ਆਮ ਆਦਮੀਕਲੀਨਿਕਾਂ ਤੋਂ ਹੁਣ ਤੱਕ 14989 ਮਰੀਜ਼ਾਂ ਨੇ ਲਿਆ ਮੁਫਤ ਇਲਾਜ ਦਾ ਲਾਭ
ਨਵਾਂਸ਼ਹਿਰ, 28 ਮਾਰਚ : ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਅੱਜ ਸਿਹਤ
ਵਿਭਾਗ ਦੇ ਰਾਸ਼ਟਰੀ ਅਤੇ ਸੂਬਾਈ ਸਿਹਤ ਪ੍ਰੋਗਰਾਮਾਂ ਸਮੇਤ ਪ੍ਰਧਾਨ ਮੰਤਰੀ ਟੀਬੀ ਮੁਕਤ
ਅਭਿਆਨ ਤਹਿਤ ਟੀ ਬੀ ਰੋਗੀਆਂ ਦੀ ਮਦਦ ਕਰਨ ਲਈ ਨਿਕਸ਼ੇ ਮਿੱਤਰ ਬਣਨ, ਡੇਂਗੂ ਦੀ ਬਿਮਾਰੀ
ਦੀ ਰੋਕਥਾਮ ਲਈ ਢੁੱਕਵੇਂ ਕਦਮ ਉਠਾਉਣ ਸਮੇਤ ਵੱਖ-ਵੱਖ ਸਿਹਤ ਪ੍ਰੋਗਰਾਮਾਂ ਦੀ
ਕਾਰਗੁਜ਼ਾਰੀ ਦੀ ਸਮੀਖਿਆ ਲਈ ਸਮੂਹ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ
ਸਮੇਤ ਭਾਈਵਾਲ ਵਿਭਾਗਾਂ ਦੇ ਨੁਮਾਇੰਦਿਆਂ ਨਾਲ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮਹੀਨਾਵਾਰ
ਸਮੀਖਿਆ ਮੀਟਿੰਗ ਕੀਤੀ।
ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ
ਵਿਸ਼ਵ ਸਿਹਤ ਸੰਗਠਨ ਦੇ ਕੰਸਲਟੈਂਟ ਡਾ. ਦਿਵਯਾਂਸ਼ੂ ਸ਼ੁਕਲਾ ਦੀ ਬੇਨਤੀ 'ਤੇ ਸਮਾਜ
ਸੇਵਕਾਂ, ਗੈਰ-ਸਰਕਾਰੀ ਸੰਗਠਨਾਂ, ਸਿਹਤ ਅਧਿਕਾਰੀਆਂ, ਜ਼ਿਲ੍ਹਾ ਨਿਵਾਸੀਆਂ ਨੂੰ ਪ੍ਰਧਾਨ
ਮੰਤਰੀ ਟੀਬੀ ਮੁਕਤ ਅਭਿਆਨ ਤਹਿਤ ਟੀਬੀ ਰੋਗੀਆਂ ਦੀ ਇਸ ਬਿਮਾਰੀ ਤੋਂ ਉਭਰਨ ਵਿਚ ਮਦਦ
ਕਰਨ ਲਈ ਨਿਕਸ਼ੇ ਮਿੱਤਰ ਬਣਨ ਦਾ ਸੱਦਾ ਦਿੱਤਾ। ਲੋੜਵੰਦ ਟੀਬੀ ਮਰੀਜ਼ਾਂ ਦੀ ਸਹਾਇਤਾ ਲਈ
ਅੱਗੇ ਆਉਣ ਵਾਲੇ ਵਿਅਕਤੀ ਜਾਂ ਸੰਸਥਾ ਨੂੰ ਨਿਕਸ਼ੇ ਮਿੱਤਰ ਕਿਹਾ ਜਾਵੇਗਾ। ਉਨ੍ਹਾਂ
ਕਿਹਾ ਕਿ ਦੇਸ਼ ਵਿਚੋਂ ਸਾਲ 2025 ਤੱਕ ਟੀਬੀ ਦੀ ਬਿਮਾਰੀ ਨੂੰ ਖਤਮ ਕਰਨ ਦੇ ਉਦੇਸ਼ ਨਾਲ
ਪ੍ਰਧਾਨ ਮੰਤਰੀ ਟੀਬੀ ਮੁਕਤ ਅਭਿਆਨ ਤਹਿਤ ਕਿਸੇ ਵਿਅਕਤੀ, ਕਿਸੇ ਚੁਣੇ ਹੋਏ ਪ੍ਰਤੀਨਿਧੀ
