Fwd: ਪੀ ਐਸ ਪੀ ਸੀ ਐਲ ਨੇ ਵਾਢੀ ਦੇ ਸੀਜ਼ਨ ਦੌਰਾਨ ਕਣਕ ਦੀ ਫਸਲ ਦੀ ਸੁਰੱਖਿਆ ਲਈ ਕੰਟਰੋਲ ਰੂਮ ਕਰ ਰਿਹਾ ਦਿਨ ਰਾਤ ਕੰਮ;

ਪੀ ਐਸ ਪੀ ਸੀ ਐਲ  ਨੇ ਵਾਢੀ ਦੇ ਸੀਜ਼ਨ ਦੌਰਾਨ ਕਣਕ ਦੀ ਫਸਲ ਦੀ ਸੁਰੱਖਿਆ ਲਈ ਕੰਟਰੋਲ ਰੂਮ ਕਰ ਰਿਹਾ ਦਿਨ ਰਾਤ ਕੰਮ;

 ਸਰਗਰਮੀ ਨਾਲ ਹਾਲਾਤਾਂ ਤੇ ਲਗਾਤਾਰ ਨਿਗਰਾਨੀ ਰੱਖ ਰਹੇ ਹਨ ਉਪ ਮੁੱਖ ਇੰਜੀਨੀਅਰ ਪੱਧਰ ਦੇ ਅਫਸਰ;

ਹੁਣ ਤੱਕ ਢਿੱਲੀਆਂ ਤਾਰਾਂ/ਸਪਾਰਕਿੰਗ  ਨਾਲ ਸੰਬੰਧਤ 425 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ  ਕੀਤਾ;

ਪਟਿਆਲਾ, 12 ਅਪ੍ਰੈਲ: ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ, ਅਜਿਹੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਇੱਕ ਸਮਰਪਿਤ ਕੰਟਰੋਲ ਰੂਮ ਮਿਤੀ 26 ਮਾਰਚ 2024 ਤੋੰ ਸਥਾਪਤ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਹਿਮ ਕਦਮ ਚੁੱਕੇ ਹਨ। ਇਸ ਲੜੀ ਹੇਠ, ਖੇਤਾਂ ਦੇ ਉੱਪਰੋਂ ਲੰਘਦੀਆਂ ਢਿੱਲੀਆਂ ਤਾਰਾਂ ਜਾਂ ਸਪਾਰਕਿੰਗ ਦੀਆਂ ਘਟਨਾਵਾਂ ਸੰਬੰਧੀ  ਕਿਸੇ ਵੀ ਸ਼ਿਕਾਇਤ ਨੂੰ ਤੁਰੰਤ ਹੱਲ ਕਰਨ ਲਈ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ, ਜਿਸ ਦਾ ਉਦੇਸ਼ ਲਾਈਨਾਂ, ਜੀ.ਓ ਸਵਿੱਚਾਂ ਆਦਿ ਦੀ ਤੁਰੰਤ  ਮੁਰੰਮਤ ਕਰਕੇ ਅੱਗ ਦੇ ਸੰਭਾਵੀ ਕਾਰਨਾ ਨੂੰ ਰੋਕਣਾ ਹੈ।

ਪੀ ਐਸ ਪੀ ਸੀ ਐਲ ਦੇ ਇੱਕ ਬੁਲਾਰੇ ਨੇ ਖ਼ੁਲਾਸਾ ਕੀਤਾ ਕਿ ਕੰਟਰੋਲ ਰੂਮ ਵਿਖੇ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਉਪ ਮੁੱਖ ਇੰਜੀਨੀਅਰ ਪੱਧਰ ਦੇ ਅਧਿਕਾਰੀ ਦੁਆਰਾ ਸਰਗਰਮੀ ਨਾਲ ਨੇੜਿਓਂ ਨਿਗਰਾਨੀ ਕੀਤੀ ਜਾਂਦੀ ਹੈ, ਤਾਂ ਜੋ ਇਨ੍ਹਾਂ ਦਾ ਸਮੇਂ ਸਿਰ ਹੱਲ ਕੀਤਾ ਜਾ ਸਕੇ। ਕੰਟਰੋਲ ਰੂਮ 24 ਘੰਟੇ ਕੰਮ ਕਰ ਰਿਹਾ ਹੈ।

ਬੁਲਾਰੇ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੇ ਮਿਹਨਤੀ ਕਿਸਾਨਾਂ ਦੁਆਰਾ ਉਗਾਈਆਂ ਗਈਆਂ ਫਸਲਾਂ ਦੀ ਸੁਰੱਖਿਆ ਪੀ ਐਸ ਪੀ ਸੀ ਐਲ ਦੀ ਪ੍ਰਮੁੱਖ ਤਰਜੀਹ ਹੈ। ਹੁਣ ਤੱਕ ਢਿੱਲੀਆਂ ਤਾਰਾਂ/ਸਪਾਰਕਿੰਗ ਨਾਲ ਸਬੰਧਤ 425 ਤੋਂ ਵੱਧ ਪ੍ਰਾਪਤ  ਸ਼ਿਕਾਇਤਾਂ ਦਾ ਪਹਿਲਾਂ ਹੀ ਨਿਪਟਾਰਾ ਕੀਤਾ ਜਾ ਚੁੱਕਾ ਹੈ। ਖਾਸ ਤੌਰ ਤੇ 24 ਘੰਟਿਆਂ ਅੰਦਰ ਸ਼ਿਕਾਇਤਾਂ ਦੇ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ, ਤਾਂ ਜੋ ਅੱਗ ਲੱਗਣ ਦੀਆਂ ਦੁਰਘਟਨਾਵਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।

ਢਿੱਲੀਆਂ ਤਾਰਾਂ ਜਾਂ ਸਪਾਰਕਿੰਗ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨ ਵਾਲੇ ਕਿਸਾਨ ਇੰਨ੍ਹਾਂ ਟੈਲੀਫੋਨ  ਨੰਬਰਾਂ 9646106835, 9646106836, ਅਤੇ 1921 ਰਾਹੀਂ ਕੰਟਰੋਲ ਰੂਮ ਨਾਲ ਤੁਰੰਤ ਸੰਪਰਕ ਕਰਕੇ ਸਿਕਾਇਤ ਦਰਜ਼ ਕਰਵਾ ਸਕਦੇ ਹਨ। ਇਸ ਤੋਂ ਇਲਾਵਾ, ਕਿਸਾਨ ਢਿਲੀਆਂ ਅਤੇ ਨੰਗੀਆਂ ਤਾਰਾਂ ਦੀਆਂ ਫੋਟੋਆਂ, ਸਬੰਧਤ ਸਥਾਨਾਂ ਦੀਆਂ ਲੋਕੇਸ਼ਨਾਂ ਦੇ ਨਾਲ  9646106835,36 ਨੰਬਰ 'ਤੇ ਵਟਸਐਪ ਕਰ ਸਕਦੇ ਹਨ।

