ਔਰਤਾਂ ਦੀ ਸੁਵਿਧਾ ਲਈ ਸਿਵਲ ਹਸਪਤਾਲ ਦੇ ਬਾਹਰ ਪਿੰਕ ਪਖਾਨਾ ਸ਼ੁਰੂ

12 ਲੱਖ 74 ਹਜ਼ਾਰ ਰੁਪਏ ਦੀ ਲਾਗਤ ਨਾਲ ਬਣੇ ਪਿੰਕ ਪਖਾਨੇ 'ਚ ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨ, ਚੇਜਿੰਗ ਰੂਮ, ਫੀਡਿੰਗ ਰੂਮ ਦੀ ਵੀ ਹੋਵੇਗੀ ਸੁਵਿਧਾ
ਹੁਸ਼ਿਆਰਪੁਰ, 14 ਮਾਰਚ: ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਬਾਹਰ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਔਰਤਾਂ ਦੀ ਸੁਵਿਧਾ ਲਈ ਪਿੰਕ ਪਖਾਨਾ ਸ਼ੁਰੂ ਕੀਤਾ ਗਿਆ ਹੈ। ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਇਸ ਪਿੰਕ ਪਖਾਨੇ ਨੂੰ ਔਰਤਾਂ ਨੂੰ ਸਮਰਪਿਤ ਕਰਦੇ ਹੋਏ ਦੱਸਿਆ ਕਿ ਹਸਪਤਾਲ ਵਿਚ ਆਉਣ ਵਾਲੀਆਂ ਔਰਤਾਂ ਨੂੰ ਇਸ ਦਾ ਕਾਫ਼ੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਕਾਫ਼ੀ ਗਿਣਤੀ ਵਿਚ ਔਰਤਾਂ ਆਉਂਦੀਆਂ ਹਨ ਅਤੇ ਪਿੰਕ ਪਖਾਨਾ ਸਮੇਂ ਦੀ ਮੁੱਖ ਮੰਗ ਸੀ, ਜਿਸ ਨਾਲ ਸਾਰੀਆਂ ਔਰਤਾਂ ਨੂੰ ਨਾਗਰਿਕ ਸੁਵਿਧਾਵਾਂ ਮਿਲ ਸਕਣਗੀਆਂ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਦੱਸਿਆ ਕਿ 12 ਲੱਖ 74 ਹਜ਼ਾਰ ਰੁਪਏ ਦੀ ਲਾਗਤ ਨਾਲ ਔਰਤਾਂ ਲਈ ਜਿਥੇ ਪਿੰਕ ਪਖਾਨਾ ਬਣਾਇਆ ਗਿਆ ਹੈ, ਉਥੇ ਇਸ ਦੀ ਬੈਕਸਾਈਡ ਪੁਰਸ਼ਾਂ ਲਈ ਵੀ ਪਖਾਨੇ ਦਾ ਨਿਰਮਾਣ ਕਰਵਾਇਆ ਗਿਆ ਹੈ, ਜਿਸ ਦਾ ਲੋਕਾਂ ਨੂੰ ਕਾਫ਼ੀ ਲਾਭ ਪਹੁੰਚੇਗਾ। ਪਿੰਕ ਪਖਾਨੇ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਪਿੰਕ ਪਖਾਨੇ ਵਿਚ ਔਰਤਾਂ ਲਈ ਵਿਸ਼ੇਸ਼ ਸੈਨੇਟਰੀ ਨੈਪਕਿਨ ਮਸ਼ੀਨ ਲੱਗੀ ਹੈ, ਜਿਸ ਵਿਚ ਨੈਪਕਿਨ ਕੱਢਿਆ ਜਾ ਸਕੇਗਾ ਅਤੇ ਇਸਤੇਮਾਲ ਕੀਤੇ ਗਏ ਨੈਪਕਿਨ ਨੂੰ ਨਸ਼ਟ ਕਰਨ ਵਾਲੀ ਮਸ਼ੀਨ ਵਿਚ ਪਾ ਕੇ ਨਸ਼ਟ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਚੇਜਿੰਗ ਰੂਮ, ਫੀਡਿੰਗ ਰੂਮ ਦੀ ਵੀ ਸੁਵਿਧਾ ਪਿੰਕ ਪਖਾਨੇ ਵਿਚ ਉਪਲਬੱਧ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਕ ਪਖਾਨਾ ਖੁੱਲ੍ਹਣ ਨਾਲ ਭੀੜ-ਭਾੜ ਵਾਲੇ ਸਥਾਨ 'ਤੇ ਔਰਤਾਂ ਨੂੰ ਇਕ ਸੁਰੱਖਿਅਤ ਸਥਾਨ ਮਿਲ ਗਿਆ ਹੈ, ਜਿਥੇ ਹੁਣ ਔਰਤਾਂ ਬਿਨ੍ਹਾਂ ਸੰਕੋਚ ਦੇ ਇਸ ਦੀ ਵਰਤੋਂ ਕਰ ਸਕਣਗੀਆਂ। ਇਸ ਮੌਕੇ ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਬੀਰ ਸਿੰਘ, ਐਸ.ਐਮ.ਓ. ਡਾ. ਸਵਾਤੀ, ਐਕਸੀਅਨ ਕੁਲਦੀਪ ਸਿੰਘ, ਜੇ.ਈ ਪਵਨ ਭੱਟੀ ਤੋਂ ਇਲਾਵਾ ਹੋਰ  ਪਤਵੰਤੇ ਵੀ ਮੌਜੂਦ ਸਨ।