ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਦੀ ਅਗਵਾਈ ਵਿਚ ਪੁਲਿਸ ਨੇ ਹੁਸ਼ਿਆਰਪੁਰ ਵਿਖੇ ਕੱਢਿਆ ਵਿਸ਼ਾਲ ਫਲੈਗ ਮਾਰਚ

ਹੁਸ਼ਿਆਰਪੁਰ, 19 ਮਾਰਚ : ਜ਼ਿਲ੍ਹੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਅਤੇ ਲੋਕਾਂ
ਵਿਚ ਵਿਸ਼ਵਾਸ ਬਰਕਰਾਰ ਰੱਖਣ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਐਸ.ਪੀ ਸਰਤਾਜ
ਸਿੰਘ ਚਾਹਲ ਦੀ ਅਗਵਾਈ ਵਿਚ ਪੁਲਿਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਅੱਜ ਹੁਸ਼ਿਆਰਪੁਰ
ਵਿਖੇ ਇਕ ਵਿਸ਼ਾਲ ਫਲੈਗ ਮਾਰਚ ਕੱਢਿਆ ਗਿਆ। ਸੈਸ਼ਨ ਚੌਕ ਤੋਂ ਸ਼ੁਰੂ ਹੋਇਆ ਇਹ ਫਲੈਗ
ਮਾਰਚ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਬੱਸ ਸਟੈਂਡ ਜਾ ਕੇ ਸਮਾਪਤ ਹੋਇਆ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ
ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ
ਵਚਨਬੱਧ ਹੈ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੂਰੀ ਤਰ੍ਹਾਂ ਅਮਨ- ਅਮਾਨ ਹੈ। ਉਨ੍ਹਾਂ
ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ
ਹੈ ਅਤੇ ਜਨ ਜੀਵਨ ਪਹਿਲਾਂ ਵਾਂਗ ਹੀ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ
ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬੀਤੇ ਦਿਨ ਤੋਂ ਹੀ ਪੂਰੀ ਚੌਕਸੀ ਰੱਖੀ ਜਾ
ਰਹੀ ਹੈ ਅਤੇ ਹਰੇਕ ਸਬ ਡਵੀਜ਼ਨ ਪੱਧਰ 'ਤੇ ਵੀ ਪ੍ਰਸ਼ਾਸਨ ਦੀ ਤਰਫੋਂ ਉਪ ਮੰਡਲ
ਮੈਜਿਸਟਰੇਟ ਅਤੇ ਪੁਲਿਸ ਦੀ ਤਰਫੋਂ ਐਸ.ਪੀ ਤੇ ਡੀ.ਐਸ.ਪੀ ਦੀ ਨਿਗਰਾਨੀ ਹੇਠ ਪੂਰੀ
ਮੁਸਤੈਦੀ ਵਰਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ
ਵੀ ਵਿਅਕਤੀ ਸੋਸ਼ਲ ਮੀਡੀਆ ਰਾਹੀਂ ਜਾਂ ਕਿਸੇ ਹੋਰ ਢੰਗ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ
ਵਿਚ ਰੁਕਾਵਟ ਪੈਦਾ ਕਰਨ ਲਈ ਗੁੰਮਰਾਹਕੁੰਨ ਪ੍ਰਚਾਰ ਕਰਦਾ ਹੈ ਤਾਂ ਅਜਿਹੀ ਕਿਸੇ ਵੀ
ਖਬਰ 'ਤੇ ਧਿਆਨ ਨਾ ਦਿੱਤਾ ਜਾਵੇ ਬਲਕਿ ਤੁਰੰਤ ਅਜਿਹਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਜਾਂ
ਪੁਲਿਸ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਖਿਲਾਫ਼
ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਇਸ ਮੌਕੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਜ਼ਿਲ੍ਹੇ ਵਿਚ ਅਮਨ ਤੇ ਕਾਨੂੰਨ
ਦੀ ਸਥਿਤੀ ਨੂੰ ਸੌ ਫੀਸਦੀ ਕਾਇਮ ਰੱਖਣ ਦੀ ਪ੍ਰਤੀਬੱਧਤਾ ਪ੍ਰਗਟਾਉਂਦੇ ਹੋਏ ਸ਼ਰਾਰਤੀ
ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਜ਼ਿਲ੍ਹਾ
ਹੁਸ਼ਿਆਰਪੁਰ ਵਿਖੇ ਅਮਨ ਤੇ ਕਾਨੂੰਨ ਦੀ ਸਥਿਤੀ ਵਿਚ ਵਿਗਾੜ ਪੈਦਾ ਕਰਨ ਲਈ ਕਿਸੇ ਵੀ
ਤਰ੍ਹਾਂ ਨਾਲ ਅਫਵਾਹ ਪੈਦਾ ਕਰਦਾ ਜਾਂ ਫੈਲਾਉਂਦਾ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਤੋਂ
ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ
ਵਿੱਚ ਅਰਧ ਸੈਨਿਕ ਬਲਾਂ ਦੀਆਂ ਦੋ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਜਿਹੜੀਆਂ ਕਿ
ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਪੁਲਿਸ ਦੀ ਸਹਾਇਤਾ ਕਰ ਰਹੀਆਂ ਹਨ। ਉਨ੍ਹਾਂ
ਕਿਹਾ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ 'ਤੇ ਇੰਟਰ ਸਟੇਟ ਅਤੇ ਇੰਟਰ ਡਿਸਟ੍ਰਿਕਟ
ਨਾਕੇ ਲਗਾਏ ਗਏ ਹਨ ਅਤੇ ਜ਼ਿਲ੍ਹੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਮੁਕੰਮਲ ਤੌਰ
'ਤੇ ਕਾਇਮ ਰੱਖਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਆਮ ਜਨਤਾ ਕਿਸੇ ਵੀ ਗੁੰਮਰਾਹਕੁੰਨ
ਜਾਣਕਾਰੀ 'ਤੇ ਬਿਲਕੁਲ ਵੀ ਵਿਸ਼ਵਾਸ ਨਾ ਕਰੇ ਅਤੇ ਅਫਵਾਹਾਂ ਤੋਂ ਜਿਥੇ ਖੁਦ ਬਚਿਆ ਜਾਵੇ
ਉਥੇ ਕਿਸੇ ਹੋਰ ਨੂੰ ਵੀ ਤੱਥਹੀਣ ਜਾਣਕਾਰੀ ਦੇਣ ਤੋਂ ਗੁਰੇਜ਼ ਕੀਤਾ ਜਾਵੇ। ਐਸ.ਐਸ.ਪੀ
ਨੇ ਕਿਹਾ ਕਿ ਜੇਕਰ ਕੋਈ ਵੀ ਅਜਿਹੀ ਕਾਰਵਾਈ ਕਰਕੇ ਜ਼ਿਲ੍ਹੇ ਦਾ ਮਾਹੌਲ ਵਿਗਾੜਨ ਦੀ
ਕੋਸ਼ਿਸ਼ ਕਰਦਾ ਪਾਇਆ ਗਿਆ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਾਰਿਆਂ ਨੂੰ
ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਅਜਿਹੀ ਕੋਈ ਵੀ ਅਜਿਹਾ ਮਸਲਾ ਨਹੀਂ ਹੈ
ਜਿਸ 'ਤੇ ਚਿੰਤਾ ਕੀਤੀ ਜਾਵੇ। ਉਨ੍ਹਾਂ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ
ਦੇਣ ਅਤੇ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਇਸ ਮੌਕੇ ਐਸ ਡੀ ਐਮ
ਪ੍ਰੀਤਇੰਦਰ ਸਿੰਘ ਬੈਂਸ, ਐਸ. ਪੀ ਹੈਡਕੁਆਟਰ ਮਨਜੀਤ ਕੌਰ ਅਤੇ ਪੁਲਿਸ ਦੇ ਹੋਰ ਉੱਚ
ਅਧਿਕਾਰੀ ਹਾਜ਼ਰ ਸਨ।