ਨਵਾਂਸ਼ਹਿਰ, 28 ਫ਼ਰਵਰੀ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦੇ ਹੋਏ ਵਿਕਾਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਵਿਸਤਿ੍ਰਤ ਪ੍ਰਾਜੈਕਟ ਰਿਪੋਰਟ ਯਕੀਨੀ ਬਣਾਉਣ ਅਤੇ ਕੰਮ ਦੀ ਗੁਣਵੱਤਾ ਲਾਜ਼ਮੀ ਬਣਾਉਣ ਲਈ ਕਿਹਾ। ਉਨ੍ਹਾਂ ਨੇ ਜ਼ਿਲ੍ਹੇ ਦੇ ਅਨੁਸੂਚਿਤ ਜਾਤੀ ਬਹੁਤਾਤ ਵਾਲੇ ਪਿੰਡਾਂ 'ਚ ਡਿਜੀਟਲ ਲਾਇਬ੍ਰੇਰੀਆਂ ਅਤੇ ਸਕੂਲਾਂ ਤੇ ਆਂਗਨਵਾੜੀਆਂ 'ਚ ਸੋਲਰ ਬਿਜਲੀ ਉਪਕਰਣਾਂ ਦੀ ਸਥਾਪਤੀ ਲਈ ਵਿਸ਼ੇਸ਼ ਉਪਰਾਲੇ ਕਰਨ ਦਾ ਜ਼ਿਕਰ ਕਰਦਿਆਂ, ਇਨ੍ਹਾਂ ਪਿੰਡਾਂ ਦੀ ਪੰਚਾਇਤਾਂ ਪਾਸੋਂ ਤੁਰੰਤ ਮਤੇ ਪਵਾ ਕੇ ਭੇਜਣ ਦੀ ਤਾਕੀਦ ਵੀ ਕੀਤੀ। ਡਿਪਟੀ ਕਮਿਸ਼ਨਰ ਨੇ ਪਿੰਡਾਂ ਅਤੇ ਸ਼ਹਿਰਾਂ 'ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਪਾਰਦਰਸ਼ੀ ਅਤੇ ਉੱਚ ਮਿਆਰ ਆਧਾਰ 'ਤੇ ਕਰਵਾਉਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕੀਤਾ ਜਾਵੇ। ਉਨ੍ਹਾਂ ਪਿੰਡਾਂ 'ਚ ਲੱਗਦੇ ਪੇਵਰ ਦੀ ਮੋਟਾਈ ਤੇ ਭਾਰ ਸਹਿਣ ਦੀ ਸਮਰੱਥਾ ਨੂੰ ਬਾਕਾਇਦਾ ਤੌਰ 'ਤੇ ਟੈਸਟ ਕਰਨ ਵਾਸਤੇ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਨੂੰ ਨਵਾਂਸ਼ਹਿਰ 'ਚ 'ਕੰਪੈਕਸ਼ਨ ਲੈਬ' ਦੀ ਸਥਾਪਤੀ ਲਈ ਆਖਿਆ। ਉਨ੍ਹਾਂ ਕਿਹਾ ਕਿ ਪਿੰਡਾਂ 'ਚ ਹੋਣ ਵਾਲੇ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਢੁਕਵੀਂ ਡਰਾਇੰਗ, ਡੀ ਪੀ ਆਰ ਤੇ ਸ਼ੁਰੂ ਹੋਣ ਅਤੇ ਸਮਾਪਤ ਹੋਣ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ ਤਾਂ ਜੋ ਕੰਮ ਨਿਰਧਾਰਿਤ ਸਮੇਂ 'ਚ ਤੈਅ ਮਿਆਰਾਂ ਅਨੁਸਾਰ ਹੋਵੇ। ਇਸ ਮੌਕੇ ਸ਼ਹਿਰਾਂ ਦੇ ਕੰਮਾਂ ਬਾਰੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਅਤੇ ਪਿੰਡਾਂ ਦੇ ਕੰਮਾਂ ਬਾਰੇ ਵਧੀਕ ਡਿਪਟੀ ਕਮਿਸ਼ਮਰ (ਪੇਂਡੂ ਵਿਕਾਸ) ਦਵਿੰਦਰ ਕੁਮਾਰ ਵੱਲੋਂ ਤਫ਼ਸੀਲ 