ਨਵਾਂਸ਼ਹਿਰ, 14 ਮਾਰਚ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਬਲਾਕ ਨਵਾਂਸ਼ਹਿਰ ਵੱਲੋਂ
ਗੰਨੇ ਦੀ ਸਫ਼ਲ ਕਾਸ਼ਤ ਲਈ ਪਿੰਡ ਮੁਬਾਰਕਪੁਰ ਵਿਖੇ ਆਤਮਾ ਸਕੀਮ ਅਧੀਨ ਕਿਸਾਨ ਗੋਸ਼ਟੀ
ਕਰਵਾਈ ਗਈ।
ਜ਼ਿਲ੍ਹਾ ਸਿਖਲਾਈ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ, ਡਾ. ਸੁਰਿੰਦਰਪਾਲ ਸਿੰਘ ਨੇ ਕਿਸਾਨਾਂ
ਨੂੰ ਗੰਨੇ ਦੀ ਸਫ਼ਲ ਕਾਸ਼ਤ ਲਈ ਜ਼ਰੂਰੀ ਨੁਕਤਿਆ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ
ਕਿਸਾਨਾਂ ਨੂੰ ਖੇਤੀ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਆ।
ਖੇਤੀਬਾੜੀ ਅਫਸਰ ਨਵਾਂਸ਼ਹਿਰ ਡਾ. ਰਾਜ ਕੁਮਾਰ ਨੇ ਕਮਾਦ, ਕਣਕ ਅਤੇ ਕੁਦਰਤੀ ਸੋਮਿਆ ਦੀ
ਸਾਂਭ ਸੰਭਾਲ ਸਬੰਧੀ ਜਾਣਕਾਰੀ ਦਿੱਤੀ। ਖੇਤੀਬਾੜੀ ਵਿਕਾਸ ਅਫਸਰ ਡਾ. ਕੁਲਦੀਪ ਸਿੰਘ ਨੇ
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਿਸ ਖੇਤ ਵਿੱਚ ਰੱਤਾ ਰੋਗ ਜਾਂ ਸੋਕੜੇ ਦੀ
ਬਿਮਾਰੀ ਹੋਵੇ ਉੱਥੇ ਅਗਲੇ ਸਾਲ ਗੰਨਾ ਨਾ ਬੀਜਿਆ ਜਾਵੇ। ਸਿਫ਼ਾਰਸ਼ ਕੀਤੀਆਂ ਕਿਸਮਾਂ ਦਾ
ਬੀਜ ਰੋਗ ਰਹਿਤ ਅਤੇ ਸਿਹਤਮੰਦ ਬੀਜ ਵਾਲੀ ਫ਼ਸਲ ਵਿੱਚੋਂ ਲੈ ਕੇ ਹੀ ਬੀਜਿਆ ਜਾਵੇ। ਬੀਜ
ਦੀ ਮਾਤਰਾ ਸਿਫ਼ਾਰਸ਼ ਦੇ ਮੁਤਾਬਕ ਪਾਈ ਜਾਵੇ, ਤਾਂ ਜੋ ਫ਼ਸਲ ਵਿੱਚ ਪਾੜੇ ਨਾ ਰਹਿਣ।
ਪਿਛੇਤੀ ਬੀਜੀ ਫ਼ਸਲ ਜਾੜ ਘੱਟ ਮਾਰਦੀ ਹੈ ਅਤੇ ਇਸ ਉੱਤੇ ਅਗੇਤੀ ਫੋਟ ਦਾ ਗੜੂੰਆਂ ਵੀ
ਜ਼ਿਆਦਾ ਹਮਲਾ ਕਰਦਾ ਹੈ। ਗੋਡੀ ਜਾਂ ਨਦੀਨ ਨਾਸ਼ਕਾਂ ਦੀ ਵਰਤੋਂ ਕਰਕੇ ਫ਼ਸਲ ਨੂੰ ਨਦੀਨਾਂ
ਤੋਂ ਰਹਿਤ ਰੱਖਿਆ ਜਾਵੇ। ਫ਼ਸਲ ਨੂੰ ਡਿੱਗਣ ਤੋਂ ਬਚਾਉਣ ਲਈ ਮਈ-ਜੂਨ ਵਿੱਚ ਲਾਈਨਾਂ ਦੇ
ਨਾਲ ਨਾਲ ਮਿੱਟੀ ਚੜ੍ਹਾਈ ਜਾਵੇ ਅਤੇ ਅਗਸਤ-ਸਤੰਬਰ ਦੇ ਮਹੀਨੇ ਇਸ ਦੀ ਬੰਨ੍ਹਾਈ ਕੀਤੀ
ਜਾਵੇ। ਉਨ੍ਹਾਂ ਨੇ ਕਿਹਾ ਕਿ ਰੋਗੀ ਫ਼ਸਲ ਦਾ ਮੂਢਾ ਨਾ ਰੱਖਿਆ ਜਾਵੇ। ਜਿਸ ਫ਼ਸਲ ਦਾ
ਮੂਢਾ ਰੱਖਣਾ ਹੋਵੇ ਉਸਦੀ ਕਟਾਈ ਜਨਵਰੀ ਦੇ ਅਖੀਰ ਤੋਂ ਪਹਿਲਾਂ ਨਾ ਕੀਤੀ ਜਾਵੇ। ਚੰਗਾ
ਮੂਢਾ ਲੈਣ ਲਈ ਕਟਾਈ ਜ਼ਮੀਨ ਦੇ ਨੇੜਿਓਂ ਕੀਤੀ ਜਾਵੇ। ਮੂਢੀ ਫ਼ਸਲ 'ਤੇ ਅਗੇਤੀ ਫੋਟ ਦੇ
ਗੜੂੰਏ ਅਤੇ ਕਾਲੇ ਖਟਮਲ ਦਾ ਹਮਲਾ ਵਧੇਰੇ ਹੁੰਦਾ ਹੈ, ਜਿਸ ਦੀ ਰੋਕਥਾਮ ਸਮੇਂ ਸਿਰ
ਕੀੜੇਮਾਰ ਦਵਾਈਆਂ ਦੀ ਕੀਤੀ ਸਿਫ਼ਾਰਿਸ਼ ਅਨੁਸਾਰ ਕੀਤੀ।
ਪ੍ਰੋਜੈਕਟ ਡਾਇਰੈਕਟਰ ਆਤਮਾ ਕਮਲਦੀਪ ਸੰਘਾ ਨੇ ਖੰਡ ਦੀ ਮਾਤਰਾ ਵਧਾਉਣ ਲਈ ਨੁਕਤੇ
ਸਾਂਝੇ ਕੀਤੇ ਅਤੇ ਕਿਹਾ ਕਿ ਇਕ ਹੀ ਕਿਸਮ ਸਾਰੇ ਰਕਬੇ ਵਿੱਚ ਨਾ ਬੀਜੀ ਜਾਵੇ। ਅਗੇਤੀਆਂ
ਅਤੇ ਦਰਮਿਆਨੀ-ਪਿਛੇਤੀਆਂ ਪੱਕਣ ਵਾਲੀਆਂ ਕਿਸਮਾਂ ਨੂੰ 3:2 ਅਨੁਪਾਤ ਵਿੱਚ ਬੀਜਣ ਦੀ
ਸਲਾਹ ਦਿੱਤੀ ਗਈ। ਡਾ. ਜਸਵਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫ਼ਸਰ ਨੇ ਗੰਨੇ ਦੀ ਫਸਲ
ਉਪਰ ਪੌਦ ਸੁਰੱਖਿਆ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਗੰਨੇ ਦੀ ਫਸਲ ਦੇ ਬੀਜਾਂ
ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਸੀ ਓ ਪੀ ਬੀ 93, ਸੀ ਓ ਪੀ ਬੀ 94, ਸੀ ਓ ਪੀ ਬੀ
91, ਸੀ ਓ 238 ਅਤੇ ਸੀ ਓ ਜੇ 88 ਕਿਸਮਾਂ, ਰੱਤਾ ਰੋਗ ਦੇ ਪ੍ਰਚਲਤ ਪ੍ਰਜਾਤੀਆਂ ਦਾ
ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ ਅਤੇ ਸੀ ਓ ਪੀ ਬੀ 96, ਸੀ ਓ ਪੀ ਬੀ 92, ਸੀ ਓ
118, ਸੀ ਓ ਜੇ 64 ਅਤੇ ਸੀ ਓ ਜੇ 88 ਦਾ ਗੁੜ ਉੱਤਮ ਕੁਆਲਿਟੀ ਦਾ ਬਣਦਾ ਹੈ।
ਡਾ. ਪਰਮਵੀਰ ਕੌਰ ਡੀ.ਪੀ.ਡੀ. ਆਤਮਾ ਨੇ ਗੰਨੇ ਦੀ ਫਸਲ ਵਿੱਚ ਸੰਤੁਲਿਤ ਖਾਦਾਂ ਦੀ
ਵਰਤੋਂ ਬਾਰੇ ਜਾਣਕਾਰੀ ਦਿੱਤੀ ਅਤੇ ਸਮੇਂ ਸਮੇਂ 'ਤੇ ਮਿੱਟੀ ਪਰਖ ਕਰਵਾਉਣ ਲਈ
ਪ੍ਰੇਰਿਆ। ਡਾ. ਨੀਨਾ ਕੰਵਰ ਡੀ.ਪੀ.ਡੀ ਆਤਮਾ ਨੇ ਗੰਨੇ ਦੀ ਸਫਲ ਕਾਸ਼ਤ ਲਈ ਨੁਕਤੇ
ਸਾਂਝੇ ਕੀਤੇ। ਇਸ ਮੌਕੇ ਵਿਭਾਗ ਵੱਲੋਂ ਦਲਜੀਤ ਸਿੰਘ (ਏ.ਈ.ਓ) ਸਰਬਜੀਤ ਸਿੰਘ
(ਏ.ਐਸ.ਆਈ), ਕੁਲਜਿੰਦਰ ਕੁਮਾਰ (ਏ.ਟੀ.ਐਮ), ਜਸਵਿੰਦਰ ਕੋਰ (ਏ.ਟੀ.ਐਮ), ਸ਼ਿੰਗਾਰਾ
ਰਾਮ (ਐਸ.ਐਲ.ਏ), ਰਾਮ ਲੁਭਾਇਆ (ਬੇਲਦਾਰ) ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।