ਖਟਕੜ ਕਲਾਂ ਵਿਖੇ ਸੀ ਪੀ ਆਈ ਮਾਲੇ ਵਲੋਂ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਇਨਕਲਾਬੀ ਬਦਲ ਉਸਾਰਨ ਦਾ ਸੱਦਾ

ਇਨਕਲਾਬੀ ਨਾਟਕਾਂ ਦੀ ਕੀਤੀ ਪੇਸ਼ਕਾਰੀ
ਨਵਾਂਸ਼ਹਿਰ 23 ਮਰਚ :- ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਵਲੋਂ ਖਟਕੜ ਕਲਾਂ ਵਿਖੇ ਸਿਆਸੀ ਕਾਨਫਰੰਸ ਕਰਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸ਼ਹੀਦ ਭਗਤ ਸਿੰਘ ਦੇ ਬੁਤ ਤੇ ਫੁੱਲ ਪੱਤੀਆਂ ਭੇਟ ਕਰਨ ਉਪਰੰਤ ਕੀਤੀ ਗਈ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਲੋਕਾਂ ਨੂੰ ਇਨਕਲਾਬੀ ਬਦਲ ਉਸਾਰਨ ਦਾ ਸੱਦਾ ਦਿੱਤਾ।ਪਾਰਟੀ ਦੇ ਜਿਲਾ ਆਗੂ ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ  ਨੇ ਕਿਹਾ ਕਿ ਦੇਸ਼ ਦੇ ਨੇਤਾਵਾਂ ਦੇ ਚਿਹਰੇ ਬਦਲਣ ਨਾਲ ਦੇਸ਼ ਦੀਆਂ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ ਇਸਦੇ ਲਈ ਬਰਾਬਰਤਾ ਵਾਲਾ ਨਵਾਂ ਸਿਆਸੀ-ਆਰਥਿਕ ਢਾਂਚਾ ਉਸਾਰਨ ਲਈ ਇਨਕਲਾਬ ਕਰਨਾ ਪਵੇਗਾ। ਸ਼ਹੀਦ ਭਗਤ ਸਿੰਘ ਦੀ ਸੋਚ ਅਨੁਸਾਰ ਭਾਰਤ ਵਿਚੋਂ ਸਾਮਰਾਜੀਆਂ ਦੀ ਦਖਲਅੰਦਾਜ਼ੀ ਪੂਰੀ ਤਰ੍ਹਾਂ ਖਤਮ ਕਰਨੀ ਹੋਵੇਗੀ। ਭਗਤ ਸਿੰਘ ਨੇ ਇਨਕਲਾਬ ਜਿੰਦਾਬਾਦ ਦੇ ਨਾਲ ਸਾਮਰਾਜਵਾਦ ਮੁਰਦਾਬਾਦ ਦਾ ਨਾਹਰਾ ਲਾਇਆ ਸੀ। ਆਗੂਆਂ ਨੇ ਕਿਹਾ ਕਿ ਹਾਕਮਾਂ ਵਲੋਂ ਸ਼ਹੀਦ ਭਗਤ ਸਿੰਘ ਅਤੇ ਡਾਕਟਰ ਬੀ ਆਰ ਅੰਬੇਡਕਰ ਨੂੰ ਹਾਈ ਜੈਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜਦਕਿ ਸਰਕਾਰਾਂ ਦੀਆਂ ਨੀਤੀਆਂ ਵਿਚ ਇਹਨਾਂ ਦੀ ਸੋਚ ਕਿਧਰੇ ਵੀ ਨਜਰ ਨਹੀਂ ਆਉਂਦੀ। ਕੇਂਦਰ ਦੀ ਮੋਦੀ ਸਰਕਾਰ ਫਾਸ਼ਵਾਦੀ ਅਤੇ ਦੇਸੀ ਵਿਦੇਸ਼ੀ ਕਾਰਪੋਰੇਟ ਪੱਖੀ ਸਰਕਾਰ ਹੈ ਜੋ ਇਕ ਤੋਂ ਬਾਅਦ ਇਕ ਸਰਕਾਰੀ ਅਦਾਰੇ ਵੇਚ ਰਹੀ ਹੈ। ਉਹਨਾਂ ਕਿਹਾ ਕਿ ਅਡਾਨੀ ਵੱਲੋਂ ਕੀਤੇ ਵਿੱਤੀ ਘੁਟਾਲਿਆਂ ਬਾਰੇ ਸੰਸਦ ਵਿੱਚ ਚਰਚਾ ਨਾ ਕਰਾਉਣਾ ਮੋਦੀ ਸਰਕਾਰ ਦੇ ਅਡਾਨੀ ਪ੍ਰੇਮ ਨੂੰ ਜਗ ਜਾਹਰ ਕਰਦਾ ਹੈ ਅਤੇ ਇਹ ਸਰਕਾਰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਵਿਰੋਧੀ ਸਰਕਾਰ ਹੈ। ਮੋਦੀ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਰੋਲਣ ਦਾ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਦੀਆਂ ਸਰਗਰਮੀਆਂ ਭਾਰਤੀ ਜਨਤਾ ਪਾਰਟੀ ਦੇ ਨਫਰਤ ਫੈਲਾਉਣ ਵਾਲੇ ਅਜੰਡੇ ਨੂੰ ਹੀ ਅੱਗੇ ਤੋਰ ਰਹੀਆਂ ਹਨ। ਮੋਦੀ ਸਰਕਾਰ ਦਾ ਅਜੰਡਾ ਹਿੰਦੂਆਂ ਅਤੇ ਇਸਾਈਆਂ ਵਿਚ ਦਹਿਸ਼ਤ ਦਾ ਮਹੌਲ ਪੈਦਾ ਕਰਕੇ ਉਹਨਾਂ ਨੂੰ ਆਪਣੇ ਨਾਲ ਲਾਉਣਾ ਚਾਹੁੰਦੀ ਹੈ ਇਹ ਕੰਮ ਅਮ੍ਰਿਤਪਾਲ ਨੇ ਨੰਗੇ ਚਿੱਟੇ ਰੂਪ ਵਿੱਚ ਕੀਤਾ। ਅੰਮ੍ਰਿਤਪਾਲ ਦੇ ਗੰਨਮੈਨਾਂ ਨੇ ਜੰਮੂ ਕਸ਼ਮੀਰ ਤੋਂ ਹਥਿਆਰਾਂ ਦੇ ਲਾਇਸੈਂਸ ਬਣਵਾਏ ਇਸਦੇ ਲਈ ਭਾਜਪਾ ਨੇ ਉਸਦੀ ਮੱਦਦ ਕੀਤੀ। ਅੰਮ੍ਰਿਤਪਾਲ ਨੂੰ ਮਹਿੰਗੀ ਮਰਸਡੀਜ਼ ਕਾਰ ਵੀ ਭਾਜਪਾ ਦੇ ਬੰਦੇ ਨੇ ਦਿੱਤੀ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਮਿਲਕੇ ਪੰਜਾਬ ਅੰਦਰ ਦਹਿਸ਼ਤ ਦਾ ਮਹੌਲ ਸਿਰਜ ਰਹੀਆਂ ਹਨ। ਐਨ.ਐਸ. ਏ ਦਾ ਦੁਰਉਪਯੋਗ ਕਰ ਰਹੀਆਂ ਹਨ। ਉਹਨਾਂ ਨੇ ਨੌਜਵਾਨਾਂ ਤੋਂ ਐਨ.ਐਸ. ਏ ਹਟਾਉਣ ਅਤੇ ਰੋਸ ਪ੍ਰਗਟਾ ਰਹੇ ਵਿਅਕਤੀਆਂ ਨੂੰ ਫੌਰੀ ਰਿਹਾ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਗੱਲਾਂ ਦਾ ਕੜਾਹ ਬਣਾ ਰਹੀ ਹੈ। ਇਹ ਸਰਕਾਰ ਵਿਦਿਆ ਦੇ ਚਾਨਣ ਦੀ ਥਾਂ ਹਨੇਰਾ ਫੈਲਾਅ ਰਹੀ ਹੈ ਜਿਸਦਾ ਇਕ ਸਬੂਤ ਇਹ ਹੈ ਕਿ ਇਸਨੇ ਆਪਣੇ ਪ੍ਰਚਾਰ ਲਈ ਤਾਂ ਬੱਜਟ ਵਿੱਚ 750 ਕਰੋੜ ਰੁਪਏ ਰੱਖੇ ਹਨ ਪਰ ਪੰਜਾਬੀ ਯੂਨੀਵਰਸਿਟੀ ਲਈ ਮਹਿਜ 200 ਕਰੋੜ ਰੁਪਏ ਹੀ ਰੱਖੇ ਹਨ। ਆਗੂਆਂ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਆਜਾਦੀ ਦੀ ਇਕ ਹੋਰ ਲੜਾਈ ਲੜਨੀ ਪਵੇਗੀ। ਇਸ ਕਾਨਫਰੰਸ ਨੂੰ ਗੁਰਬਖਸ਼ ਕੌਰ ਸੰਘਾ, ਹਰੀ ਰਾਮ ਰਸੂਲਪੁਰੀ ਅਤੇ ਕਮਲਜੀਤ ਸਨਾਵਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਾਨਵਤਾ ਕਲਾ ਕੇਂਦਰ ਨਗਰ ਵਲੋਂ  ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ ।