ਨਵਾਂਸ਼ਹਿਰ, 1 ਮਾਰਚ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਨੁਸਾਰ ਜ਼ਿਲ੍ਹਾ
ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ 13 ਮਾਰਚ ਤੋਂ 18 ਮਾਰਚ ਤੱਕ ਜ਼ਿਲ੍ਹੇ ਵਿੱਚ
ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਵਿੱਚ ਇਹ ਮੇਲੇ 13 ਮਾਰਚ ਨੂੰ ਸਰਕਾਰੀ ਆਈ.ਟੀ.ਆਈ (ਲੜਕੇ) ਨਵਾਂਸ਼ਹਿਰ, 15 ਮਾਰਚ ਨੂੰ
ਸਿੱਖ ਨੈਸ਼ਨਲ ਕਾਲਜ ਬੰਗਾ ਅਤੇ 17 ਮਾਰਚ ਨੂੰ ਬਾਬਾ ਬਲਰਾਜ ਕੌਂਸਟੀਚਿਊਐਂਟ ਕਾਲਜ
ਬਲਾਚੌਰ ਵਿਖੇ ਲਗਾਏ ਜਾਣਗੇ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ
ਮਹੀਨਾ ਜਨਵਰੀ 2023 ਦੇ ਕੰਮਾਂ ਦੀ ਸਮੀਖਿਆ ਕਰਨ ਉਪਰੰਤ ਦਿੱਤੀ। ਡਿਪਟੀ ਕਮਿਸ਼ਨਰ ਨੇ
ਰੋਜ਼ਗਾਰ ਮੇਲਿਆਂ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਮੀਟਿੰਗ 'ਚ ਹਾਜ਼ਰ
ਪੰਜਾਬ ਹੁਨਰ ਸਿਖਲਾਈ ਮਿਸ਼ਨ ਦੇ ਬਲਾਕ ਮਿਸ਼ਨ ਮੈਨੇਜਰ ਸ਼ੰਮੀ ਠਾਕੁਰ ਵੱਲੋਂ ਦੱਸਿਆ
ਗਿਆ ਕਿ ਐਨ.ਯੂ.ਐਲ.ਐਮ ਸਕੀਮ ਅਧੀਨ ਜਿਲ੍ਹੇ ਨੂੰ ਪ੍ਰਾਪਤ 180 ਦੇ ਟੀਚੇ ਵਿਰੁੱਧ 150
ਸ਼ਹਿਰੀ ਨੌਜਵਾਨਾਂ ਦੀ ਸਿਖਲਾਈ 2 ਸੈਂਟਰਾਂ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ। ਡਿਪਟੀ
ਕਮਿਸ਼ਨਰ ਵੱਲੋਂ ਟੀਚੇ ਅਨੁਸਾਰ 30 ਹੋਰ ਨੌਜਵਾਨਾਂ ਦੀ ਚੋਣ ਕਰਕੇ ਸਿਖਲਾਈ ਸ਼ੁਰੂ ਕਰਨ
ਦੀ ਹਦਾਇਤ ਕੀਤੀ ਗਈ।
ਇਸ ਮੌਕੇ ਸੁਦੇਸ਼ ਕੁਮਾਰ, ਫੰਕਸ਼ਨਲ ਮੈਨੇਜਰ, ਅਮਿਤ ਕੁਮਾਰ ਪਲੇਸਮੈਂਟ
ਅਫ਼ਸਰ, ਹਰਮਨਦੀਪ ਸਿੰਘ ਕਰੀਅਰ ਕਾਊਂਸਲਰ ਅਤੇ ਵਿਜੇ ਸਹਿਵਾਗ, ਯੰਗ ਪ੍ਰੋਫੈਸ਼ਨਲ ਹਾਜ਼ਰ
ਸਨ।