ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਗਰ ਨਿਗਮ ਦੇ ਪਟਿਆਲਾ ਦਿਹਾਤੀ ਹਲਕੇ ਦੀਆਂ ਵਾਰਡਾਂ 'ਚ ਵਿਕਾਸ ਕਾਰਜਾਂ ਦਾ ਜਾਇਜ਼ਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਲਕੇ ਦਾ ਚਹੁੰਤਰਫ਼ਾ ਵਿਕਾਸ ਤੇਜੀ
ਨਾਲ ਹੋ ਰਿਹਾ ਹੈ
ਪਟਿਆਲਾ, 1 ਦਸੰਬਰ:ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ
ਕਿਹਾ ਹੈ ਕਿ ਝਿੱਲ ਵਿਖੇ
ਬਣਾਇਆ ਗਿਆ ਆਮ ਆਦਮੀ ਕਲੀਨਿਕ ਇੱਕ ਮਾਡਲ ਆਮ ਆਦਮੀ ਕਲੀਨਿਕ ਬਣੇਗਾ ਤੇ ਇਸੇ ਤਰਜ 'ਤੇ ਬਾਕੀ
ਪੰਜਾਬ ਦੇ ਕਲੀਨਿਕ ਵਿਕਸਤ ਕੀਤੇ ਜਾਣਗੇ। ਉਹ ਅੱਜ ਇੱਥੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ
ਤੇ ਹੋਰ ਅਧਿਕਾਰੀਆਂ ਸਮੇਤ ਵਾਰਡਾਂ ਦੇ ਨੁਮਾਇੰਦਿਆਂ ਨਾਲ ਇੱਕ ਸਾਂਝੀ ਬੈਠਕ ਕਰਕੇ ਪਟਿਆਲਾ
ਦਿਹਾਤੀ ਹਲਕੇ ਦੀਆਂ ਵਾਰਡਾਂ ਵਿੱਚ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਹੇ ਸਨ। ਉਨ੍ਹਾਂ ਦੱਸਿਆ
ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਅਗਵਾਈ ਹੇਠ ਹਲਕੇ ਦਾ ਚਹੁੰਤਰਫਾ
ਵਿਕਾਸ ਤੇਜੀ ਨਾਲ ਕਰਵਾਇਆ ਜਾ ਰਿਹਾ ਹੈ।
ਡਾ. ਬਲਬੀਰ ਸਿੰਘ ਨੇ ਵਾਰਡ ਵਾਈਜ਼ ਪਿਛਲੀ ਮੀਟਿੰਗ ਦੌਰਾਨ ਵਾਰਡ ਦੇ ਨੁਮਾਇੰਦਿਆਂ ਵੱਲੋਂ
ਉਠਾਏ ਗਏ ਮਸਲਿਆਂ ਤੇ ਮੁਸ਼ਕਿਲਾਂ ਸਮੇਤ ਹੋਣ ਵਾਲੇ ਕੰਮਾਂ ਬਾਰੇ ਦਿੱਤੇ ਨਿਰਦੇਸ਼ਾਂ ਉਪਰ ਕੀਤੀ
ਗਈ ਕਾਰਵਾਈ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ
ਭੇਜੇ ਫੰਡਾਂ ਨਾਲ ਸ਼ਹਿਰ ਵਿੱਚ ਸਟਰੀਟ ਲਾਇਟਾਂ ਦਾ ਪੱਕਾ ਹੱਲ ਕੀਤਾ ਜਾ ਰਿਹਾ ਹੈ, ਸ਼ਹਿਰ
ਵਿੱਚ 40 ਹਾਈ ਮਾਸਟ ਲਾਈਟਾਂ ਲਾਈਆਂ ਗਈਆਂ ਹਨ ਤੇ 50 ਹੋਰ ਲੱਗ ਰਹੀਆ ਹਨ। ਜਦਕਿ ਵਾਰਡ ਵਾਈਜ
ਸੀਵਰੇਜ ਦੀ ਸਫਾਈ ਦਾ ਕੰਮ ਵੀ ਤੇਜੀ ਨਾਲ ਚੱਲ ਰਿਹਾ ਹੈ।
