ਭਾਰਤੀ ਫੌਜ ਅਤੇ ਕੇਂਦਰੀ ਸੰਚਾਰ ਬਿਊਰੋ ( ਸੀਬੀਸੀ ) ਨੇ ਅਗਨੀਪਥ ਯੋਜਨਾ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ


ਤਲਵਾੜਾ (ਹੁਸ਼ਿਆਰਪੁਰ)  ਮਾਰਚ : ਕੇਂਦਰੀ ਸੰਚਾਰ ਬਿਊਰੋ (ਸੀ.ਬੀ.ਸੀ.), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਜ਼ੋਨਲ ਭਰਤੀ ਦਫ਼ਤਰ (ਜ਼ੋਨਲ ਆਰ.ਓ.), ਭਾਰਤੀ ਫੌਜ, ਜਲੰਧਰ ਵਲੋਂ ਅਗਨੀਪਥ ਯੋਜਨਾ ਬਾਰੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ  ਚਲਾਈ ਜਾ ਰਹੀ ਹੈ, ਜਿਸਦਾ ਮੰਤਵ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਦੀ ਫੌਜ ਦੇ ਤਿੰਨੋਂ ਵਿੰਗਾਂ ਵਿੱਚ ਅਗਨੀਵੀਰ ਦੇ ਨਾਲ-ਨਾਲ ਜੂਨੀਅਰ ਕਮਿਸ਼ਨਡ ਅਫਸਰਾਂ ਅਤੇ ਕਮਿਸ਼ਨਡ ਅਫਸਰਾਂ ਦੇ ਤੌਰ ਤੇ ਵੱਧ ਤੋਂ ਵੱਧ ਸ਼ਮੂਲੀਅਤ ਨੂੰ  ਯਕੀਨੀ ਬਣਾਉਣਾ ਹੈ। ਜਾਗਰੂਕਤਾ ਪ੍ਰੋਗਰਾਮ-ਕਮ-ਪ੍ਰਦਰਸ਼ਨੀ ਕੇਂਦਰੀ ਸੰਚਾਰ ਬਿਊਰੋ (ਸੀ.ਬੀ.ਸੀ.) ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਐਮ ਆਰ ਪੀ ਡੀ ਸਰਕਾਰੀ ਕਾਲਜ ਤਲਵਾੜਾ ਵਿੱਚ ਲਗਾਈ ਗਈ । ਇਸ ਮੌਕੇ ਕਰਨਲ ਜੈਵੀਰ ਸਿੰਘ ਡਾਇਰੈਕਟਰ ਰਿਕਰੂਟਮੈਂਟ ਜ਼ੋਨਲ ਆਰ.ਓ. ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਜਦ ਕਿ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਗੁਰਮੇਲ ਸਿੰਘ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਮੌਜੂਦਗੀ ਦਰਜ ਕਰਵਾਈ । ਕੇਂਦਰੀ ਸੰਚਾਰ ਬਿਊਰੋ (ਸੀ.ਬੀ.ਸੀ.) ਜਲੰਧਰ ਦੇ ਮੁਖੀ, ਫੀਲਡ ਪਬਲੀਸਿਟੀ ਅਫਸਰ ਰਾਜੇਸ਼ ਬਾਲੀ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ  ਹੋਇਆ ਹੈ ਜਦੋਂ ਜ਼ੋਨਲ ਆਰ.ਓ. ਨੇ ਪੰਜਾਬ ਵਿੱਚ ਜਾਗਰੂਕਤਾ ਮੁਹਿੰਮ ਲਈ ਉਨ੍ਹਾਂ ਦੇ ਦਫਤਰ ਸੀ.ਬੀ.ਸੀ ਨਾਲ ਤਾਲਮੇਲ ਕਾਇਮ ਕੀਤਾ ਹੈ। ਸਮਾਗਮ ਵਾਲੀ ਥਾਂ 'ਤੇ ਕਾਲਜ ਅਤੇ ਆਰਸੀਡੀ ਸਰਕਾਰੀ ਆਈ.ਟੀ.ਆਈ, ਤਲਵਾੜਾ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਰਨਲ ਜੈਵੀਰ ਸਿੰਘ ਨੇ ਉਨ੍ਹਾਂ ਨੂੰ ਅਗਨੀਵੀਰ ਵਜੋਂ ਫੌਜ ਵਿੱਚ ਭਰਤੀ ਹੋਣ ਲਈ ਲੋੜੀਂਦੇ ਮਾਪਦੰਡਾਂ ਅਤੇ ਦਸਤਾਵੇਜ਼ਾਂ ਬਾਰੇ ਜਾਣੂ ਕਰਵਾਇਆ। ਲੋੜੀਂਦੀ ਉਚਾਈ ਅਤੇ ਭਾਰ ਨੂੰ ਮਾਪਣ ਦਾ ਰਸਮੀ ਪ੍ਰਦਰਸ਼ਨ ਵੀ ਕਰਵਾਇਆ ਗਿਆ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਕਿਹਾ ਕਿ ਭਰਤੀ ਲਈ ਹਾਜ਼ਰ ਹੋਣ ਵਾਲੇ ਸਾਰੇ ਉਮੀਦਵਾਰਾਂ ਨੂੰ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਡਰੱਗ ਟੈਸਟ ਪਾਸ ਕਰਨਾ ਹੋਵੇਗਾ। ਸਰੀਰ 