'ਚ ਜਾਣਕਾਰੀ ਦਿੱਤੀ ਗਈ। ਇਸ ਤੋਂ ਪਹਿਲਾਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਮੀਟਿੰਗਾਂ ਦੌਰਾਨ ਇਨ੍ਹਾਂ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਸਮਾਜਿਕ ਸੁਰੱਖਿਆ ਅਫ਼ਸਰ ਰਾਜ ਕਿਰਨ ਕੌਰ ਵੱਲੋਂ ਪਿਛਲੇ ਮਹੀਨੇ 'ਚ 274 ਨਵੀਂਆਂ ਪੈਨਸ਼ਨਾਂ ਲਾਉਣ ਅਤੇ ਜ਼ਿਲ੍ਹੇ 'ਚ ਕੁੱਲ 76828 ਲਾਭਪਾਤਰੀ ਹੋਣ ਬਾਰੇ ਦੱਸਿਆ ਗਿਆ। ਇਨ੍ਹਾ ਲਾਭਪਾਤਰੀਆਂ ਨੂੰ 11, 52, 4200 ਰੁਪਏ ਦੀ ਪੈਨਸ਼ਨ ਰਾਸ਼ੀ ਦਿੱਤੀ ਗਈ ਹੈ। ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਭਲਾਈ ਅਫ਼ਸਰ ਆਸ਼ੀਸ਼ ਕਥੂਰੀਆ ਨੇ ਦੱਸਿਆ ਕਿ ਜਨਵਰੀ 2023 ਨਾਲ ਸਬੰਧਤ ਆਸ਼ੀਰਵਾਦ ਸਕੀਮ ਦੇ 145 ਕੇਸਾਂ ਦਾ ਪੂਰਵ-ਆਡਿਟ ਕਰਵਾ ਲਿਆ ਗਿਆ ਹੈ ਅਤੇ ਹੁਣ ਇਹ ਏ ਡੀ ਸੀ ਦੀ ਅਗਵਾਈ ਹੇਠ ਗਠਿਤ ਕਮੇਟੀ ਪਾਸੋਂ ਮਨਜੂਰ ਕਰਵਾ ਕੇ ਸਿੱਧੀ ਖਾਤਿਆਂ 'ਚ ਅਦਾਇਗੀ ਲਈ ਵਿਭਾਗ ਨੂੰ ਭੇਜ ਦਿੱਤੇ ਜਾਣਗੇ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਪ੍ਰਤੀਨਿਧ ਸੀ ਡੀ ਪੀ ਓ ਪੂਰਣ ਪੰਕਜ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ 13920 ਗਰਭਵਤੀ ਮਹਿਲਾਵਾਂ ਨੂੰ 5, 06, 50000 ਰੁਪਏ ਦੀ ਰਾਸ਼ੀ ਲਾਭ ਵਜੋਂ ਦਿੱਤੀ ਗਈ ਹੈ। ਇਸ ਯੋਜਨਾ ਤਹਿਤ ਗਰਭ ਧਾਰਣ ਮੌਕੇ ਪਹਿਲੇ ਚੈਕ ਅਪ ਤੋਂ ਲੈ ਕੇ ਨਵਜਨਮੇ ਬੱਚੇ ਦੇ ਹੋਣ ਵਾਲੇ ਟੀਕਾਕਰਣ ਦੇ ਮੁਕੰਮਲ ਹੋਣ 'ਤੇ ਤਿੰਨ ਪੜਾਵਾਂ 'ਚ 5000 ਰੁਪਏ ਪ੍ਰਤੀ ਮਹਿਲਾ ਦਾ ਲਾਭ ਦਿੱਤਾ ਜਾਂਦਾ ਹੈ। ਵਿਕਾਸ ਕਾਰਜਾਂ ਦੇ ਮੁਲਾਂਕਣ ਸਬੰਧੀ ਹੋਈ ਮੀਟਿੰਗ 'ਚ ਕਾਰਜਕਾਰੀ ਇੰਜੀਨੀਅਰ ਜਨ ਸਿਹਤ ਪੁਨੀਤ ਭਸੀਨ, ਐਸ ਡੀ ਓ ਸੀਵਰੇਜ ਰਣਜੀਤ ਸਿੰਘ, ਈ ਓ ਸੁਖਦੇਵ ਸਿੰਘ ਬੰਗਾ, ਈ ਓ ਭਜਨ ਚੰਦ ਬਲਾਚੌਰ, ਬੀ ਡੀ ਪੀ ਓ ਰਾਜਵਿੰਦਰ ਕੌਰ ਨਵਾਂਸ਼ਹਿਰ, ਬੀ ਡੀ ਪੀ ਓ ਹੇਮਰਾਜ ਔੜ ਤੇ ਬੀ ਡੀ ਪੀ ਓ ਜਗਤਾਰ ਸਿੰਘ ਮੌਜੂਦ ਸਨ।