ਭਾਰਤੀ ਫੌਜ ਵਿੱਚ ਅਗਨੀਵੀਰ ਦੀ ਭਰਤੀ ਸਬੰਧੀ ਸੈਮੀਨਾਰ

ਡਾਇਰੈਕਟਰ ਰਿਕਰੂਟਮੈਂਟ ਜਲੰਧਰ ਕੈਂਟ ਕਰਨਲ ਜੈਵੀਰ ਸਿੰਘ ਅਤੇ ਡਾ. ਮੇਜਰ ਡੀ. ਨਰੇਸ਼ ਵੱਲੋਂ ਦਿੱਤੀ ਗਈ ਭਰਤੀ ਪ੍ਰਕਿਰਿਆ ਸਬੰਧੀ ਜਾਣਕਾਰੀ
ਨਵਾਂਸ਼ਹਿਰ, 13 ਮਾਰਚ : ਜ਼ਿਲ੍ਹਾ ਰੋੋਜ਼ਗਾਰ ਤੇ ਕਾਰੋਬਾਰ ਬਿੳੂਰੋ ਵੱਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਬਿਊਰੋ, ਨਵਜੋੋਤ ਪਾਲ ਸਿੰਘ ਰੰਧਾਵਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਮੁੱਖ ਕਾਰਜਕਾਰੀ ਅਫ਼ਸਰ, ਬਿਊਰੋ, ਰਾਜੀਵ ਵਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਰਤੀ ਫੌਜ ਵਿੱਚ ਅਗਨੀਵੀਰ ਦੀ ਭਰਤੀ ਸਬੰਧੀ ਆਰ.ਕੇ. ਆਰੀਆ ਕਾਲਜ, ਨਵਾਂਸ਼ਹਿਰ ਵਿੱਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਸੀਪਾਈਟ ਨਵਾਂਸ਼ਹਿਰ ਦੇ ਸਿਖਿਆਰਥੀਆਂ ਅਤੇ ਆਈ.ਟੀ.ਆਈ. (ਲੜਕੇ) ਨਵਾਂਸ਼ਹਿਰ ਦੇ ਸਿਖਿਆਰਥੀਆਂ ਨੇ ਭਾਗ ਲਿਆ। ਨਵਾਂਸ਼ਹਿਰ ਦੇ ਐਸ ਡੀ ਐਮ ਅਤੇ ਭਾਰਤੀ ਸੈਨਾ ਦੇ ਸੇਵਾਮੁਕਤ ਮੇਜਰ ਡਾ. ਸ਼ਿਵਰਾਜ ਸਿੰਘ ਬੱਲ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸੈਮੀਨਾਰ ਦੌਰਾਨ ਕਰਨਲ ਜੈਵੀਰ ਸਿੰਘ, ਡਾਇਰੈਕਟਰ ਰਿਕਰੂਟਮੈਂਟ ਜਲੰਧਰ ਕੈਂਟ ਅਤੇ ਡਾ. ਮੇਜਰ ਡੀ. ਨਰੇਸ਼ ਵੱਲੋਂ ਵਿਸ਼ੇਸ਼ ਤੌਰ 'ਤੇ ਭਾਗ ਲਿਆ ਗਿਆ। ਉਨ੍ਹਾਂ ਵੱਲੋਂ ਅਗਨੀਵੀਰ ਭਰਤੀ ਸਬੰਧੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਨਾਲ ਭਰਤੀ ਸਬੰਧੀ ਜ਼ਰੂਰੀ ਹਦਾਇਤਾਂ, ਸਰੀਰਕ ਪ੍ਰੀਖਿਆ ਦੀ ਤਿਆਰੀ ਆਦਿ ਬਾਰੇ ਪ੍ਰੈਜ਼ੈਂਟੇਸ਼ਨ ਰਾਹੀਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਅਗਨੀਵੀਰ ਤੋਂ ਇਲਾਵਾ ਬਤੌਰ ਐਨ.ਡੀ.ਏ/ਸੀ.ਡੀ.ਐਸ/ ਤਕਨੀਕੀ ਭਰਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਡਾਕਟਰ ਮੇਜਰ ਡੀ. ਨਰੇਸ਼ ਵੱਲੋਂ ਭਰਤੀ ਸਮੇਂ ਹੋਣ ਵਾਲੇ ਮੈਡੀਕਲ ਨਿਰੀਖਣ ਬਾਰੇ ਵਿਸ਼ੇਸ਼ ਜਾਣਕਾਰੀ ਅਤੇ ਸੁਝਾਓ ਦਿੱਤੇ ਗਏ। ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਰਜਿਸਟ੍ਰੇਸ਼ਨ ਲਈ ਵੀ ਪ੍ਰੇਰਿਤ ਕੀਤਾ ਗਿਆ ਜੋ ਕਿ 15 ਮਾਰਚ ਨੂੰ ਸ਼ਾਮ 5.00 ਵਜੇ ਸਮਾਪਤ ਹੋ ਰਹੀ ਹੈ। ਉਪ ਮੰਡਲ ਮੈਜਿਸਟ੍ਰੇਟ ਮੇਜਰ ਬੱਲ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਆਪਣੇ ਕਰੀਅਰ ਸਬੰਧੀ ਸੁਚੇਤ ਰਹਿਣ ਲਈ ਕਿਹਾ ਅਤੇ ਭਰਤੀ ਦੀ ਰਜਿਸਟ੍ਰੇਸ਼ਨ ਕਰਨ ਉਪਰੰਤ ਪ੍ਰੀਖਿਆ ਦੇਣ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸੰਜੀਵ ਕੁਮਾਰ ਨੇ ਬਿਊਰੋ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਕਰੀਅਰ ਕਾਉਂਸਲਰ ਹਰਮਨਦੀਪ ਸਿੰਘ ਵੱਲੋਂ ਸੀ-ਪਾਈਟ, ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਅਤੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ ਵੱਲੋਂ ਫੌਜ ਵਿੱਚ ਭਰਤੀ ਲਈ ਦਿੱਤੀ ਜਾਂਦੀ ਮੁਫ਼ਤ ਸਿਖਲਾਈ ਬਾਰੇ ਜਾਣਕਾਰੀ ਦਿੱਤੀ ਗਈ। ਸੈਮੀਨਾਰ ਵਿੱਚ ਲਗਭਗ 150 ਵਿਦਿਆਰਥੀ ਹਾਜ਼ਰ ਸਨ। ਪਿ੍ਰੰਸੀਪਲ ਆਰ.ਕੇ.ਆਰੀਆ ਕਾਲਜ, ਨਵਾਂਸ਼ਹਿਰ, ਸੰਜੀਵ ਡਾਵਰ  ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਉਂਕਾਰ ਸਿੰਘ ਸੀਨੀਅਰ ਇੰਸਟ੍ਰੱਕਟਰ ਆਈ.ਟੀ.ਆਈ., ਨਿਰਮਲ ਸਿੰਘ ਕੈਂਪ ਇੰਚਾਰਜ ਸੀ-ਪਾਈਟ, ਰਾਜਿੰਦਰ ਗੁਪਤਾ ਅਤੇ ਕਾਲਜ ਸਟਾਫ਼ ਮੌਜੂਦ ਸਨ।