ ਵਾਸੀਆਂ ਦੇ
ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਪ੍ਰਵਾਨ ਕਰ ਲਿਆ ਗਿਆ ਹੈ।
ਫੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ ਖੰਡ ਮਿੱਲ ਨਵਾਂਸ਼ਹਿਰ ਵਿਖੇ
ਚਲਦੇ ਪਾਵਰ ਪਲਾਂਟ ਤੋਂ ਦਰਪੇਸ਼ ਸੁਆਹ ਦੀ ਸਮੱਸਿਆ ਨੂੰ ਹੱਲ ਕਰਨ ਲਈ ਮੰਗਵਾਏ ਗਏ
'ਵੈੱਟ ਸਕ੍ਰਬਰ' ਦਾ ਮੁਆਇਨਾ ਅਤੇ ਇਸ ਦੀ ਸਥਾਪਤੀ ਜਲਦੀ ਕਰਵਾਉਣ ਲਈ ਵੀਰਵਾਰ ਨੂੰ
ਮਿੱਲ ਦਾ ਦੌਰਾ ਕਰਦੇ ਹੋਏ।