ਨਵਾਂਸ਼ਹਿਰ, 30 ਮਾਰਚ : ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਸ਼ਹੀਦ
ਭਗਤ ਸਿੰਘ ਨਗਰ ਜ਼ਿਲ੍ਹੇ ਦੀ ਹਦੂਦ ਅੰਦਰ ਰਬੀ ਖਰੀਦ ਸੀਜ਼ਨ 2022-24 ਦੀ ਪਹਿਲੀ ਅਪਰੈਲ
ਤੋਂ ਹੋ ਰਹੀ ਸ਼ੁਰੂਆਤ ਦੇ ਮੱਦੇਨਜ਼ਰ ਕੰਬਾਈਨਾਂ ਨਾਲ ਵਾਢੀ 'ਤੇ ਸ਼ਾਮ 7 ਵਜੇ ਤੋਂ ਸਵੇਰੇ
6 ਵਜੇ ਤੱਕ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਤਹਿਤ
ਪਾਬੰਦੀ ਲਗਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸੂਰਜ ਚ੍ਹੜਨ ਤੋਂ ਪਹਿਲਾਂ ਅਤੇ ਸੂਰਜ ਢਲਣ ਤੋਂ ਬਾਅਦ ਕੰਬਾਈਨ ਨਾਲ
ਅਣ-ਪੱਕੀ ਤੇ ਨਮੀ ਵਾਲੀ ਕਣਕ ਦੀ ਕਟਾਈ ਹੋਣ ਦੀ ਸੰਭਾਵਨਾ ਹੈ, ਜਿਸ ਨੂੰ ਕਿ ਮੰਡੀਆਂ
ਵਿੱਚ ਆਉਣ 'ਤੇ ਸਰਕਾਰ ਵੱਲੋਂ ਮਿੱਥੇ 12 ਫ਼ੀਸਦੀ ਨਮੀ ਦੇ ਮਿਆਰਾਂ ਮੁਤਾਬਕ ਨਾ ਹੋਣ
ਕਾਰਨ ਏਜੰਸੀਆਂ ਖਰੀਦਣ ਤੋਂ ਗੁਰੇਜ਼ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਣ-ਪੱਕੀ ਤੇ ਨਮੀ
ਵਾਲੀ ਕਣਕ ਦੀ ਉਕਤ ਸਮੇਂ ਵਿੱਚ ਕਟਾਈ ਹੋਣ ਕਾਰਨ ਗੁਣਵੱਤਾ 'ਤੇ ਵੀ ਮਾੜਾ ਅਸਰ ਪੈਂਦਾ
ਹੈ। ਇਸ ਲਈ ਜ਼ਿਲ੍ਹੇ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਕੰਬਾਈਨ ਨਾਲ ਕਣਕ ਦੀ
ਕਟਾਈ 'ਤੇ ਰੋਕ ਦੇ ਇਹ ਹੁਕਮ ਪਹਿਲੀ ਅਪਰੈਲ ਤੋਂ 31 ਮਈ 2023 ਤੱਕ ਲਾਗੂ ਰਹਿਣਗੇ।