ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਰਾਜ ਦੀਆਂ ਯੂਨੀਵਰਸਿਟੀਆਂ ਨੂੰ ਰੱਖਿਆ ਗਿਆ ਅਣਗੌਲਿਆ : ਪ੍ਰੋ. ਬਡੂੰਗਰ

ਪਟਿਆਲਾ, 11 ਮਾਰਚ :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਲਾਨੇ ਗਏ ਪਹਿਲੇ ਪਲੇਠਾ ਬੱਜਟ ਵਿੱਚ ਰਾਜ ਦੀਆਂ ਸਮੂਹ ਯੂਨੀਵਰਸਿਟੀਆਂ ਲਈ 990 ਕਰੋੜ ਰੁਪਿਆ ਰੱਖਿਆ ਗਿਆ ਹੈ ਜੋ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਲਈ ਨਾਕਾਫੀ ਹੈ।   ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਤੱਤਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਵਿਕਾਸ ਲਈ ਦਿਲ ਖੋਲ੍ਹ ਕੇ ਬਜਟ ਰੱਖਿਆ ਜਾਣਾ ਚਾਹੀਦਾ ਸੀ, ਕਿਉਂਕਿ ਪੰਜਾਬੀ ਯੂਨੀਵਰਸਿਟੀ ਹੀ ਹੈ ਜੋ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕਾਰਜਸ਼ੀਲ ਹੈ।ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਜੋਂ ਮੁਲਾਜ਼ਮ ਕੰਮ ਕਰ ਰਹੇ ਹਨ ਉਹਨਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀ ਹੈ ਕਈ-ਕਈ ਮਹੀਨੇ ਤੋਂ ਪੇਂਡਿੰਗ ਚੱਲ ਰਹੀਆਂ ਹਨ, ਜਿਸ ਕਾਰਨ ਮੁਲਾਜ਼ਮਾਂ ਨੂੰ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਉਨ੍ਹਾਂ ਕਿਹਾ ਕਿ ਤਨਖਾਹਾਂ ਨਾ ਮਿਲਣ ਦੇ ਬਾਵਜੂਦ ਵੀ ਮੁਲਾਜ਼ਮਾਂ ਵੱਲੋਂ ਆਪਣੀ ਡਿਊਟੀ ਤਨਦੇਹੀ ਨਾਲ ਕੀਤੀ ਜਾ ਰਹੀ ਹੈ, ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਵਡੇਰੇ ਹਿੱਤਾਂ ਦੇ ਨਾਲ ਨਾਲ ਪੰਜਾਬੀ ਯੂਨੀਵਰਸਿਟੀ ਦੇ ਵਿਕਾਸ ਨੂੰ ਲੈ ਕੇ ਬਜਟ ਰਾਖਵਾਂ ਰੱਖਿਆ ਜਾਣਾ ਚਾਹੀਦਾ ਸੀ ।ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਕੁੱਲ ਮਿਲਾ ਕੇ ਇਹ ਬਜਟ ਪੇਸ਼ ਕੀਤਾ ਗਿਆ ਹੈ ਇਸ ਨੂੰ ਵੀ ਕੇਵਲ ਮੁੰਗੇਰੀ ਲਾਲ ਦੇ ਸੁਪਨੇ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਪੰਜਾਬ ਸਰਕਾਰ ਕੋਲ ਖ਼ਜ਼ਾਨੇ ਵਿੱਚ ਤਾਂ ਕੋਈ ਪੈਸਾ ਨਹੀਂ ਹੈ ਫਿਰ ਇਹ ਬੱਸ ਲੋਕਾਂ ਨੂੰ ਕਿਵੇਂ ਕਿਸ ਤਰ੍ਹਾਂ ਲਾਹੇਵੰਦ ਸਿੱਧ ਹੋਵੇਗਾ।  ਉਨ੍ਹਾਂ ਕਿਹਾ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚੋਣ ਮਨੋਰਥ ਪੱਤਰ 'ਚ ਕੀਤੇ ਵਾਅਦੇ ਅਨੁਸਾਰ ਨਾ ਤਾਂ ਇਕ ਸਾਲ ਬੀਤ ਜਾਣ ਮਗਰੋਂ ਔਰਤਾਂ ਨੂੰ ਇਕ ਹਜ਼ਾਰ ਰੁਪਏ ਦਿੱਤੇ ਗਏ, ਨਾ ਕਿਸਾਨਾਂ ਲਈ ਕੋਈ ਵੱਡਾ ਐਲਾਨ ਕੀਤਾ ਗਿਆ, ਨਾ ਗ਼ਰੀਬ ਬੱਚੀਆਂ ਲਈ, ਨਾ ਬੁਢਾਪਾ ਪੈਨਸ਼ਨ ਨੂੰ ਲੈ ਕੇ, ਨਾ ਔਰਤਾਂ, ਨਾ ਮੁਲਾਜ਼ਮਾਂ ਲਈ ਕੁਝ ਦੇਖਣ ਨੂੰ ਮਿਲਿਆ | ਉਨ੍ਹਾਂ ਕਿਹਾ ਕਿ ਸਰਕਾਰ ਦਾ ਬਜਟ ਨੇ ਲੋਕਾਂ ਦੀਆਂ ਉਮੀਦਾਂ ਚਕਨਾਚੂਰ ਹੋਈਆਂ ਹਨ |