ਕਰਾਫ਼ਟ ਮੇਲੇ 'ਚ ਮੇਲੀਆਂ ਨੂੰ ਪੰਜਾਬ ਤੇ ਪੰਜਾਬੀਅਤ ਨਾਲ ਜੁੜਨ ਦਾ ਹੌਕਾ ਦੇ ਰਿਹੈ ਨੁੱਕੜ ਨਾਟਕ 'ਨਤੀਜਾ ਜ਼ੀਰੋ'

ਪਟਿਆਲਾ, 27 ਫਰਵਰੀ: ਸ਼ੀਸ਼ ਮਹਿਲ ਦੇ ਵਹਿੜੇ 'ਚ ਸਜਿਆਂ ਰੰਗਲਾ ਪੰਜਾਬ ਕਰਾਫ਼ਟ ਮੇਲਾ ਜਿਥੇ ਪਟਿਆਲਵੀਆਂ ਲਈ ਖਰੀਦੋ ਫਰੋਖਤ ਲਈ ਖਿੱਚ ਦੇ ਕੇਂਦਰ ਬਣ ਰਿਹਾ ਹੈ ਉਥੇ ਸਭਿਆਚਾਰਕ ਗਤੀਵਿਧੀਆਂ ਸਮੇਤ ਨੁੱਕੜ ਨਾਟਕਾਂ ਰਾਹੀਂ ਸਮਾਜ ਨੂੰ ਵੱਖ ਵੱਖ ਸੁਨੇਹੇ ਵੀ ਦੇ ਰਿਹਾ ਹੈ।
  ਕਰਾਫ਼ਟ ਮੇਲੇ ਨੂੰ ਵੱਖ ਵੱਖ ਵੰਨਗੀਆਂ ਨਾਲ ਸ਼ਿੰਗਾਰ ਰਹੇ ਸਭਿਆਚਾਰਕ ਪ੍ਰੋਗਰਾਮਾਂ ਦੇ ਇੰਚਾਰਜ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ਵਿਚ ਜਿੱਥੇ ਸਟੇਜ ਉਪਰ ਲੋਕਾਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ ਨਾਲ ਨਾਲ ਮੇਲੇ ਵਿਚ ਮੇਲੀਆਂ ਦੇ ਮਨੋਰੰਜਨ ਲਈ ਸਵੇਰੇ ਤੇ ਸ਼ਾਮ ਸਮੇਂ ਨੁੱਕੜ ਨਾਟਕਾਂ ਦਾ ਮੰਚਨ ਵੀ ਹੋ ਰਿਹਾ ਹੈ। ਅੱਜ ਸਰਕਾਰੀ ਮਹਿੰਦਰਾ ਕਾਲਜ ਦੀ ਟੀਮ ਵੱਲੋਂ 'ਨਤੀਜਾ ਜ਼ੀਰੋ' ਨਾਮ ਦੇ ਨੁੱਕੜ ਨਾਟਕ ਨਾਲ ਲੋਕਾਂ ਨੂੰ ਬਾਹਰ ਨਾ ਜਾਣ, ਪੰਜਾਬੀ ਪੜ੍ਹਨ, ਪੰਜਾਬੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਨਸ਼ਿਆਂ ਵਿਰੁੱਧ ਵਿਅੰਗਮਈ ਹੋਕਾ ਦੇ ਕੇ ਰੰਗਲਾ ਪੰਜਾਬ ਸਿਰਜਣ ਦੀ ਅਪੀਲ ਕੀਤੀ ਗਈ। ਨਾਟਕ ਦਾ ਮੰਚਨ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰੋ ਸ਼ਵਿੰਦਰ ਸਿੰਘ ਰੇਖੀ ਦੀ ਅਗਵਾਈ ਵਿੱਚ ਸੁਰਜੀਤ ਸਿੰਘ ਜੁਗਨੂੰ ਦੀ ਨਿਰਦੇਸ਼ਨਾ ਹੇਠ ਕੀਤਾ ਜਾ ਰਿਹਾ ਹੈ।
ਇਸ ਮੌਕੇ ਮੇਲੇ ਦੇ ਨੋਡਲ ਅਫ਼ਸਰ ਈਸ਼ਾ ਸਿੰਘਲ ਨੇ ਦੱਸਿਆ ਕਿ ਰੰਗਲਾ ਪੰਜਾਬ ਕਰਾਫ਼ਟ ਮੇਲੇ 'ਚ ਰੋਜਾਨਾ ਵੱਖ ਵੱਖ ਰਾਜਾਂ ਤੋਂ ਆਏ ਕਲਾਕਾਰਾਂ ਵੱਲੋਂ ਆਪਣੀ ਪ੍ਰਤਿਭਾ ਦਿਖਾਈ ਜਾਂਦੀ ਹੈ ਨਾਲ ਹੀ ਪਟਿਆਲਾ ਦੇ ਵੱਖ ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਵੀ ਆਪਣਾ ਹੁਨਰ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਇਸ ਰੰਗਲਾ ਪੰਜਾਬ ਕਰਾਫ਼ਟ ਮੇਲੇ ਦਾ ਹਿੱਸਾ ਬਣਨ ਦਾ ਖੁੱਲ੍ਹਾ ਸੱਦਾ ਦਿੱਤਾ।
ਕੈਪਸ਼ਨ : ਕਰਾਫ਼ਟ ਮੇਲੇ ਦੌਰਾਨ ਸਰਕਾਰੀ ਮਹਿੰਦਰਾ ਕਾਲਜ ਦੇ ਵਿਦਿਆਰਥੀ ਨੁੱਕੜ ਨਾਟਕ ਖੇਡਦੇ ਹੋਏ।