ਜਾਂ ਕਿਸੇ ਗੈਰ-ਸਰਕਾਰੀ ਸੰਸਥਾ ਵੱਲੋਂ ਕਿਸੇ ਵੀ ਲੋੜਵੰਦ ਟੀਬੀ ਮਰੀਜ਼ ਨੂੰ ਗੋਦ ਲਿਆ
ਜਾ ਸਕਦਾ ਹੈ। ਇਸ ਅਭਿਆਨ ਤਹਿਤ ਨਿਕਸ਼ੇ ਮਿੱਤਰਾ ਵੱਲੋਂ ਲੋੜਵੰਦ ਮਰੀਜ਼ ਨੂੰ ਡਾਈਟ ਕਿੱਟ
ਪ੍ਰਦਾਨ ਕੀਤੀ ਜਾਂਦੀ ਹੈ ਤਾਂ ਜੋ ਉਹ ਪੌਸ਼ਟਿਕ ਭੋਜਨ ਖਾ ਕੇ ਇਸ ਬਿਮਾਰੀ ਨੂੰ ਮਾਤ ਦੇਣ
ਵਿਚ ਕਾਮਯਾਬ ਹੋ ਸਕਣ। ਟੀ.ਬੀ. ਦੇ ਮਰੀਜ਼ਾਂ ਨੂੰ ਕਮਿਊਨਿਟੀ ਵੱਲੋਂ ਘੱਟੋ ਘੱਟ ਛੇ
ਮਹੀਨੇ ਲਈ ਅਪਨਾਉਣਾ ਲਾਜ਼ਮੀ ਹੁੰਦਾ ਹੈ। ਜੋ ਵੀ ਵਿਅਕਤੀ, ਪ੍ਰਤੀਨਿਧੀ, ਸੰਸਥਾ ਜਾਂ
ਕਾਰਪੋਰੇਸ਼ਨ ਕਿਸੇ ਟੀਬੀ ਦੇ ਮਰੀਜ਼ ਨੂੰ ਗੋਦ ਲੈਣ ਜਾਂ ਆਪਣਾ ਸਮਰਥਨ ਦੇਣ ਲਈ ਇਛੁੱਕ
ਹੈ, ਉਹ ://.. ਉੱਪਰ ਪਹੁੰਚ ਕੇ ਆਪਣੇ-ਆਪ ਨੂੰ ਰਜਿਸਟਰਡ ਕਰਵਾ ਸਕਦੀ ਹੈ। ਉਨ੍ਹਾਂ ਨੇ
ਅਪੀਲ ਕੀਤੀ ਕਿ ਟੀਬੀ ਦੇ ਮਰੀਜ਼ਾਂ ਨੂੰ ਨਿਕਸ਼ੇ ਮਿੱਤਰ ਬਣ ਕੇ ਵੱਧ ਤੋਂ ਵੱਧ ਸਮਰਥਨ
ਦੇਣ ਨੂੰ ਯਕੀਨੀ ਬਣਾਉਣ। ਉਨ੍ਹਾਂ ਟੀਬੀ ਦੇ ਰੋਗੀਆਂ ਦੀ ਸਹਾਇਤਾ ਲਈ ਹਰ ਵਿਅਕਤੀ, ਹਰ
ਸੰਸਥਾ, ਸਿਵਲ ਸੁਸਾਇਟੀ ਨਾਲ ਜੁੜੇ ਪ੍ਰਤੀਨਿਧੀਆਂ ਨੂੰ ਇਹ ਪ੍ਰਣ ਲੈਣ ਦੀ ਬੇਨਤੀ ਕੀਤੀ
ਅਤੇ ਕਿਹਾ ਕਿ ਉਹ ਟੀਬੀ ਮੁਕਤ ਭਾਰਤ ਬਣਾਉਣ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਣ।
ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿਚ ਸਿਹਤ ਅਧਿਕਾਰੀਆਂ ਸਮੇਤ ਭਾਈਵਾਲ ਵਿਭਾਗਾਂ ਨੂੰ
ਸਾਵਧਾਨ ਕਰਦੇ ਹੋਏ ਕਿਹਾ ਕਿ ਕੁਝ ਦਿਨ ਪਹਿਲਾਂ ਪੂਰੇ ਸੂਬੇ ਵਿਚ ਭਾਰੀ ਬਾਰਿਸ਼ ਹੋਈ
ਹੈ, ਜਿਸ ਦੇ ਮੱਦੇਨਜ਼ਰ ਇਸ ਵਾਰ ਸਮੇਂ ਤੋਂ ਪਹਿਲਾਂ ਡੇਂਗੂ ਦੀ ਬਿਮਾਰੀ ਦੇ ਫੈਲਣ ਦਾ
ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਹਦਾਇਤ ਕੀਤੀ ਕਿ ਡੇਂਗੂ ਨੂੰ ਸ਼ੁਰੂ ਵਿੱਚ ਹੀ ਕਾਬੂ
