ਏ ਡੀ ਸੀ ਵੱਲੋਂ ਜ਼ਿਲ੍ਹੇ ’ਚ ਬਾਰਸ਼ਾਂ ਕਾਰਨ ਹੋਏ ਫ਼ਸਲੀ ਖਰਾਬੇ ਦੀ ਸਮਾਂ-ਬੱਧ ਵਿਸ਼ੇਸ਼ ਗਿਰਦਾਵਰੀ ਦੇ ਆਦੇਸ਼

ਐਸ ਡੀ ਐਮ ਅਤੇ ਮਾਲ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਖਰਾਬੇ ਦੀ ਰਿਪੋਰਟ ਤਿਆਰ ਕਰਨ ਨੂੰ ਪਰਮ ਅਗੇਤ ਦੇਣ ਦੀ ਹਦਾਇਤ
ਨਵਾਂਸ਼ਹਿਰ, 28 ਮਾਰਚ : ਮੁੱਖ ਮੰਤਰੀ ਪੰਜਾਬ ਵੱਲੋਂ ਪਿਛਲੇ ਦਿਨਾਂ 'ਚ ਭਾਰੀ ਬਾਰਸ਼ਾਂ ਕਾਰਨ ਹੋਏ ਫ਼ਸਲੀ ਖਰਾਬੇ ਦੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮਾਂ ਨੂੰ ਜ਼ਿਲ੍ਹੇ 'ਚ ਸਮਾਂ-ਬੱਧ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਅੱਜ ਸਮੂਹ ਮਾਲ ਅਧਿਕਾਰੀਆਂ ਨੂੰ ਇੱਕ ਹਫ਼ਤੇ 'ਚ ਰਿਪੋਰਟ ਦੇਣ ਲਈ ਆਖਿਆ।
ਅੱਜ ਇੱਥੇ ਮਾਲ ਮਹਿਕਮੇ ਨਾਲ ਸਬੰਧਤ ਮਾਸਿਕ ਪ੍ਰਗਤੀ ਦਾ ਮੁਲਾਂਕਣ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਸ਼ੇਸ਼ ਗਿਰਦਾਵਰੀ ਦੌਰਾਨ ਪੂਰੀ ਪਾਰਦਰਸ਼ਤਾ ਵਰਤੀ ਜਾਵੇ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਉਨ੍ਹਾਂ ਨੇ ਉੱਪ ਮੰਡਲ ਮੈਜਿਸਟ੍ਰੇਟਾਂ ਅਤੇ ਤਹਿਸੀਲਦਾਰਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਲਾਨੀ ਵਿਸ਼ੇਸ਼ ਗਿਰਦਾਵਰੀ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ 'ਚ ਇੱਕ ਹਫ਼ਤੇ ਦੇ ਅੰਦਰ-ਅੰਦਰ ਮੁਕੰਮਲ ਕਰਕੇ ਭੇਜਣ ਲਈ ਸਬੰਧਤ ਫ਼ੀਲਡ ਸਟਾਫ਼ ਪਾਸੋਂ ਰਿਪੋਰਟ ਮੰਗੀ ਗਈ ਹੈ।
ਉਨ੍ਹਾਂ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਸ਼ੇਸ਼ ਗਿਰਦਾਵਰੀ ਕਰਨ ਆਏ ਮਾਲ ਤੇ ਮੁੜ ਵਸੇਬਾ ਵਿਭਾਗ ਦੇ ਫ਼ੀਲਡ ਸਟਾਫ਼ ਨਾਲ ਪੂਰਣ ਸਹਿਯੋਗ ਕਰਨ ਤਾਂ ਜੋ ਉਨ੍ਹਾਂ ਨੂੰ ਸਮਾਂ-ਬੱਧ ਕੰਮ ਨਿਪਟਾਉਣ 'ਚ ਕੋਈ ਮੁਸ਼ਕਿਲ ਨਾ ਆਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਐਸ ਡੀ ਐਮਜ਼ ਨੂੰ ਆਪੋ-ਆਪਣੇ ਖੇਤਰਾਂ 'ਚ ਇਸ ਵਿਸ਼ੇਸ਼ ਗਿਰਦਾਵਰੀ ਨੂੰ ਪਹਿਲ ਦੇ ਆਧਾਰ 'ਤੇ ਮੁਕੰਮਲ ਕਰਵਾਉਣ ਲਈ ਰੋਜ਼ਾਨਾ ਰਿਪੋਰਟ ਵੀ ਇਕੱਤਰ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਗਿਰਦਾਵਰੀ ਕਰਨ ਲੱਗਿਆਂ ਖੇਤ ਮਾਲਕ/ਕਾਸ਼ਤਕਾਰ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਜੋ ਠੇਕੇ 'ਤੇ ਵਾਹੀ ਕਰਨ ਵਾਲਿਆਂ ਨੂੰ ਵੀ ਕੋਈ ਨੁਕਸਾਨ ਨਾ ਹੋਵੇ।
ਮਾਲ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਜ਼ਿਲ੍ਹੇ 'ਚ ਖਾਨਗੀ ਤਕਸੀਮ ਦੇ ਮਾਮਲਿਆਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਪੋਰਟਲ ਰਾਹੀਂ ਉਤਸ਼ਾਹਿਤ ਕਰਨ, ਇੰਤਕਾਲਾਂ ਦੇ ਬਕਾਇਆ ਪਏ ਮਾਮਲਿਆਂ ਨੂੰ ਪਹਿਲ ਦੇ ਆਧਾਰ 'ਤੇ ਨਿਪਟਾਉਣ, ਮਿਣਤੀ/ਪੈਮਾਇਸ਼ ਦੀਆਂ ਦਰਖਾਸਤਾਂ ਨੂੰ ਕਣਕ ਦੀ ਵਾਢੀ ਤੋਂ ਬਾਅਦ ਸਮੇਂ ਸਿਰ ਨਿਪਟਾਉੁਣ ਲਈ ਆਖਿਆ।
ਮੀਟਿੰਗ 'ਚ ਐਸ ਡੀ ਐਮ ਬਲਾਚੌਰ ਵਿਕਰਮਜੀਤ ਪਾਂਥੇ ਤੋਂ ਇਲਾਵਾ ਤਹਿਸੀਲਦਾਰ ਨਵਾਂਸ਼ਹਿਰ ਸਰਵੇਸ਼ ਰਾਜਨ, ਤਹਿਸੀਲਦਾਰ ਬਲਾਚੌਰ ਰਵਿੰਦਰ ਬਾਂਸਲ, ਤਹਿਸੀਲਦਾਰ ਬੰਗਾ ਗੁਰਸੇਵਕ ਚੰਦ, ਨਾਇਬ ਤਹਿਸੀਲਦਾਰ ਨਵਾਂਸ਼ਹਿਰ ਕਰਮਜੀਤ ਸਿੰਘ ਤੇ ਨਾਇਬ ਤਹਿਸੀਲਦਾਰ ਬੰਗਾ ਜਗਪਾਲ ਸਿੰਘ ਮੌਜੂਦ ਸਨ।