ਨਵਾਂਸ਼ਹਿਰ, 25 ਅਪ੍ਰੈਲ :- ਡਾ. ਅਕਸਿਤਾ ਗੁਪਤਾ ਆਈ.ਏ.ਐਸ, ਉਪ ਮੰਡਲ ਮੈਜਿਸਟਰੇਟ, ਨਵਾਂਸ਼ਹਿਰ ਵਲੋਂ ਸਬ ਡਵੀਜ਼ਨ ਨਵਾਂਸ਼ਹਿਰ ਵਿੱਚ ਖੇਤੀਬਾੜੀ ਅਫਸਰਾਂ ਅਤੇ ਸਮੂਹ ਕਲੱਸਟਰ ਅਫਸਰਾਂ ਨਾਲ ਕਣਕ ਦੀ ਨਾੜ ਨੂੰ ਅੱਗ ਲਗਾਉਣ ਵਾਲੇ ਕੇਸਾਂ ਦਾ ਰੀਵਿਊ ਕੀਤਾ ਗਿਆ। ਉਨਾਂ ਵਲੋ ਦੱਸਿਆ ਗਿਆ ਕਿ ਕੁਝ ਕਿਸਾਨਾਂ ਵਲੋ ਕਣਕ ਦੀ ਨਾੜ ਦੀ ਸਾਂਭ-ਸੰਭਾਲ ਕਰਨ ਉਪਰੰਤ ਬਾਕੀ ਰਹਿੰਦੀ ਥੋੜੀ-ਬਹੁਤੀ ਰਹਿੰਦ-ਖੁਦ ਨੂੰ ਅੱਗ ਲਗਾ ਦਿੱਤੀ ਜਾਦੀ ਹੈ,ਜੋ ਕਿ ਠੀਕ ਨਹੀਂ ਹੈ। ਉਨਾਂ ਵਲੋ ਸਮੂਹ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਕਣਕ ਦੀ ਨਾੜ ਦੀ ਰਹਿੰਦ-ਖੁਦ ਨੂੰ ਅੱਗ ਲਗਾਉਣ ਤੋ ਗੁਰੇਜ਼ ਕਰਨ। ਇਸ ਤੋਂ ਇਲਾਵਾ ਸਮੂਹ ਅਧਿਕਾਰੀ ਸਹਿਬਾਨਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਚਲ ਰਹੇ ਵੱਟਸਐਪ ਗਰੁੱਪਾਂ ਤੇ ਵੱਧ ਤੋਂ ਵੱਧ ਸ਼ੇਅਰ ਕਰਨ। ਜੇਕਰ ਫਿਰ ਵੀ ਕੋਈ ਕਿਸਾਨ ਅਜਿਹਾ ਕਰਦਾ ਹੈ ਤਾਂ ਉਸ ਦੀ ਖਿਲਾਫ ਸਰਕਾਰ/ਅਦਾਲਤਾਂ ਦੇ ਹੁਕਮਾਂ ਅਨੁਸਾਰ ਕਾਰਵਾਈ ਕਰਨ ਤੋਂ ਇਲਾਵਾ ਉਹਨਾਂ ਵਲੋਂ ਲਈਆਂ ਗਈਆਂ ਸਰਕਾਰੀ ਸਹੂਲਤਾਂ ਜਿਵੇਂ ਕਿ ਸਬਸਿਡੀ, ਅਸਲਾ ਲਾਇਸੰਸ ਅਤੇ ਹੋਰ ਵੱਖ ਵੱਖ ਤਰ੍ਹਾਂ ਦੀਆਂ ਸਹੂਲਤਾਂ ਨੂੰ ਬੰਦ ਕਰਨ ਲਈ ਸਬੰਧਤ ਉਚ ਅਧਿਕਾਰੀਆਂ ਨੂੰ ਲਿਖ ਦਿੱਤਾ ਜਾਵੇਗਾ।