ਵਿੱਚ ਰੱਖਣ ਲਈ ਸਮੇਂ ਸਿਰ ਰੋਕਥਾਮ 'ਤੇ ਜ਼ੋਰ ਦਿੱਤਾ ਜਾਵੇ। ਸਿਹਤ ਵਿਭਾਗ ਅਤੇ ਨਗਰ
ਕੌਂਸਲਾਂ ਸਮੇਤ ਹੋਰਨਾਂ ਸਹਿਯੋਗੀ ਵਿਭਾਗਾਂ ਨੂੰ ਹੋਰ ਚੌਕਸ ਹੋਣ ਦੀ ਜ਼ਰੂਰਤ ਹੈ।
ਉਨ੍ਹਾਂ ਹਦਾਇਤ ਕੀਤੀ ਕਿ ਡੇਂਗੂ ਦੀ ਰੋਕਥਾਮ ਲਈ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ
ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਨਿਰੰਤਰ ਸਰਵੇਖਣ, ਜਾਂਚ ਤੇ ਜਾਗਰੂਕਤਾ
ਗਤੀਵਿਧੀਆਂ ਚਲਾਈਆਂ ਜਾਣ। ਹਫ਼ਤੇ ਦੇ ਹਰ ਸ਼ੁੱਕਰਵਾਰ ਨੂੰ 'ਡਰਾਈ ਡੇਅ' ਮਨਾਇਆ ਜਾਵੇ
ਅਤੇ 'ਹਰ ਐਤਵਾਰ ਡੇਂਗੂ 'ਤੇ ਵਾਰ' ਮੁਹਿੰਮ ਛੇੜੀ ਜਾਵੇ, ਜਿਸ ਤਹਿਤ ਡੇਂਗੂ ਤੋਂ ਬਚਾਅ
ਲਈ ਹਫ਼ਤੇ ਵਿਚ ਇਕ ਵਾਰ ਕੂਲਰਾਂ, ਫਰਿੱਜ਼ ਦੀ ਟਰੇਅ ਤੇ ਗਮਲਿਆਂ ਦੀ ਸਫਾਈ ਕਰਨ ਸਬੰਧੀ
ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਮੱਛਰ ਦੇ ਲਾਰਵੇ ਨੂੰ ਖਤਮ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਘਰਾਂ ਦੀਆਂ ਛੱਤਾਂ ਉੱਤੇ ਪਏ ਕਬਾੜ ਦੇ ਸਮਾਨ, ਪੁਰਾਣੇ ਟਾਇਰਾਂ,
ਡਿਸਪੋਜੇਬਲ ਕੱਪ, ਗਲਾਸ, ਪਲੇਟਾਂ ਆਦਿ ਵਿਚ ਪਾਣੀ ਇਕੱਤਰ ਨਾ ਹੋਣ ਦਿੱਤਾ ਜਾਵੇ,
ਕਿਉਂਕਿ ਡੇਂਗੂ ਦਾ ਮੱਛਰ ਥੋੜ੍ਹੇ ਜਿਹੇ ਪਾਣੀ ਵਿਚ ਵੀ ਪਲ਼ ਸਕਦਾ ਹੈ। ਉਨ੍ਹਾਂ ਕਿਹਾ
ਕਿ ਡੇਂਗੂ ਦੀ ਰੋਕਥਾਮ ਦੇ ਮੱਦੇਨਜ਼ਰ ਅਗਲੇ ਕੁਝ ਮਹੀਨੇ ਬਹੁਤ ਮਹੱਤਵਪੂਰਨ ਹਨ, ਇਸ ਲਈ
ਘਰ-ਘਰ ਜਾ ਕੇ ਲਾਰਵਾ ਚੈੱਕ ਕੀਤਾ ਜਾਵੇ। ਸ਼ਹਿਰਾਂ ਤੇ ਪਿੰਡਾਂ ਵਿਚ ਛੱਪੜਾਂ ਵਿਚ
ਗੰਬੂਜੀਆ ਮੱਛੀਆਂ ਛੱਡੀਆਂ ਜਾਣ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਵੈਕਟਰ ਬੌਰਨ
ਬਿਮਾਰੀਆਂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰੀ ਤੇ ਪੇਂਡੂ ਖੇਤਰਾਂ