ਇਸ ਦੌਰਾਨ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਨਾਲ-ਨਾਲ ਪੀ ਐਸ ਪੀ ਸੀ ਐਲ ਨੇ ਕਿਸਾਨਾਂ ਨੂੰ ਸੁਝਾਅ ਜਾਰੀ ਕੀਤੇ ਹਨ ਅਤੇ ਉਨ੍ਹਾਂ ਨੂੰ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਟ ਕਾਰਨ ਹੋਣ ਵਾਲੀਆਂ ਸੰਭਾਵਿਤ ਅੱਗ ਦੀਆਂ ਘਟਨਾਵਾਂ ਤੋਂ ਆਪਣੀ ਕਣਕ ਦੀ ਫਸਲ ਨੂੰ ਸੁਰੱਖਿਅਤ ਰੱਖਣ ਲਈ ਸਾਵਧਾਨੀ ਦੇ ਉਪਾਅ ਕਰਨ ਦੀ ਅਪੀਲ ਕੀਤੀ ਹੈ ਅਤੇ ਜਾਗਰੂਕ ਕੀਤਾ ਗਿਆ ਹੈ ਕਿ ਕੱਟੀ ਹੋਈ ਕਣਕ ਬਿਜਲੀ ਦੀਆਂ ਤਾਰਾਂ ਦੇ ਹੇਠਾਂ ਜਾਂ ਟਰਾਂਸਫਾਰਮਰ ਅਤੇ ਜੀ.ਓ ਸਵਿੱਚ ਦੇ ਨਜ਼ਦੀਕ  ਨਾ ਰੱਖੀ ਜਾਵੇ। ਟਰਾਂਸਫਾਰਮਰ ਦੇ ਆਲੇ-ਦੁਆਲੇ ਦੀ ਇੱਕ ਮਰਲਾ ਕਣਕ ਪਹਿਲਾਂ  ਹੀ ਕੱਟ ਲਏ ਜਾਵੇ। ਖੇਤਾਂ ਵਿੱਚ ਲੱਗੇ ਟਰਾਂਸਫਾਰਮਰ ਦੇ ਆਲੇ-ਦੁਆਲੇ ਦੇ 10 ਮੀਟਰ ਦੇ ਘੇਰੇ ਨੂੰ ਗਿੱਲਾ ਰੱਖਿਆ ਜਾਵੇ, ਤਾਂ ਜੋ ਕੋਈ ਚੰਗਿਆੜੀ ਡਿੱਗਣ ਦੀ ਸਥਿਤੀ ਵਿੱਚ ਉਸ ਨਾਲ ਅੱਗ ਲੱਗਣ ਤੋਂ ਬਚਾਅ ਹੋ ਸਕੇ। ਕਣਕ ਦੇ ਨੇੜੇ ਬੀੜੀ/ਸਿਗਰੇਟ ਦੀ ਵਰਤੋਂ ਨਾ ਕੀਤੀ ਜਾਵੇ। ਬਾਂਸ ਜਾਂ ਸੋਟੀ ਨਾਲ ਬਿਜਲੀ ਦੀ ਲਾਈਨ ਨੂੰ ਨਾ  ਛੇੜਿਆ ਜਾਵੇ । ਕਿਸੇ ਅਣ-ਅਧਿਕਾਰਿਤ ਆਦਮੀ ਨੂੰ ਜੀ.ਓ ਸਵਿੱਚ ਨਾ ਕੱਟਣ ਦਿੱਤਾ ਜਾਵੇ। ਕੱਟੀ ਹੋਈ ਕਣਕ ਦੀ ਨਾੜ/ਰਹਿੰਦ ਖੂੰਦ ਨੂੰ ਅੱਗ ਨਾ ਲਾਈ ਜਾਵੇ। ਹਾਰਵੈਸਟਰ ਕੰਬਾਈਨ ਸਿਰਫ ਦਿਨ ਵੇਲੇ ਹੀ ਚਲਾਈ ਜਾਵੇ। ਹਾਰਵੈਸਟਰ ਕੰਬਾਈਨ ਦੇ ਪੁਰਜਿਆਂ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ ਤੇ ਧਿਆਨ ਰੱਖਿਆ ਜਾਵੇ। ਇਸ ਦੌਰਾਨ ਹਾਰਵੈਸਟਰ ਕੰਬਾਈਨ ਖੰਭਿਆਂ ,ਬਿਜਲੀ ਦੀਆਂ ਤਾਰਾਂ ਅਤੇ ਖਿੱਚਾਂ ਨਾਲ ਟਕਰਾਉਣੀ  ਨਹੀਂ ਚਾਹੀਦੀ। ਇਸੇ ਤਰ੍ਹਾਂ, ਕਣਕ ਨੂੰ ਅੱਗ ਤੋਂ ਬਚਾਉਣ ਲਈ ਸ਼ਰਾਰਤੀ ਅਨਸਰਾਂ ਤੇ ਵੀ ਨਿਗਰਾਨੀ ਰੱਖੀ ਜਾਵੇ।