'ਤੇ ਟੈਟੂ ਦੀ ਬਿਲਕੁਲ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭਾਰਤੀ ਫੌਜ ਦੀ ਖੜਗ ਭੁਜਾ ਦੇ ਤੌਰ ਤੇ ਜਾਣਿਆ ਜਾਂਦਾ ਹੈ ਅਤੇ ਸੂਬੇ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਮਾਤਰ ਭੂਮੀ ਦੀ ਸੇਵਾ ਕਰਨ ਲਈ ਫੌਜ ਵਿੱਚ ਭਰਤੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਤਲਵਾੜਾ ਅਤੇ ਹੁਸ਼ਿਆਰਪੁਰ ਦੀ ਇਸ ਪੱਟੀ ਵਿੱਚ ਸੈਂਕੜੇ ਜਵਾਨ ਫੌਜ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ । ਉਨ੍ਹਾਂ ਨੌਜਵਾਨਾਂ ਨੂੰ ਅਗਨੀਵੀਰ ਅਤੇ ਫੌਜੀ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਗਨੀਵੀਰਾਂ ਲਈ ਆਨਲਾਈਨ ਸੰਯੁਕਤ ਦਾਖਲਾ ਟੈਸਟ (ਸੀਈਈ) ਦੀ ਆਖਰੀ ਮਿਤੀ 15 ਮਾਰਚ, 2023 ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ  ਕੋਮਲ ਮਿੱਤਲ ਦੀ ਪਹਿਲਕਦਮੀ 'ਤੇ ਜ਼ਿਲ੍ਹੇ ਦੇ ਲਗਭਗ ਸਾਰੇ ਆਈ.ਟੀ.ਆਈਜ਼, ਪੌਲੀਟੈਕਨਿਕਾਂ ਅਤੇ ਕਾਲਜਾਂ ਵਿੱਚ ਅਗਨੀਪਥ ਯੋਜਨਾ ਬਾਰੇ ਸਮੁੱਚੇ ਜਾਗਰੂਕਤਾ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ, ਜਿਸ ਨੂੰ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਗੁਰਮੇਲ ਸਿੰਘ ਨੇ ਅਮਲ ਵਿੱਚ ਲਿਆਂਦਾ। ਐਮ ਆਰ ਪੀ ਡੀ ਸਰਕਾਰੀ ਕਾਲਜ ਤਲਵਾੜਾ ਦੇ  ਪ੍ਰਿੰਸੀਪਲ ਗੁਰਮੀਤ ਸਿੰਘ ਨੇ ਕਾਲਜ ਦੇ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਸੈੱਲ ਤਹਿਤ ਅਗਨੀਪਥ ਯੋਜਨਾ ਜਾਗਰੂਕਤਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਕਾਲਜ ਸਾਰੇ ਇੱਛੁਕ ਕਾਲਜ ਵਿਦਿਆਰਥੀਆਂ ਨੂੰ ਫਾਰਮ ਭਰਨ ਦੀ ਮੁਫਤ ਸਹੂਲਤ ਪ੍ਰਦਾਨ ਕਰੇਗਾ ਤਾਂ ਜੋ ਉਹ ਇੰਟਰਨੈੱਟ ਕੈਫੇ 'ਤੇ ਨਿਰਭਰ ਨਾ ਰਹਿਣ। ਇਸ ਮੌਕੇ 'ਤੇ ਅਗਨੀਪਥ ' ਨੂੰ ਦਰਸਾਉਂਦੀ ਫੋਟੋ ਪ੍ਰਦਰਸ਼ਨੀ ਵੀ ਲਗਾਈ ਗਈ। ਵਿਦਿਆਰਥੀਆਂ ਨੇ ਇਸ ਵਿੱਚ ਬਹੁਤ ਦਿਲਚਸਪੀ ਦਰਸਾਈ ਅਤੇ ਉੱਥੇ ਦਿਖਾਈਆਂ ਗਈਆਂ ਤਸਵੀਰਾਂ 'ਤੇ ਦਿੱਤੇ ਬਾਰ ਕੋਰਡ (ਸਕੈਨਰਾਂ) ਰਾਹੀਂ ਵੈੱਬਸਾਈਟ ਜੁਆਇਨ ਇੰਡੀਅਨ ਆਰਮੀ ਡਾਟ ਐਨ ਆਈ ਸੀ ਡਾਟ ਇਨ (joinindianarmy.nic.in) ਨਾਲ ਜੁੜ ਗਏ । ਇਸ ਮੌਕੇ ਜ਼ੋਨਲ ਆਰ.ਓ. ਤੋਂ ਸੂਬੇਦਾਰ ਮੇਜਰ ਜਾਪਾਮਣੀ ਤੋਂ ਇਲਾਵਾ ਸਰਕਾਰੀ ਕਾਲਜ ਦੇ ਕਰੀਅਰ ਕਾਊਂਸਲਿੰਗ ਅਤੇ ਗਾਈਡੈਂਸ ਸੈੱਲ ਦੇ ਇੰਚਾਰਜ ਡਾ: ਮੋਨੀਸ਼ਾ ਸ਼ਰਮਾ, ਐਨ.ਸੀ.ਸੀ ਅਫ਼ਸਰ ਮੁਨੀਸ਼ ਕਸ਼ਯਪ, ਪਲੇਸਮੈਂਟ ਅਫ਼ਸਰ ਆਈ.ਟੀ.ਆਈ ਤਲਵਾੜਾ ਮਨੋਜ ਕੁਮਾਰ ਅਤੇ ਜ਼ਿਲ੍ਹਾ ਪਲੇਸਮੈਂਟ ਅਫ਼ਸਰ ਰਾਕੇਸ਼ ਡਡਵਾਲ ਵੀ ਮੌਜੂਦ ਸਨ।