ਵਿਚ ਅਨਾਊਂਸਮੈਂਟ ਕਰਵਾਉਣੀ ਯਕੀਨੀ ਬਣਾਈ ਜਾਵੇ।
ਆਮ ਆਦਮੀ ਕਲੀਨਿਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦੇ ਹੋਏ ਉਨ੍ਹਾਂ ਦੱਸਿਆ ਕਿ
ਜ਼ਿਲ੍ਹੇ ਵਿੱਚ ਪਿਛਲੇ ਸਮੇਂ ਸ਼ੁਰੂ ਕੀਤੇ ਗਏ 11 ਆਮ ਆਦਮੀ ਕਲੀਨਿਕਾਂ ਵਿੱਚ ਹੁਣ ਤੱਕ
14989 ਤੋਂ ਵੱਧ ਲੋਕਾਂ ਨੇ ਮੁਫ਼ਤ ਇਲਾਜ ਦਾ ਲਾਭ ਲਿਆ ਹੈ ਅਤੇ ਕਰੀਬ 1870 ਮਰੀਜ਼ਾਂ ਦੇ
ਵੱਖ-ਵੱਖ ਤਰ੍ਹਾਂ ਦੇ ਕਲੀਨੀਕਲ ਟੈੱਸਟ ਮੁਫ਼ਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ
ਆਉਣ ਵਾਲੇ ਸਮੇਂ ਵਿਚ ਜ਼ਿਲ੍ਹੇ ਵਿੱਚ ਹੋਰ ਵੀ ਨਵੇਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ
ਕੀਤੀ ਜਾਣੀ ਹੈ ਜੋ ਕਿ ਪੰਜਾਬ ਦੇ ਸਿਹਤ ਖੇਤਰ ਵਿਚ ਵੱਡੀ ਪੁਲਾਂਘ ਹੈ। ਉਨ੍ਹਾਂ ਹਦਾਇਤ
ਕੀਤੀ ਕਿ ਆਮ ਆਦਮੀ ਕਲੀਨਿਕਾਂ ਵਿਚ ਆਮ ਲੋਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ
ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ। ਕੋਈ ਵੀ ਮਰੀਜ਼ ਖੱਜਲ-ਖੁਆਰ ਨਹੀਂ ਹੋਣਾ ਚਾਹੀਦਾ।
ਸ੍ਰੀ ਰਾਜੀਵ ਵਰਮਾ ਨੇ ਅੱਗੇ ਕਿਹਾ ਕਿ ਜ਼ਿਲ੍ਹੇ ਵਿਚ ਭਰੂਣ ਹੱਤਿਆ ਦੀ ਰੋਕਥਾਮ ਲਈ
ਗਰਭਵਤੀ ਔਰਤਾਂ ਦੀ ਸਮੇਂ ਸਿਰ ਰਜਿਸ਼ਟ੍ਰੇਸ਼ਨ ਯਕੀਨੀ ਬਣਾਈ ਜਾਵੇ ਤਾਂ ਜੋ ਉਨ੍ਹਾਂ ਨੂੰ
ਨਿਗਰਾਨੀ ਸਿਸਟਮ ਵਿਚ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਮਾਤਰੀ ਮੌਤ ਦਰ ਘਟਾਉਣ ਲਈ
ਹਰ ਇੱਕ ਉੱਚ ਜੋਖਿਮ ਵਾਲੀਆਂ ਮਾਵਾਂ ਦਾ ਵਿਸ਼ੇਸ਼ ਧਿਆਨ ਰੱਖ ਕੇ ਉਸਦਾ ਸੁਰੱਖਿਅਤ ਜਣੇਪਾ
ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਜਣੇਪੇ
ਦੀ ਦਰ ਨੂੰ ਹੋਰ ਵਧਾਉਣ ਲਈ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਜਣੇਪਾ ਕਰਵਾਉਣ
ਵਾਲੀਆਂ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵੱਧ ਤੋਂ ਵੱਧ
ਜਾਗਰੂਕ ਕੀਤਾ ਜਾਵੇ।
ਉਨ੍ਹਾਂ ਫੂਡ ਸੇਫਟੀ ਵਿੰਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਫੂਡ
ਸੇਫਟੀ ਐਕਟ ਨੂੰ ਜ਼ਿਲ੍ਹੇ ਵਿੱਚ ਪੂਰਨ ਤੌਰ 'ਤੇ ਲਾਗੂ ਕੀਤਾ ਜਾਵੇ। ਜਿੱਥੇ ਕਿਤੇ ਕੋਈ
ਮਿਲਾਵਟ ਦਾ ਸ਼ੱਕ ਹੋਵੇ ਤਾਂ ਉਸ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾਣ ਅਤੇ ਮਿਲਾਵਟ
ਖੋਰਾ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਜ਼ਿਲ੍ਹੇ ਵਿਚ ਖਾਣ-ਪੀਣ ਵਾਲੀਆਂ
ਵਸਤਾਂ ਦੇ ਮਿਆਰ ਤੇ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਵੱਧ ਤੋਂ ਵੱਧ ਜਾਗਰੂਕਤਾ
ਗਤੀਵਿਧੀਆਂ ਯਕੀਨੀ ਬਣਾਈਆਂ ਜਾਣ।
ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਬਾਲ ਸਵੱਸਥਿਆ ਕਾਰਿਆਕ੍ਰਮ (ਆਰ.ਬੀ.ਐੱਸ.ਕੇ.) ਨੂੰ
ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ। ਸਰਕਾਰੀ ਸਕੂਲਾਂ ਵਿਚ ਪੜ੍ਹਦੇ ਅਤੇ
ਆਂਗਣਵਾੜੀਆਂ ਵਿਚ ਰਜਿਸਟਰਡ 0 ਤੋਂ 18 ਸਾਲ ਤੱਕ ਦੇ ਬਿਮਾਰ ਬੱਚਿਆਂ ਦਾ ਸਿਹਤ ਵਿਭਾਗ
ਦੀਆਂ ਮੋਬਾਇਲ ਸਿਹਤ ਟੀਮਾਂ ਮਿੱਥੇ ਸਮੇਂ 'ਚ ਇਲਾਜ ਯਕੀਨੀ ਬਣਾਉਣ।
ਉਨ੍ਹਾਂ ਕਿਹਾ ਕਿ ਵਿਸ਼ੇਸ਼ ਟੀਕਾਕਰਨ ਸਪਤਾਹ ਦਾ ਤੀਜਾ ਰਾਊਂਡ ਮਿਤੀ 24 ਅਪ੍ਰੈਲ 2023
ਤੋਂ ਸ਼ੁਰੂ ਹੋਵੇਗਾ। ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਅਧੀਨ ਬੱਚਿਆਂ ਦੇ ਟੀਕਾਕਰਨ ਦੀ
ਮੌਜੂਦਾ ਸਥਿਤੀ ਬਿਹਤਰ ਹੈ ਪਰ ਫਿਰ ਵੀ ਉੱਚ ਜ਼ੋਖਮ ਵਾਲੇ ਇਲਾਕਿਆਂ ਵਿਚ ਟੀਕਾਕਰਨ ਦੀ
