ਜ਼ਿਲ੍ਹੇ ਵਿੱਚ ਵੋਟਰ ਕਾਰਡ ਨੂੰ ਆਧਾਰ ਨੰਬਰ ਨਾਲ ਲਿੰਕ ਕਰਨ ਲਈ 5 ਮਾਰਚ ਨੂੰ ਬੂਥ ਪੱਧਰ ’ਤੇ ਲਗਾਏ ਜਾਣਗੇ ਕੈਂਪ

ਨਵਾਂਸ਼ਹਿਰ, 3 ਮਾਰਚ : ਭਾਰਤ ਦੇ ਚੋਣ ਕਮਿਸ਼ਨ ਦੇ ਆਦੇਸ਼ਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ
ਮੌਜੂਦਾ ਵੋਟਰ ਸੂਚੀ ਵਿੱਚ ਦਰਜ ਵੋਟਰਾਂ ਦੇ ਵੇਰਵੇ ਨੂੰ ਆਧਾਰ ਨੰਬਰ ਨਾਲ ਜੋੜਨ ਵਾਸਤੇ
5 ਮਾਰਚ, 2023, ਦਿਨ ਐਤਵਾਰ ਨੂੰ ਬੂਥ ਪੱਧਰ 'ਤੇ ਕੈਂਪ ਲਗਾਏ ਜਾਣਗੇ ਤਾਂ ਜੋ ਜ਼ਿਲ੍ਹੇ
ਦੇ 100 ਫੀਸਦੀ ਵੋਟਰਾਂ ਦੇ ਵੋਟਰ ਸ਼ਨਾਖਤੀ ਕਾਰਡ ਨਾਲ ਆਧਾਰ ਲਿੰਕ ਕੀਤਾ ਜਾ ਸਕੇ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ
ਰੰਧਾਵਾ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵੋਟਰ ਸ਼ਨਾਖਤੀ ਕਾਰਡ ਨਾਲ ਆਧਾਰ
ਨੰਬਰ ਲਿੰਕ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹੇ ਦੇ ਬਹੁਤ ਸਾਰੇ ਵੋਟਰਾਂ ਦਾ
ਆਧਾਰ ਨੰਬਰ ਉਨ੍ਹਾਂ ਦੇ ਵੋਟਰ ਸ਼ਨਾਖਤੀ ਕਾਰਡ ਨਾਲ ਲਿੰਕ ਹੋ ਚੁੱਕਿਆ ਹੈ ਅਤੇ ਬਾਕੀ
ਰਹਿੰਦੇ ਵੋਟਰਾਂ ਦਾ ਆਧਾਰ ਲਿੰਕ ਕਰਨ ਅਤੇ ਇਸ ਮੁਹਿੰਮ ਨੂੰ 100 ਫ਼ੀਸਦੀ 'ਤੇ ਲਿਜਾਣ
ਲਈ ਇਹ ਕੈਂਪ ਲਗਾਏ ਜਾ ਰਹੇ ਹਨ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ 614 ਪੋਲਿੰਗ ਬੂਥਾਂ 'ਤੇ 5
ਮਾਰਚ ਨੂੰ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ
ਅਤੇ ਇਨ੍ਹਾਂ ਕੈਂਪਾਂ ਵਿੱਚ ਸਬੰਧਤ ਬੀ.ਐਲ.ਓ. ਪੋਲਿੰਗ ਬੂਥਾਂ 'ਤੇ ਬੈਠ ਕੇ ਫਾਰਮ ਨੰ:
6-ਬੀ ਵਿੱਚ ਆਧਾਰ ਦੇ ਵੇਰਵੇ ਇਕੱਤਰ ਕਰਨਗੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੋਟਰ
ਕੋਲ ਆਧਾਰ ਨੰਬਰ ਨਹੀਂ ਹੈ ਜਾਂ ਕੋਈ ਵੋਟਰ ਆਧਾਰ ਦੇਣ ਦੇ ਸਮਰੱਥ ਨਹੀਂ ਹੈ ਤਾਂ ਸਬੰਧਤ
ਵੋਟਰ ਫਾਰਮ ਨੰ: 6-ਬੀ ਵਿੱਚ ਦਰਜ 11 ਕਿਸਮ ਦੇ ਦਸਤਾਵੇਜਾਂ ਵਿੱਚੋਂ ਕਿਸੇ ਇੱਕ
ਦਸਤਾਵੇਜ ਦੀ ਕਾਪੀ ਆਪਣੇ ਬੀ.ਐਲ.ਓ. ਕੋਲ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ
ਵੋਟਰ ਵੈਬਸਾਇਟ ਐਨ.ਵੀ.ਐਸ.ਪੀ. 'ਤੇ ਆਨ ਲਾਇਨ ਵੀ ਆਪਣੇ ਆਧਾਰ ਨੰਬਰ ਵੋਟਰ ਸ਼ਨਾਖਤੀ
ਕਾਰਡ ਨਾਲ ਲਿੰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਵੋਟਰ ਹੈਲਪ ਲਾਇਨ ਐਪ ਜਾਂ ਵੋਟਰ
ਪੋਰਟਲ 'ਤੇ ਵੀ ਆਧਾਰ ਨੰਬਰ ਪ੍ਰਮਾਣਤ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟਰ ਵੱਲੋਂ ਆਧਾਰ ਨੰਬਰ ਦੇ ਦਿੱਤੇ ਜਾਣ
ਵਾਲੇ ਵੇਰਵੇ ਪੂਰਣ ਤੌਰ 'ਤੇ ਸੁਰੱਖਿਅਤ ਰੱਖੇ ਜਾਂਦੇ ਹਨ। ਉਨ੍ਹਾਂ ਜ਼ਿਲ੍ਹੇ ਦੇ
ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਵਿਸ਼ੇਸ਼ ਕੈਂਪ ਦੌਰਾਨ ਬੂਥ ਲੈਵਲ ਅਫਸਰਾਂ ਨੂੰ ਆਧਾਰ
ਕਾਰਡ ਦੇ ਵੇਰਵੇ ਮਤਦਾਤਾ ਸ਼ਨਾਖ਼ਤੀ ਕਾਰਡ ਨਾਲ ਲਿੰਕ ਕਰਵਾਉਣ ਵਿੱਚ ਵੱਧ ਤੋਂ ਵੱਧ
ਸਹਿਯੋਗ ਦਿੱਤਾ ਜਾਵੇ ਤਾਂ ਜੋ ਚੋਣ ਕਮਿਸ਼ਨ ਵੱਲੋਂ ਚਲਾਈ ਗਈ ਮੁਹਿੰਮ ਨੂੰ ਸਫਲਤਾ
ਪੂਰਵਕ ਨੇਪਰੇ ਚਾੜਿਆ ਜਾ ਸਕੇ।