ਸਿਹਤ ਮੰਤਰੀ ਨੇ ਵਾਰਡਾਂ ਦੇ ਨੁਮਾਇੰਦਿਆਂ ਵੱਲੋਂ ਉਠਾਏ ਮੁੱਦਿਆਂ ਬਾਰੇ ਅਧਿਕਾਰੀਆਂ ਨੂੰ
ਹਦਾਇਤ ਕਰਦਿਆਂ ਦੱਸਿਆ ਕਿ ਲਾਰਸਨ ਐਂਡ ਟੂਬਰੋ ਵੱਲੋਂ ਸ਼ਹਿਰ ਵਿੱਚ ਨਹਿਰੀ ਪਾਣੀ ਪ੍ਰਾਜੈਕਟ
ਦੀਆਂ ਪਾਇਪਾਂ ਪਾਉਣ ਕਰਕੇ ਪੁੱਟੀਆਂ ਗਈਆਂ ਸੜਕਾਂ ਨੂੰ ਵੀ ਮੋਟਰੇਬਲ ਕਰਨ ਦੀਆਂ ਹਦਾਇਤਾਂ ਦੇ
ਦਿੱਤੀਆਂ ਗਈਆਂ ਹਨ। ਕਮਿਸ਼ਨਰ ਅਦਿੱਤਿਆ ਉਪਲ ਨੇ ਦੱਸਿਆ ਕਿ ਸੜਕਾਂ ਦੀ ਮੁਰੰਮਤ ਦਾ ਕੰਮ ਬਹੁਤ
ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਬਾ ਦੀਪ ਸਿੰਘ ਨਗਰ, ਜੁਝਾਰ ਨਗਰ ਤੇ
ਫੈਕਟਰੀਆ ਏਰੀਆ ਵਿਖੇ ਨਵੇਂ ਟਿਊਬਵੈਲ ਲਗਾਏ ਜਾਣਗੇ। ਅਨੰਦ ਨਗਰ ਬੀ ਦੇ ਸਰਕਾਰੀ ਐਲੀਮੈਂਟਰੀ
ਸਕੂਲ ਦੇ ਬੱਚਿਆਂ ਦੇ ਖੇਡਣ ਲਈ ਹੋਰ ਜਗ੍ਹਾ ਮੁਹਈਆ ਕਰਵਾਈ ਜਾਵੇਗੀ ਤੇ ਇੱਥੇ ਪਬਲਿਕ ਟੁਆਇਲਟ
ਬਣਵਾਇਆ ਜਾਵੇਗਾ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ
ਹੇਠ ਸੂਬਾ ਸਰਕਾਰ ਵੱਲੋਂਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ, ਇਸ ਲਈ ਕੰਮਾਂ ਵਿੱਚ ਜਾਣ
ਬੁੱਝਕੇ ਦੇਰੀ ਕਰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਵਾਰਾ ਪਸ਼ੂਆਂ ਤੇ ਗਲੀਆਂ 'ਚ
ਘੁੰਮਦੇ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਵੀ ਨਿਰਦੇਸ਼ ਦਿੱਤੇ।
ਇਕ ਮੌਕੇ ਐਡਵੋਕੇਟ ਰਾਹੁਲ ਸੈਣੀ, ਕਰਨਲ ਜੇ.ਵੀ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਜਗਦੀਪ
ਸਿੰਘ ਜੱਗਾ, ਪ੍ਰਦੀਪ ਜੋਸ਼ਨ, ਮੇਜਰ ਰਮਨ ਮਲਹੋਤਰਾ, ਜਸਬੀਰ ਸਿੰਘ ਗਾਂਧੀ, ਹਰੀ ਚੰਦ ਬਾਂਸਲ,
ਹਰਿੰਦਰ ਕੋਹਲੀ, ਦੇਵਿੰਦਰ ਕੌਰ, ਗੱਜਣ ਸਿੰਘ, ਅਮਰਜੀਤ ਭਾਟੀਆ, ਲਾਲ ਸਿੰਘ ਸਮੇਤ ਵਾਰਡਾਂ ਦੇ
ਹੋਰ ਨੁਮਾਇੰਦੇ ਅਤੇ ਨਗਰ ਨਿਗਮ ਦੇ ਅਧਿਕਾਰੀ ਸ਼ਾਮ ਲਾਲ, ਗੁਰਪ੍ਰੀਤ ਵਾਲੀਆ, ਦਲੀਪ ਕੁਮਾਰ
ਆਦਿ ਵੀ ਹਾਜ਼ਰ ਸਨ।