ਦਰ 'ਤੇ ਨਜ਼ਰ ਰੱਖੀ ਜਾਵੇ। ਮੀਜ਼ਲ ਤੇ ਰੂਬੇਲਾ ਨੂੰ ਮੁਕੰਮਲ ਖਤਮ ਕਰਨ ਦੇ ਟੀਚੇ ਦੀ
ਪ੍ਰਾਪਤੀ ਲਈ ਇਸ ਦੇ ਟੀਕਾਕਰਨ 'ਤੇ ਵੀ ਖਾਸ ਧਿਆਨ ਦਿੱਤਾ ਜਾਵੇ।
ਸ੍ਰੀ ਵਰਮਾ ਨੇ ਦੱਸਿਆ ਕਿ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਮਹੀਨਾ ਫਰਵਰੀ
ਦੌਰਾਨ ਜ਼ਿਲ੍ਹੇ ਵਿਚ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ 121 ਚਲਾਨ ਕੀਤੇ ਗਏ,
ਜਿਨ੍ਹਾਂ ਵਿਚ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਬਿਹਤਰ ਰਹੀ। ਉਨ੍ਹਾਂ ਕਿਹਾ ਕਿ ਕੋਟਪਾ
ਐਕਟ ਨੂੰ ਜ਼ਿਲ੍ਹੇ ਵਿਚ ਹੋਰ ਸਖਤੀ ਨਾਲ ਲਾਗੂ ਕੀਤਾ ਜਾਵੇ। ਮਿਊਂਸੀਪਲ ਕਮੇਟੀ
ਨਵਾਂਸ਼ਹਿਰ, ਬੰਗਾ, ਬਲਾਚੌਰ ਤੇ ਰਾਹੋਂ ਵੱਲੋਂ ਵੀ ਕੋਟਪਾ ਐਕਟ ਤਹਿਤ ਗਤੀਵਿਧੀਆਂ
ਕਰਨੀਆਂ ਯਕੀਨੀ ਬਣਾਈਆਂ ਜਾਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਰਜਕਾਰੀ ਸਿਵਲ ਸਰਜਨ ਡਾ. ਜਸਦੇਵ ਸਿੰਘ, ਜ਼ਿਲ੍ਹਾ
ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ,
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਬਲਵਿੰਦਰ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼
ਪਾਲ, ਸ਼ਿਆਮਾਵੇਦਾ ਦੇਵੀ, ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ, ਡਾ. ਰਵਿੰਦਰ
ਸਿੰਘ, ਡਾ. ਕੁਲਵਿੰਦਰ ਮਾਨ, ਡਾ. ਪ੍ਰਤਿਭਾ ਵਰਮਾ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ
ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਹੈਲਥ ਇੰਸਪੈਕਟਰ ਰਾਜੀਵ ਕੁਮਾਰ
ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।